ਜਲੰਧਰ— 'ਬਾਬਾ ਜੀ ਦੀ ਜੈ-ਜੈ ਕਾਰ'। ਜੀ ਹਾਂ, ਸ਼ਾਇਦ ਭਾਰਤ ਦਾ ਕੋਈ ਵੀ ਅਜਿਹਾ ਘਰ ਨਹੀਂ ਹੋਵੇਗਾ, ਜਿੱਥੇ ਕਿਸੇ ਨਾ ਕਿਸੇ ਬਾਬੇ ਦੀ ਜੈ-ਜੈ ਕਾਰ ਨਹੀਂ ਹੁੰਦੀ ਹੋਵੇਗੀ। ਇਨ੍ਹਾਂ 'ਚੋਂ ਕਈ ਬਾਬੇ ਲੋਕਾਂ ਦੀ ਕਮਾਈ ਨਾਲ ਮਹਿਲਾਂ ਵਰਗੇ ਆਸ਼ਰਮ ਉਸਾਰ ਲੈਂਦੇ ਹਨ। ਬਾਬਾ ਜੀ ਮਹਿਲ 'ਚ ਤੇ ਭਗਤ ਉੱਥੇ ਦਾ ਉੱਥੇ ਝੁੱਗੀ 'ਚ ਪਰ ਉਹ ਬਾਬਾ ਜੀ ਦੀ ਜੈ-ਜੈ ਕਾਰ ਕਰਨਾ ਨਹੀਂ ਭੁੱਲਦਾ। ਆਸਥਾ 'ਚ ਅੰਨ੍ਹਾ ਭਗਤ ਬਾਬਾ ਜੀ ਦੀ ਸੇਵਾ ਵਿਚ ਆਪਣੀਆਂ ਜਵਾਨ ਕੁੜੀਆਂ ਨੂੰ ਲਗਾ ਦਿੰਦਾ ਹੈ। ਕਈ ਤਾਂ ਚੜ੍ਹਾਵੇ 'ਚ ਹੀ ਆਪਣੀਆਂ ਕੁੜੀਆਂ ਚੜ੍ਹਾ ਦਿੰਦੇ ਹਨ। ਸ਼ਾਇਦ ਇਹ ਲੋਕ ਸੋਚਦੇ ਹਨ ਕਿ ਇਸ ਤਰ੍ਹਾਂ ਉਹ ਆਪਣੇ ਬੱਚਿਆਂ ਨੂੰ ਚੰਗੇ ਰਾਹ, ਮੁਕਤੀ ਦੇ ਰਾਹ ਤੋਰ ਰਹੇ ਹਨ। ਪਰ ਅੱਗੇ ਜਾ ਕੇ ਉਹੀ ਹੁੰਦਾ ਹੈ, ਜੋ ਕਦੇ ਰਾਹ ਜਾਂਦੀਆਂ ਕੁੜੀਆਂ ਨਾਲ ਹੁੰਦਾ ਤੇ ਜਾਂ ਕਦੇ ਕਿਸੇ ਘਰ ਦੀ ਚਾਰਦੀਵਾਰੀ 'ਚ। ਆਸ਼ਰਮਾਂ 'ਚ ਇੱਜ਼ਤਾਂ ਨਾਲ ਖਿਲਵਾੜ ਹੁੰਦੇ ਹਨ ਪਰ ਆਸਥਾ ਦਾ ਅੰਧਵਿਸ਼ਵਾਸ ਨਹੀਂ ਟੁੱਟਦਾ। ਜੇ ਭਰੋਸਾ ਨਹੀਂ ਤਾਂ ਜਾਣੋ ਇਨ੍ਹਾਂ ਬਾਬਿਆਂ ਬਾਰੇ ਜਿਨ੍ਹਾਂ ਨੇ ਕਦੇ ਚਮਤਕਾਰ ਕਰਕੇ ਲੋਕਾਂ ਦਾ ਮਨ ਮੋਹ ਲਿਆ ਤੇ ਕਦੇ ਬਲਾਤਕਾਰ ਭਗਤਾਂ ਦੀ ਆਬਰੂ ਲੁੱਟ ਲਈ—
1. ਬਰਵਾਲਾ ਦੇ ਬਾਬਾ ਰਾਮਪਾਲ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਮਰਥਕਾਂ ਨੂੰ ਢਾਲ ਬਣਾ ਕੇ ਆਸ਼ਰਮ ਤੋਂ ਸਮਾਂਤਰ ਸਰਕਾਰ ਚਲਾਉਣ ਦੀ ਕੋਸ਼ਿਸ਼ ਬਾਬਾ ਜੀ 'ਤੇ ਭਾਰੀ ਪੈ ਗਈ। ਉਸ ਦੇ ਖਿਲਾਫ ਦੇਸ਼ਧ੍ਰੋਹ ਦੇ ਸਮੇਤ 19 