ਜੰਗਲ ਵਿਚ ਇਕ ਦਰੱਖਤ ਹੇਠਾਂ ਇਕ ਬਜ਼ੁਰਗ ਗੁਰੂ ਆਪਣੇ ਨੌਜਵਾਨ ਚੇਲੇ ਨਾਲ ਬੈਠੇ ਸਨ। ਚਾਰੇ ਪਾਸੇ ਘਾਹ ਦਾ ਮੈਦਾਨ ਸੀ। ਉਸ ਵਿਚ ਗੁਲਾਬ ਦੇ ਸੈਂਕੜੇ ਚਿੱਟੇ ਫੁੱਲ ਖਿੜੇ ਸਨ। ਨੌਜਵਾਨ ਕੁਆਰਾ ਸੀ ਅਤੇ ਅਕਸਰ ਗੁਰੂ ਕੋਲ ਸਤਿਸੰਗ ਲਈ ਆਉਂਦਾ ਰਹਿੰਦਾ ਸੀ। ਅਧਿਆਤਮ ਤੇ ਧਰਮ ਚਰਚਾ ਵਿਚਕਾਰ ਅਚਾਨਕ ਨੌਜਵਾਨ ਨੇ ਵਿਸ਼ਾ ਬਦਲ ਦਿੱਤਾ ਅਤੇ ਗੁਰੂ ਨੂੰ ਪੁੱਛਿਆ,''ਮਹਾਰਾਜ, ਮੇਰਾ ਅਧਿਐਨ ਪੂਰਾ ਹੋ ਚੁੱਕਾ ਹੈ। ਮੈਂ ਆਪਣੇ ਪਿਤਾ ਦਾ ਕਾਰੋਬਾਰ ਸੰਭਾਲ ਲਿਆ ਹੈ। ਇਨ੍ਹੀਂ ਦਿਨੀਂ ਮੇਰੇ ਵਿਆਹ ਦੀ ਗੱਲ ਵੀ ਚੱਲ ਰਹੀ ਹੈ ਪਰ ਕਈ ਕੁੜੀਆਂ ਦੇਖ ਕੇ ਵੀ ਮੈਂ ਆਪਣੇ ਲਈ ਯੋਗ ਜੀਵਨ ਸਾਥੀ ਨਹੀਂ ਲੱਭ ਸਕਿਆ। ਤੁਸੀਂ ਦੱਸੋ ਕਿ ਮੈਂ ਕੀ ਕਰਾਂ?'' ਗੁਰੂ ਜੀ ਬੋਲੇ,''ਬੇਟਾ, ਤੂੰ ਇਕ ਕੰਮ ਕਰ। ਮੈਦਾਨ ਵਿਚ ਆਖਰੀ ਕੋਨੇ ਤਕ ਇਕ ਚੱਕਰ ਲਗਾ। ਜਿਹੜਾ ਵੀ ਗੁਲਾਬ ਦਾ ਫੁੱਲ ਤੈਨੂੰ ਸਭ ਤੋਂ ਸੋਹਣਾ ਲੱਗੇ, ਉਹ ਮੇਰੇ ਲਈ ਤੋੜ ਕੇ ਲੈ ਆ। ਬਸ ਇਕ ਸ਼ਰਤ ਹੈ ਕਿ ਅੱਗੇ ਵਧਿਆ ਕਦਮ ਪਿੱਛੇ ਨਹੀਂ ਮੁੜਨਾ ਚਾਹੀਦਾ।'' ਨੌਜਵਾਨ ਗਿਆ ਅਤੇ ਥੋੜ੍ਹੀ ਦੇਰ ਬਾਅਦ ਖਾਲੀ ਹੱਥ ਮੁੜ ਆਇਆ। ਗੁਰੂ ਨੇ ਪੁੱਛਿਆ,''ਤੂੰ ਕੋਈ ਫੁੱਲ ਨਹੀਂ ਲਿਆਇਆ?'' ਚੇਲੇ ਨੇ ਜਵਾਬ ਦਿੱਤਾ,''ਗੁਰੂ ਜੀ, ਮੈਂ ਇਕ ਤੋਂ ਬਾਅਦ ਇਕ ਫੁੱਲ ਦੇਖਦਾ ਅੱਗੇ ਵਧਿਆ। ਜਦੋਂ ਕੋਈ ਸੋਹਣਾ ਫੁੱਲ ਦੇਖ ਕੇ ਉਸ ਨੂੰ ਤੋੜਨ ਲਈ ਝੁਕਦਾ ਤਾਂ ਮੇਰੇ ਮਨ ਵਿਚ ਖਿਆਲ ਆਉਂਦਾ ਕਿ ਹੋ ਸਕਦਾ ਹੈ ਕਿ ਅੱਗੇ ਇਸ ਨਾਲੋਂ ਵੀ ਸੋਹਣਾ ਫੁੱਲ ਹੋਵੇ। ਮੈਦਾਨ ਦੇ ਅਖੀਰ ਵਿਚ ਮੈਨੂੰ ਕੁਝ ਸੋਹਣੇ ਫੁੱਲ ਦਿਸੇ ਵੀ ਪਰ ਕੋਲ ਜਾ ਕੇ ਦੇਖਿਆ ਤਾਂ ਉਹ ਮੁਰਝਾਏ ਹੋਏ ਸਨ। ਉਨ੍ਹਾਂ ਨੂੰ ਲਿਆਉਣ ਨੂੰ ਮੇਰਾ ਦਿਲ ਨਾ ਕੀਤਾ। ਇਸ ਲਈ ਮੈਂ ਖਾਲੀ ਹੱਥ ਮੁੜ ਆਇਆ।'' ਗੁਰੂ ਜੀ ਨੇ ਕਿਹਾ,''ਬੇਟਾ, ਜ਼ਿੰਦਗੀ ਵੀ ਇਹੋ ਜਿਹੀ ਹੈ। ਜੇ ਸਭ ਤੋਂ ਯੋਗ ਲੱਭਣ ਵਿਚ ਲੱਗਾ ਰਹੇਂਗਾ ਤਾਂ ਅਖੀਰ ਵਿਚ ਤੇਰੇ ਹੱਥ ਮੁਰਝਾਏ ਫੁੱਲ ਹੀ ਆਉਣਗੇ।'' ਚੇਲਾ ਗੁਰੂ ਦਾ ਸੰਕੇਤ ਸਮਝ ਗਿਆ।
ਆਪਣੇ ਅਧਿਕਾਰਾਂ ਦੀ ਵਰਤੋਂ ਲੋਕਹਿੱਤ 'ਚ ਕਰੋ
NEXT STORY