ਰਾਂਚੀ- ਰੈਗੂਲਰ ਕਪਤਾਨ ਮਹਿੰਦਰ ਸਿੰਘ ਧੋਨੀ ਸ਼੍ਰੀਲੰਕਾ ਨਾਲ ਹੋਈ 5 ਮੈਚਾਂ ਦੀ ਲੜੀ 'ਚ ਨਹੀਂ ਖੇਡੇ ਪਰ ਕਾਰਜਵਾਹਕ ਕਪਤਾਨ ਵਿਰਾਟ ਕੋਹਲੀ ਨੇ ਇਕ ਵਾਰੀ ਵੀ ਭਾਰਤੀ ਪ੍ਰਸ਼ੰਸਕਾਂ ਨੂੰ ਧੋਨੀ ਦੀ ਘਾਟ ਰੜਕਣ ਨਹੀਂ ਦਿੱਤੀ। ਕੋਹਲੀ ਨੇ ਇਸ ਲੜੀ 'ਚ ਧੋਨੀ ਵਾਂਗ ਟੀਮ ਦਾ ਮੁਸ਼ਕਲ ਸਮੇਂ 'ਚ ਸਾਥ ਦਿੱਤਾ ਅਤੇ ਭਾਰਤੀ ਟੀਮ ਦੀ ਬੇੜੀ ਨੂੰ ਪਾਰ ਲਾਇਆ।
ਧੋਨੀ ਦੇ ਸ਼ਹਿਰ ਰਾਂਚੀ 'ਚ ਹੋਏ ਆਖ਼ਰੀ ਮੈਚ 'ਚ ਬੇਸ਼ੱਕ ਧੋਨੀ ਨਹੀਂ ਸੀ ਅਤੇ ਉੱਥੋਂ ਦੇ ਦਰਸ਼ਕਾਂ ਨੂੰ ਆਪਣੇ ਹੀਰੋ ਦੇ ਨਾ ਖੇਡਣ ਕਾਰਨ ਥੋੜ੍ਹੀ ਨਿਰਾਸ਼ਾ ਵੀ ਸੀ ਪਰ ਕੋਹਲੀ ਨੇ ਦਰਸ਼ਕਾਂ ਨੂੰ ਉਨ੍ਹਾਂ ਦੀ ਘਾਟ ਰੜਕਣ ਨਹੀਂ ਦਿੱਤੀ।
ਜੀ ਹਾਂ, ਕੋਹਲੀ ਨੇ ਧੋਨੀ ਦਾ ਮਨਪਸੰਦ 'ਹੈਲੀਕਾਪਟਰ ਸ਼ਾਟ' ਖੇਡ ਕੇ ਦਰਸ਼ਕਾਂ ਨੂੰ ਧੋਨੀ ਦੀ ਝਲਕ ਵਿਖਾ ਦਿੱਤੀ। ਕੋਹਲੀ ਨੇ ਬਾਅਦ 'ਚ ਨੋਨ-ਸਟ੍ਰਾਈਕਰ ਅਕਸ਼ਰ ਪਟੇਲ ਕੋਲ ਜਾ ਕੇ ਵੀ ਇਕ ਵਾਰ ਫਿਰ ਹੈਲੀਕਾਪਟਰ ਸ਼ਾਟ ਵਾਂਗ ਬੱਲਾ ਘੁੰਮਾਇਆ ਅਤੇ ਖੁਸ਼ ਨਜ਼ਰ ਆਇਆ।
ਦਰਅਸਲ ਭਾਰਤ ਨੂੰ ਜਿੱਤ ਲਈ 12 ਗੇਂਦਾਂ 'ਚ 13 ਦੌੜਾਂ ਦੀ ਲੋੜ ਸੀ। ਸਪਿਨਰ ਅਜੰਤਾ ਮੈਂਡਿਸ ਦੀ ਇਹ ਗੇਂਦ ਥੋੜ੍ਹੀ ਲੰਬੀ ਸੀ ਜਿਸ ਨੇ ਕੋਹਲੀ ਨੂੰ ਹੈਲੀਕਾਪਟਰ ਸ਼ਾਟ ਖੇਡਣ ਦਾ ਸਮਾਂ ਦੇ ਦਿੱਤਾ। ਭਾਵੇਂ ਹੀ ਇਹ ਸ਼ਾਟ ਪੂਰੀ ਤਰ੍ਹਾਂ ਨਾਲ ਧੋਨੀ ਦੇ ਸ਼ਾਟ ਵਰਗਾ ਨਹੀਂ ਸੀ ਪਰ ਨਤੀਜਾ ਛੱਕਾ ਹੀ ਸੀ।
ਮੈਚ ਤੋਂ ਬਾਅਦ 139 ਦੌੜਾਂ ਦੀ ਅਜੇਤੂ ਪਾਰੀ ਖੇਡਣ ਵਾਲੇ ਕੋਹਲੀ ਨੇ ਆਪਣੇ ਉਸ ਸ਼ਾਟ ਬਾਰੇ ਕਿਹਾ ਕਿ ਮੈਂ ਮੈਂਡਿਸ ਦੀ ਗੇਂਦ 'ਤੇ ਹੈਲੀਕਾਪਟਰ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ। ਸ਼ਾਟ ਚੰਗਾ ਲੱਗਾ। ਧੋਨੀ ਦੇ ਘਰੇਲੂ ਮੈਦਾਨ 'ਚ ਇਹ ਸ਼ਾਟ, ਸਾਡੇ ਲਈ ਇਹ ਪਰਫੈਕਟ ਫਿਨੀਸ਼ ਸੀ।
ਕੋਹਲੀ ਦੇ ਇਸ ਬਿਆਨ ਤੋਂ ਇਹ ਤਾਂ ਸਪੱਸ਼ਟ ਹੈ ਕਿ ਉਹ ਰਾਂਚੀ ਦੇ ਦਰਸ਼ਕਾਂ ਨੂੰ ਧੋਨੀ ਦੀ ਗੈਰ-ਮੌਜੂਦਗੀ ਦਾ ਅਹਿਸਾਸ ਨਹੀਂ ਦਿਵਾਉਣਾ ਚਾਹੁੰਦੇ ਸਨ।
ਵਿਰਾਟ ਸੁਪਰ ਹਿੱਟ, ਸ਼੍ਰੀਲੰਕਾ ਚਿੱਤ
NEXT STORY