ਧਰਾਵਾਂ ਵਿਚ ਮਾਮਲਾ ਦਰਜ ਕੀਤਾ ਗਿਆ। ਕਾਨੂੰਨ ਤੋਂ ਬਚਣ ਲਈ ਉਸ ਨੇ ਆਸ਼ਰਮ ਵਿਚ ਆਪਣੇ ਸਮਰਥਕਾਂ ਨੂੰ ਬੰਦੀ ਬਣਾ ਕੇ ਰੱਖਿਆ। ਬੁੱਧਵਾਰ ਨੂੰ ਆਸ਼ਰਮ ਤੋਂ ਬਾਹਰ ਆਈ ਇਕ ਮਹਿਲਾ ਨੇ ਬਾਬਾ ਰਾਮਪਾਲ 'ਤੇ ਦੋਸ਼ ਲਗਾਇਆ ਕਿ ਉਸ ਨੇ ਉਸ ਨਾਲ ਬਲਾਤਕਾਰ ਕੀਤਾ। ਮਹਿਲਾ ਆਪਣੇ ਪਤੀ ਅਤੇ ਬੱਚਿਆਂ ਨਾਲ ਆਸ਼ਰਮ ਆਈ ਸੀ ਤੇ ਸੱਤ ਦਿਨਾਂ ਤੋਂ ਆਸ਼ਰਮ ਵਿਚ ਹੀ ਸੀ। ਪੰਜ ਦਿਨਾਂ ਤੋਂ ਉਸ ਨੂੰ ਉਸ ਦੇ ਪਤੀ ਤੋਂ ਵੱਖ ਰੱਖਿਆ ਜਾ ਰਿਹਾ ਸੀ ਅਤੇ ਉਸ ਨਾਲ ਬਲਾਤਕਾਰ ਕੀਤਾ ਗਿਆ।
2. 2013 ਵਿਚ ਆਸਾਰਾਮ 'ਤੇ ਵੀ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। 16 ਸਾਲਾ ਪੀੜਤ ਲੜਕੀ ਨੇ ਦੋਸ਼ ਲਗਾਇਆ ਸੀ ਕਿ ਆਸਾਰਾਮ ਨੇ ਭੂਤ ਝਾੜਨ ਦੇ ਬਹਾਨੇ ਆਪਣੇ ਜੋਧਪੁਰ ਆਸ਼ਰਮ ਵਿਚ ਉਸ ਨਾਲ ਬਲਾਤਕਾਰ ਕੀਤਾ। ਮਾਮਲਾ ਦਰਜ ਹੋਣ 'ਤੇ ਵੀ ਕਾਫੀ ਦਿਨਾਂ ਤੱਕ ਉਹ ਪੁਲਸ ਦੀ ਗ੍ਰਿ੍ਰਫਤ 'ਚੋਂ ਦੂਰ ਇੰਦੌਰ ਆਸ਼ਰਮ ਵਿਚ ਛਿਪਿਆ ਰਿਹਾ ਪਰ ਸਮਰਪਣ ਨਹੀਂ ਕੀਤਾ। ਆਸ਼ਰਮ ਦੇ ਬਾਹਰ ਉਸ ਦੇ ਸਮਰਥਕਾਂ ਅਤੇ ਪੁਲਸ ਕਰਮੀਆਂ ਵਿਚਕਾਰ ਝੜਪਾਂ ਵੀ ਹੋਈਆਂ। ਲੋਕਾਂ ਦੀਆਂ ਅੱਖਾਂ 'ਤੇ ਆਸਥਾ ਦੀ ਅਜਿਹੀ ਪੱਟੀ ਬੰਨ੍ਹੀ ਸੀ ਕਿ ਉਹ ਆਪਣੇ ਬਾਬੇ ਦੀ ਇਸ ਅਸਲੀਅਤ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਸਨ। ਅੰਤ ਉਹੀ ਹੁੰਦਾ ਹੈ ਜੋ ਉਸ ਲੜਕੀ ਨਾਲ ਹੋਇਆ ਪਰ ਜਦੋਂ ਤੱਕ ਅੱਗ ਆਪਣੇ ਘਰ ਨੂੰ ਨਹੀਂ ਲੱਗਦੀ ਲੋਕ ਖੜ੍ਹ ਕੇ ਹੱਥ ਸੇਕਣ ਦਾ ਕੰਮ ਹੀ ਕਰਦੇ ਹਨ।
