ਵਾਰੰਗਲ— ਕੁੜੀਆਂ ਨੇ ਸਮੇਂ-ਸਮੇਂ 'ਤੇ ਸਾਬਤ ਕੀਤਾ ਹੈ ਕਿ ਉਹ ਪੁੱਤਰਾਂ ਨਾਲੋਂ ਘੱਟ ਨਹੀਂ ਹਨ। ਇਹ ਕਹਾਣੀ ਵੀ ਇਕ ਅਜਿਹਾ ਹੀ ਜੁਝਾਰੂ ਮਹਿਲਾ ਦੀ ਹੈ। 1970 ਵਿਚ ਵਾਰੰਗਲ ਵਿਚ ਪੈਦਾ ਹੋਈ ਜੋਤੀ ਦਾ ਜੀਵਨ ਭਿਆਨਕ ਗਰੀਬੀ ਤੋਂ ਲੰਘਿਆ। ਪੰਜ ਭੈਣਾਂ 'ਚੋਂ ਜੋਤੀ ਸਭ ਤੋਂ ਵੱਡੀ ਸੀ। ਜੋਤੀ ਨੂੰ ਉਸ ਦੇ ਮਾਤਾ-ਪਿਤਾ ਨੇ ਇਹ ਸੋਚ ਕੇ ਅਨਾਥ-ਆਸ਼ਰਮ ਭੇਜ ਦਿੱਤਾ ਕਿ ਖਾਣ ਵਾਲੇ ਮੂੰਹ ਤਾਂ ਘਟਣ। ਜੋਤੀ ਅਨਾਥ ਆਸ਼ਰਮ ਵਿਚ ਔਖੀ-ਸੌਖੀ ਆਪਣੇ ਦਿਨ ਕੱਟਦੀ ਰਹੀ। ਉੱਥੇ ਉਸ ਨੇ ਆਪਣੀ ਮਿਹਨਤ ਨਾਲ ਸੁਪਰੀਡੈਂਟ ਦਾ ਦਿਲ ਜਿੱਤ ਲਿਆ। ਸੁਪਰੀਡੈਂਟ ਨੇ ਉਸ ਤੋਂ ਖੁਸ਼ ਹੋ ਕੇ ਉਸ ਨੂੰ ਆਪਣੇ ਘਰ ਸਫਾਈ ਦਾ ਕੰਮ ਕਰਨ ਲਈ ਰੱਖ ਲਿਆ। ਜੋਤੀ ਸੁਪਰੀਡੈਂਟ ਦੇ ਘਰ ਦਾ ਕੰਮ ਕਰਕੇ ਬਹੁਤ ਖੁਸ਼ ਹੁੰਦੀ ਸੀ। ਉਹ ਹਮੇਸ਼ਾ ਤੋਂ ਸੁਪਰੀਡੈਂਟ ਵਾਂਗ ਬਣਨਾ ਚਾਹੁੰਦੀ ਸੀ। ਇਸ ਦੌਰਾਨ ਜੋਤੀ ਨੇ ਸਰਕਾਰੀ ਸਕੂਲ ਤੋਂ 10ਵੀਂ ਪਾਸ ਕੀਤੀ ਅਤੇ ਟਾਈਪਰਾਈਟਿੰਗ ਸਿੱਖੀ। 10ਵੀਂ ਪਾਸ ਕਰਕੇ ਉਸ ਨੇ ਛੋਟੀ-ਮੋਟੀ ਨੌਕਰੀ ਕੀਤੀ ਅਤੇ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਵਾਪਸ ਚਲੀ ਗਈ।
