ਰਾਂਚੀ - ਕਪਤਾਨ ਵਿਰਾਟ ਕੋਹਲੀ (139 ਅਜੇਤੂ) ਕਰੀਅਰ ਦੇ 21ਵੇਂ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਪੰਜਵੇਂ ਤੇ ਆਖਰੀ ਰੋਮਾਂਚਕ ਵਨ ਡੇ ਮੈਚ ਵਿਚ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾ ਕੇ ਲੜੀ 'ਚ 5-0 ਨਾਲ ਕਲੀਨ ਸਵੀਪ ਕਰ ਲਿਆ।
ਰਾਂਚੀ ਵਿਚ ਹੋਏ ਪੰਜਵੇਂ ਮੁਕਾਬਲੇ ਵਿਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਕਪਤਾਨ ਐਂਜੇਲੋ ਮੈਥਿਊਜ਼ (139 ਅਜੇਤੂ) ਦੀ ਬਿਹਤਰੀਨ ਪਾਰੀ ਦੀ ਬਦੌਲਤ ਨਿਰਧਾਰਿਤ 50 ਓਵਰਾਂ ਵਿਚ 8 ਵਿਕਟਾਂ 'ਤੇ 286 ਦੌੜਾਂ ਬਣਾਈਆਂ।
ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੇ ਉਤਾਰ-ਚੜ੍ਹਾਅ ਭਰੇ ਇਸ ਮੁਕਾਬਲੇ ਨੂੰ 8 ਗੇਂਦਾਂ ਬਾਕੀ ਰਹਿੰਦਿਆਂ 48.4 ਓਵਰਾਂ ਵਿਚ ਸੱਤ ਵਿਕਟਾਂ ਗੁਆ ਕੇ 288 ਦੌੜਾਂ ਬਣਾ ਕੇ ਜਿੱਤ ਲਿਆ। ਇਸ ਜਿੱਤ ਦਾ ਹੀਰੋ ਸ਼ਾਨਦਾਰ ਕਪਤਾਨ ਦੀ ਪਾਰੀ ਖੇਡਣ ਵਾਲਾ ਵਿਰਾਟ ਕੋਹਲੀ ਰਿਹਾ।
ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਤੇਜ਼ ਗੇਂਦਬਾਜ਼ ਐਂਜੇਲੋ ਮੈਥਿਊਜ਼ ਨੇ ਦੋਵੇਂ ਸਲਾਮੀ ਬੱਲੇਬਾਜ਼ਾਂ ਅਜਿੰਕਯ ਰਹਾਨੇ ਤੇ ਪਿਛਲੇ ਮੈਚ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਰੋਹਿਤ ਸ਼ਰਮਾ ਨੂੰ ਜਲਦੀ ਹੀ ਪੈਵੇਲੀਅਨ ਭੇਜ ਕੇ ਟੀਮ ਨੂੰ ਦਬਾਅ ਵਿਚ ਪਾ ਦਿੱਤਾ।
ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਅੰਬਾਤੀ ਰਾਇਡੂ (59) ਨਾਲ ਮਿਲ ਕੇ ਤੀਜੀ ਵਿਕਟ ਲਈ ਸ਼ਾਨਦਾਰ 136 ਦੌੜਾਂ ਜੋੜੀਆਂ। ਰਾਇਡੂ ਨੇ ਰਨ ਆਊਟ ਹੋਣ ਤੋਂ ਪਹਿਲਾਂ 59 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਬਾਅਦ ਜਿੱਤ ਵੱਲ ਵਧ ਰਹੀ ਭਾਰਤੀ ਟੀਮ ਨੂੰ ਸਪਿਨਰ ਅਜੰਤਾ ਮੇਂਡਿਸ ਨੇ ਬੈਕਫੁਟ 'ਤੇ ਲਿਆ ਦਿੱਤਾ ਤੇ 231 ਦੌੜਾਂ 'ਤੇ 7 ਵਿਕਟਾਂ ਗੁਆ ਕੇ ਮੈਚ ਭਾਰਤ ਦੇ ਹੱਥੋਂ ਨਿਕਲਦਾ ਨਜ਼ਰ ਆਉਣ ਲੱਗਾ ਪਰ ਵਿਰਾਟ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਭਾਰਤ ਨੂੰ ਜਿੱਤ ਦਿਵਾ ਕੇ ਹੀ ਦਮ ਲਿਆ। ਵਿਰਾਟ ਨੇ 126 ਗੇਂਦਾਂ ਵਿਚ 12 ਚੌਕੇ ਤੇ ਤਿੰਨ ਛੱਕੇ ਲਗਾਏ ਤੇ ਅਜੇਤੂ 139 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਵਿਰਾਟ ਦੇ ਨਾਲ ਅਕਸ਼ਰ ਪਟੇਲ 17 ਦੌੜਾਂ ਬਣਾ ਕੇ ਅਜੇਤੂ ਰਿਹਾ।
ਇਸ ਤੋਂ ਪਹਿਲਾਂ ਇਕ ਸਮੇਂ 'ਤੇ ਸ਼੍ਰੀਲੰਕਾ ਦੀਆਂ ਚਾਰ ਵਿਕਟਾਂ 18.3 ਓਵਰਾਂ ਵਿਚ 85 ਦੌੜਾਂ 'ਤੇ ਡਿੱਗ ਗਈਆਂ ਸਨ। ਇਸ ਤੋਂ ਬਾਅਦ ਕਪਤਾਨ ਐਂਜੇਲੋ ਮੈਥਿਊਜ਼ ਨੇ ਪਾਰੀ ਨੂੰ ਸੰਭਾਲਿਆ ਤੇ ਲੜੀ ਵਿਚ ਪਹਿਲੀ ਵਾਰ ਟੀਮ ਨੂੰ ਚੁਣੌਤੀਪੂਰਨ ਸਕੋਰ ਤਕ ਪਹੁੰਚਾਇਆ। ਉਸ ਨੇ 116 ਗੇਂਦਾਂ ਵਿਚ 6 ਚੌਕੇ ਤੇ 10 ਛੱਕਿਆਂ ਨਾਲ 139 ਦੌੜਾਂ ਬਣਾਈਆਂ। ਉਸ ਨੇ 84 ਦੌੜਾਂ ਸਿਰਫ ਚੌਕਿਆਂ-ਛੱਕਿਆਂ ਦੀ ਮਦਦ ਨਾਲ ਹੀ ਬਣਾਈਆਂ। ਲਾਹਿਰੂ ਥਿਰੀਮਾਨੇ ਨੇ ਉਸਦਾ ਬਾਖੂਬੀ ਸਾਥ ਦਿੰਦੇ ਹੋਏ 128 ਦੌੜਾਂ ਦੀ ਸਾਂਝੇਦਾਰੀ ਕੀਤੀ। ਥਿਰੀਮਾਨੇ ਨੇ 76 ਗੇਂਦਾਂ ਵਿਚ 52 ਦੌੜਾਂ ਬਣਾਈਆਂ।
ਇਸ ਮੈਚ ਵਿਚ ਬਿਹਤਰੀਨ ਪ੍ਰਦਰਸ਼ਨ ਲਈ ਸ਼੍ਰੀਲੰਕਾਈ ਕਪਤਾਨ ਐਂਜੇਲੋ ਮੈਥਿਊਜ਼ ਨੂੰ 'ਮੈਨ ਆਫ ਦਿ ਮੈਚ' ਤੇ 'ਆਲ ਰਾਊਂਡਰ ਆਫ ਦਿ ਮੈਚ' ਦਾ ਖਿਤਾਬ ਦਿੱਤਾ ਗਿਆ। ਉਥੇ ਹੀ ਸ਼੍ਰੀਲੰਕਾ ਦਾ 5-0 ਨਾਲ ਸਫਾਇਆ ਕਰਨ ਵਾਲੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ 'ਮੈਨ ਆਫ ਦਿ ਸੀਰੀਜ਼' ਚੁਣਿਆ ਗਿਆ।
ਭਾਰਤ ਨੇ ਨੰਬਰ ਵਨ ਦੀ ਸਥਿਤੀ ਕੀਤੀ ਮਜ਼ਬੂਤ
NEXT STORY