ਖੈਰ ਆਸਾਰਾਮ ਨੂੰ ਸਤੰਬਰ, 2013 ਵਿਚ ਗ੍ਰਿਫਤਾਰ ਕਰ ਲਿਆ ਗਿਆ। ਉਸ ਨੇ ਖੁਦ 'ਤੇ ਲੱਗੇ ਦੋਸ਼ਾਂ ਨੂੰ ਸਾਜ਼ਿਸ਼ ਦੱਸਿਆ ਪਰ ਅਜੇ ਤੱਕ ਉਸ ਨੂੰ ਜ਼ਮਾਨਤ ਨਹੀਂ ਮਿਲੀ ਹੈ। ਸੁਪਰੀਮ ਕੋਰਟ ਵੀ ਉਸ ਦੀ ਜਮਾਨਤ ਪਟੀਸ਼ਨ ਰੱਦ ਕਰ ਚੁੱਕਾ ਹੈ।
3. ਕਰਨਾਟਕ ਦੇ ਸਵਾਮੀ ਨਿਤਿਆਨੰਦ ਖਿਲਾਫ ਵੀ ਯੌਨ ਸ਼ੋਸ਼ਣ ਦੇ ਦੋਸ਼ਾਂ ਦਾ ਮਾਮਲਾ ਚੱਲ ਰਿਹਾ ਹੈ। 2010 ਵਿਚ ਇਕ ਵੀਡੀਓ ਸਾਹਮਣੇ ਆਉਣ ਨਾਲ ਖਲਬਲੀ ਮਚ ਗਈ। ਵੀਡੀਓ ਇਕ ਸੈਕਸ ਟੇਪ ਸੀ, ਜਿਸ ਵਿਚ ਨਿਤਿਆਨੰਦ ਇਕ ਮਹਿਲਾ ਦੇ ਨਾਲ ਇਤਰਾਜ਼ਯੋਗ ਹਾਲਤ ਵਿਚ ਸੀ। ਵੀਡੀਓ ਦਾ ਪ੍ਰਸਾਰਣ ਇਕ ਟੀ. ਵੀ. ਚੈਨਲ 'ਤੇ ਵੀ ਕੀਤਾ ਗਿਆ ਸੀ ਤੇ ਚੈਨਲ ਨੇ ਦਾਅਵਾ ਕੀਤਾ ਸੀ ਕਿ ਵੀਡੀਓ ਵਿਚ ਦਿਖਾਈ ਦੇ ਰਹੀ ਮਹਿਲਾ ਤਮਿਲ ਅਭਿਨੇਤਰੀ ਸੀ। ਬਾਅਦ ਵਿਚ ਨਿਤਿਆਨੰਦ ਨੇ ਕਿਹਾ ਕਿ ਉਹ ਸਮਾਧੀ ਵਿਚ ਸਨ ਅਤੇ ਇਸ ਵੀਡੀਓ ਨਾਲ ਛੇੜਖਾਨ ਕਰਕੇ ਇਸ ਨੂੰ ਅਜਿਹਾ ਬਣਾਇਆ ਗਿਆ ਹੈ। ਪੁਲਸ ਨੇ ਉਸ ਦੇ ਖਿਲਾਫ ਬਲਾਤਕਾਰ ਦਾ ਮੁਕੱਦਮਾ ਦਰਜ ਕੀਤਾ। ਉਸ ਨੇ 21 ਅਪ੍ਰੈਲ, 2010 ਨੂੰ ਹਿਮਾਚਲ ਤੋਂ ਗ੍ਰਿਫਤਾਰ ਕਰ ਲਿਆ। ਫਿਲਹਾਲ ਨਿਤਿਆਨੰਦ ਜਮਾਨਤ 'ਤੇ ਬਾਹਰ ਹਨ।
ਇਨ੍ਹਾਂ ਮਾਮਲਿਆਂ ਨੂੰ ਦੇਖ ਕੇ ਤਾਂ ਇਹ ਹੀ ਲੱਗਦਾ ਹੈ ਕਿ ਚਾਹੇ ਇਹ ਬਾਬੇ ਚਮਤਕਾਰ ਕਰਨ ਜਾਂ ਬਲਾਤਕਾਰ ਪਰ ਲੋਕਾਂ ਦੀਆਂ ਅੱਖਾਂ ਉਹ ਹੀ ਦੇਖਦੀਆਂ ਹਨ, ਜੋ ਉਹ ਦੇਖਣਾ ਚਾਹੁੰਦੀਆਂ ਹਨ। ਇਕ ਬਾਬਾ ਮਿਟ ਜਾਂਦਾ ਹੈ ਤਾਂ ਦੂਜਾ ਖੜ੍ਹਾ ਹੋ ਜਾਂਦਾ ਹੈ ਤੇ ਸਦਾ ਗੂੰਜਦੀ ਰਹਿੰਦੀ ਹੈ 'ਬਾਬਾ ਜੀ ਦੀ ਜੈ-ਜੈ ਕਾਰ'।
ਪਾਕਿਸਤਾਨ ਦਾ ਦੌਰਾ ਕਰਣਗੇ ਰੂਸ ਦੇ ਵਿਦੇਸ਼ ਮੰਤਰੀ
NEXT STORY