'ਸਵਾ ਲਾਖ ਸੇ ਏਕ ਲੜਾ ਤਬੈ ਗੋਬਿੰਦ ਸਿੰਘ ਨਾਮ ਕਹਾਊਂ' ਵਾਕ ਨੂੰ ਸੱਚ ਕਰ ਦਿਖਾਇਆ ਪੰਜਾਬੀ ਫਿਲਮ 'ਯੋਧਾ' ਨੇ। ਮੁੱਛਾਂ ਨੂੰ ਤਾਅ ਦਿੰਦੇ ਅਤੇ ਬੁਲਟ 'ਤੇ ਸਵਾਰ ਹੋ ਕੇ ਜਦ ਕੁਲਜਿੰਦਰ ਸਿੱਧੂ ਦੀ ਫਿਲਮ 'ਚ ਐਂਟਰੀ ਹੋਈ ਤਾਂ ਯੋਧਾ-ਯੋਧਾ ਦੀਆਂ ਆਵਾਜ਼ਾਂ ਨਾਲ ਪੂਰਾ ਹਾਲ ਗੂੰਜ ਗਿਆ। ਕਹਿੰਦੇ ਨੇ ਕਿ ਸੱਚ ਸਿਰ ਚੜ੍ਹ ਬੋਲਦੈ, ਕੁਝ ਇਹੋ ਜਿਹੀ ਕਹਾਣੀ ਇਸ ਫਿਲਮ ਦੀ ਵੀ ਹੈ। ਗੀਤਕਾਰ ਅਤੇ ਲੇਖਕ ਅਮਰਦੀਪ ਗਿੱਲ ਦੀ ਕਲਮ ਦੀ ਉਪਜ ਅਤੇ ਬੈਨੀਪਾਲ ਦੇ ਡਾਇਰੈਕਸ਼ਨ 'ਚ ਕੁਲਜਿੰਦਰ ਸਿੱਧੂ ਨੇ ਆਪਣੇ ਡੌਲਿਆਂ ਦੀ ਤਾਕਤ ਨਾਲ ਫਿਲਮ 'ਚ ਪੂਰਾ ਜੋਸ਼ ਭਰ ਦਿੱਤਾ। ਸਾਧਾਰਨ ਸਰੀਰ ਨੂੰ ਫੌਲਾਦ ਬਣਾਉਣ ਲਈ ਕੁਲਜਿੰਦਰ ਦੀ ਮਿਹਨਤ ਸਾਫ ਇਸ ਫਿਲਮ 'ਚ ਜ਼ਾਲਮਾਂ ਦੇ ਛੱਕੇ ਛੁਡਾਉਂਦੀ ਨਜ਼ਰ ਆਉਂਦੀ ਹੈ। ਫਿਲਮ ਦੀ ਕਹਾਣੀ ਫਲੈਸ਼ ਬੈਕ 'ਚੋਂ ਲੰਘਦੀ ਹੋਈ ਰਣਜੋਧ (ਕੁਲਜਿੰਦਰ ਸਿੱਧੂ) ਅਤੇ ਉਸ ਦੀ ਫਿਲਮ 'ਚ ਬਣੀ ਘਰਵਾਲੀ ਉਨਤੀ 'ਤੇ ਹੋਏ ਤਸ਼ੱਦਦ ਨੂੰ ਬਿਆਨ ਕਰਦੀ ਹੈ। ਨਾਲ ਦੀ ਨਾਲ ਸਿਆਸਤ ਦਾ ਕਾਲਾ ਸੱਚ ਵੀ ਫਿਲਮ ਰਾਹੀਂ ਜਗ ਜ਼ਾਹਿਰ ਹੋਇਆ ਹੈ। ਰਿਸ਼ਵਤਖੋਰੀ, ਨਸ਼ਾਖੋਰੀ ਤੇ ਨਾਇਨਸਾਫੀ ਵਰਗੀਆਂ ਲਾਹਨਤਾਂ 'ਤੇ ਨਕੇਲ ਕੱਸਣ ਲਈ 'ਯੋਧਾ' ਦਾ ਜਨਮ ਹੁੰਦਾ ਹੈ। ਪੰਜਾਬੀ ਦੀ ਇਹ ਪਹਿਲੀ ਫਿਲਮ ਹੈ, ਜਿਸ 'ਚ ਦਸਤਾਰਧਾਰੀ ਅਤੇ ਦਾੜ੍ਹੀ ਰੱਖੀ ਸਰਦਾਰ ਆਪਣੇ ਡੌਲਿਆਂ ਦੇ ਜ਼ੋਰ 'ਤੇ ਜ਼ੁਲਮ ਦਾ ਖਾਤਮਾ ਕਰਦਾ ਹੈ। ਫਿਲਮ ਦਾ ਹਰ ਕਿਰਦਾਰ ਆਪਣੇ ਆਪ 'ਚ ਪੂਰਨ ਹੈ। ਹੱਕ ਅਤੇ ਸੱਚ ਦੀ ਲੜਾਈ ਲੜਦਾ 'ਖੰਡੇ ਦੀ ਧਾਰ' 'ਚੋਂ ਨਿਕਲਿਆ 'ਯੋਧਾ' ਕਾਫੀ ਜੋਸ਼ ਭਰਦਾ ਹੈ।
ਦਲੇਰ ਮਹਿੰਦੀ ਦੀ ਆਵਾਜ਼ 'ਚ ਗਾਇਆ ਫਿਲਮ ਦਾ ਟਾਈਟਲ ਟ੍ਰੈਕ ਫਿਲਮ ਦੇ ਮਿਆਰ ਨੂੰ ਹੋਰ ਉਪਰ ਚੁੱਕਣ ਦਾ ਕੰਮ ਕਰਦਾ ਹੈ। ਰਾਹੁਲ ਦੇਵ ਦਾ ਗੁੰਡਾਰਾਜ ਅਤੇ ਬਦਮਾਸ਼ੀ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ। ਫਿਲਮ ਦੇ ਤਕਨੀਕੀ ਪੱਖ 'ਚ ਵੀ ਓਨੀ ਮਿਹਨਤ ਨਜ਼ਰ ਆਈ, ਜਿੰਨੀ ਕੁਲਜਿੰਦਰ ਸਿੱਧੂ ਨੇ ਆਪਣੇ ਸਰੀਰ ਬਣਾਉਣ ਵਿਚ ਲਗਾਈ। ਬਾਕੀ ਆਉਣ ਵਾਲੇ ਦਿਨਾਂ 'ਚ 'ਯੋਧਾ' ਅਸਲ 'ਯੋਧਾ' ਬਣਦਾ ਹੈ ਕਿ ਨਹੀਂ ਇਹ ਦਰਸ਼ਕਾਂ ਦੇ ਹੱਥ ਹੈ।
ਮੈਂ ਸਫਲਤਾ ਦੇ ਸਿਖਰ 'ਤੇ
NEXT STORY