ਉੱਥੇ ਜੋਤੀ ਦੇ ਪਰਿਵਾਰ ਨੇ ਜ਼ਬਰਦਸਤੀ ਉਸ ਵਿਆਹ ਇਕ ਰਿਸ਼ਤੇਦਾਰ ਨਾਲ ਕਰ ਦਿੱਤਾ। ਇਸ ਵਿਆਹ ਤੋਂ ਉਸ ਦੇ ਦੋ ਬੱਚੀਆਂ ਹੋਈਆਂ ਪਰ ਉਸ ਦਾ ਜੀਵਨ ਸੰਵਰਨ ਦੀ ਥਾਂ 'ਤੇ ਹੋਰ ਵਿਗੜ ਗਿਆ। ਉਸ ਦਾ ਪਤੀ ਬੇਰੋਜ਼ਗਾਰ ਸੀ। ਆਪਣੀਆਂ ਬੱਚੀਆਂ ਨੂੰ ਪਾਲਣ ਲਈ ਜੋਤੀ ਨੇ ਖੇਤੀ ਮਜ਼ਦੂਰ ਦੇ ਤੌਰ 'ਤੇ ਕੰਮ ਕੀਤਾ। ਉਸ ਨੂੰ ਪੰਜ ਰੁਪਏ ਦਿਹਾੜੀ ਮਿਲਦੀ ਸੀ। ਇਸ ਦੇ ਨਾਲ ਉਹ ਘਰ ਵਿਚ ਇਕ ਰੁਪਏ ਪ੍ਰਤੀ ਪੇਟੀਕੋਟ ਦਾ ਸਿਲਾਈ ਦਾ ਕੰਮ ਵੀ ਕਰਦੀ। ਇੰਨੀਆਂ ਮੁਸੀਬਤਾਂ ਦੇ ਬਾਵਜੂਦ ਜੋਤੀ ਦੇ ਅੰਦਰ ਹੋਰ ਅੱਗੇ ਪੜ੍ਹਨ ਦੀ ਤਾਂਘ ਸੀ। ਉਸ ਨੇ ਨਾਈਟ ਸਕੂਲ ਵਿਚ ਦਾਖਲਾ ਲੈ ਲਿਆ। ਇਸ ਦੌਰਾਨ ਉਹ ਇਸੇ ਮਿਸ਼ਨ ਦਾ ਹਿੱਸਾ ਵੀ ਬਣ ਗਈ ਅਤੇ ਉੱਥੇ ਅਧਿਆਪਕ ਦੀ ਨੌਕਰੀ ਕਰਨ ਲੱਗੀ। ਇਸ ਨੌਕਰੀ ਤੋਂ ਉਸ ਨੂੰ 150 ਰੁਪਏ ਪ੍ਰਤੀ ਮਹੀਨਾ ਮਿਲਦੇ ਸਨ। ਇਸ ਦੇ ਨਾਲ ਹੀ ਉਸ ਨੇ ਅੰਬੇਡਕਰ ਓਪਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਤੇ ਫਿਰ ਬੀ. ਐੱਡ. ਵੀ ਕਰ ਲਈ। ਡਿਗਰੀ ਵਧਣ ਨਾਲ ਜੋਤੀ ਦੀ ਤਨਖਾਹ ਵੀ ਵੱਧ ਗਈ।
ਕਿਸਮਤ ਨੇ ਅਚਾਨਕ ਮੋੜ ਲਿਆ ਤੇ ਇਕ ਦਿਨ ਜੋਤੀ ਨੂੰ ਅਮਰੀਕਾ ਤੋਂ ਪਰਤਿਆ ਉਸ ਦਾ ਇਕ ਰਿਸ਼ਤੇਦਾਰ ਮਿਲਿਆ। ਜੋਤੀ ਦੇ ਮਨ ਵਿਚ ਵੀ ਅਮਰੀਕਾ ਜਾਣ ਦੀ ਆਸ ਜਗੀ ਤੇ ਉਸ ਨੇ ਪੈਸੇ ਜੋੜ ਕੇ ਵੀਜ਼ੇ ਲਈ ਅਪਲਾਈ ਕਰ ਦਿੱਤਾ। ਕਾਫੀ ਮੁਸ਼ਕਿਲਾਂ ਤੋਂ ਬਾਅਦ ਉਸ ਨੂੰ ਅਮਰੀਕਾ ਦਾ ਵਰਕਿੰਗ ਵੀਜ਼ਾ ਮਿਲ ਗਿਆ। ਅਮਰੀਕਾ ਪਹੁੰਚ ਕੇ ਵੀ ਉਸ ਦੀਆਂ ਮੁਸ਼ਕਿਲਾਂ ਘੱਟ ਨਹੀਂ ਸਨ। ਉੱਥੇ ਉਸ ਨੇ ਇਕ ਨਿਊ ਜਰਸੀ ਵਿਚ ਇਕ ਵੀਡੀਓ ਸ਼ਾਪ ਵਿਚ ਸੇਲਗਰਲ ਦੀ ਨੌਕਰੀ ਕੀਤੀ। ਇੱਥੇ ਜੋਤੀ ਦੇ ਜਜ਼ਬੇ ਨੂੰ ਦੇਖ ਕੇ ਇਕ ਭਾਰਤੀ ਵਿਅਕਤੀ ਨੇ ਉਸ ਨੂੰ ਆਪਣੀ ਕੰਪਨੀ ਵਿਚ ਨੌਕਰੀ ਦੇ ਦਿੱਤੀ। ਇਸ ਨੌਕਰੀ ਦੌਰਾਨ ਹੀ ਜੋਤੀ ਨੂੰ ਆਈ. ਸੀ. ਐੱਸ. ਏ. ਵਰਗੀ ਵੱਡੀ ਕੰਪਨੀ ਤੋਂ ਨੌਕਰੀ ਦਾ ਆਫਰ ਮਿਲਿਆ। ਜੋਤੀ ਨੇ ਤੁਰੰਤ ਇਹ ਆਫਰ ਸਵੀਕਾਰ ਕਰ ਲਿਆ ਪਰ ਵਰਕਿੰਗ ਵੀਜ਼ਾ ਨਾ ਹੋਣ ਕਾਰਨ ਜੋਤੀ ਦਾ ਉੱਥੇ ਕੰਮ ਕਰਨਾ ਮੁਸ਼ਕਿਲ ਹੋ ਗਿਆ। ਫਿਰ ਜੋਤੀ ਨੇ ਭਾਰਤ ਵਾਪਸ ਆ ਕੇ ਅਮਰੀਕਾ ਦਾ ਵਰਕਿੰਗ ਵੀਜ਼ਾ ਪ੍ਰਾਪਤ ਕੀਤਾ।
2001 ਵਿਚ ਵਰਕਿੰਗ ਵੀਜ਼ਾ ਲੈ ਕੇ ਅਮਰੀਕਾ ਗਈ ਜੋਤੀ ਨੇ ਆਪਣੇ ਬਚਤ ਦੇ 40000 ਡਾਲਰਾਂ ਨਾਲ ਫੋਨਿਕਸ ਵਿਚ ਇਕ ਕੰਸਲਟੈਂਸੀ ਫਰਮ ਖੋਲ੍ਹ ਲਈ। ਜੋਤੀ ਨੇ ਕੇ. ਈ. ਵਾਈ. ਸਾਫਟਵੇਅਰ ਸਾਲਿਊਸ਼ਨ ਨਾਮੀ ਸਾਫਟਵੇਅਰ ਕੰਪਨੀ ਵੀ ਸਥਾਪਤ ਕੀਤੀ। ਅੱਜ ਇਹ ਕੰਪਨੀ ਅਮਰੀਕਾ ਦੀਆਂ ਕਈ ਵੱਡੀਆਂ ਕੰਪਨੀਆਂ ਨੂੰ ਸਪੋਰਟ ਦੇ ਰਹੀ ਹੈ।
ਜੋਤੀ ਭਾਰਤ ਵਿਚ ਕਈ ਸਮਾਜਸੇਵੀ ਕੰਮ ਕਰਦੀ ਹੈ।
ਜਦੋਂ ਮੁਰਦਾ ਔਰਤ ਨੇ ਮੁਰਦਾਘਰ 'ਚ ਮੰਗੀ ਗਰਮਾ-ਗਰਮ ਚਾਹ!
NEXT STORY