ਪੰਜਾਬੀ ਯੂਨੀਵਰਸਿਟੀ ਵਿਦਿਆਰਥੀ ਕਾਂਡ ਦੀ ਜਾਂਚ ਡੀ. ਸੀ. ਤੇ ਐੱਸ. ਐੱਸ. ਪੀ. ਕਰਨਗੇ : ਬਾਦਲ
ਪਟਿਆਲਾ, (ਮਨਦੀਪ ਜੋਸਨ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਯੂਨੀਵਰਸਿਟੀ ਵਿਦਿਆਰਥੀ ਲਾਠੀਚਾਰਜ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰੁਣ ਰੂਜਮ ਅਤੇ ਐੱਸ. ਐੱਸ. ਪੀ. ਹਰਦਿਆਲ ਸਿੰਘ ਮਾਨ ਨੂੰ ਪੂਰੀ ਨਿਰਪਖਤਾ ਨਾਲ ਕਰਨ ਦੇ ਆਦੇਸ਼ ਦਿੱਤੇ ਹਨ। ਸ. ਬਾਦਲ ਅੱਜ ਇਥੇ ਪੰਜਾਬ ਕੈਬਨਿਟ ਦੇ ਸੀਨੀਅਰ ਵਜ਼ੀਰ ਸ. ਸੁਰਜੀਤ ਸਿੰਘ ਰੱਖੜਾ ਦੇ ਪਿਤਾ ਬਾਪੂ ਕਰਤਾਰ ਸਿੰਘ ਧਾਲੀਵਾਲ ਦੇ ਸ਼ਰਧਾਂਜਲੀ ਸਮਾਗਮ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।
ਮੁੱਖ ਮਤਰੀ ਸ. ਬਾਦਲ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਪਟਿਆਲਾ ਪੁਲਸ ਨੇ ਵਿਦਿਆਰਥੀਆਂ 'ਤੇ ਪਹਿਲਾਂ ਲਾਠੀਚਾਰਜ ਕੀਤਾ ਅਤੇ ਫਿਰ 200 ਦੇ ਕਰੀਬ ਵਿਦਿਆਰਥੀਆਂ 'ਤੇ ਕੇਸ ਵੀ ਦਰਜ ਕਰ ਦਿੱਤਾ ਪਰ ਲਾਠੀਚਾਰਜ ਕਰਨ ਵਾਲੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ 'ਤੇ ਕੋਈ ਕੇਸ ਨਹੀਂ ਕੀਤਾ ਤਾਂ ਬਾਦਲ ਬੋਲੇ ਕਿ ਨਿਰਪੱਖ ਜਾਂਚ ਵਿਚ ਜੇਕਰ ਪੁਲਸ ਕਰਮਚਾਰੀ ਜਾਂ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਵੀ ਕਾਰਵਾਈ ਹੋਵੇਗੀ। ਉਂਝ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਮਾਮਲੇ ਟੇਬਲ 'ਤੇ ਬੈਠ ਕੇ ਹੱਲ ਕਰਾਉਣੇ ਚਾਹੀਦੇ ਹਨ ਕਿਉਂਕਿ ਯੂਨੀਵਰਸਿਟੀ ਉਨ੍ਹਾਂ ਦਾ ਹੀ ਵਿਦਿਆ ਮੰਦਰ ਹੈ ਤੇ ਇਸ ਵਿਚ ਜੇਕਰ ਮਾਹੌਲ ਵਧੀਆ ਹੋਏਗਾ ਤਾਂ ਵਿਦਿਆਰਥੀ ਆਪਣੀ ਪੜ੍ਹਾਈ ਵਧੀਆ ਕਰ ਸਕਦੇ ਹਨ। ਬਾਦਲ ਨੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਲੰਬੇ ਸਮੇਂ ਤੋਂ ਯੂਨੀਵਰਸਿਟੀ ਨੂੰ ਸ਼ਾਂਤ ਬਣਾਈ ਰੱਖਣ ਦੀ ਸ਼ਲਾਘਾ ਵੀ ਕੀਤੀ।
ਮੁੱਖ ਮੰਤਰੀ ਸ. ਬਾਦਲ ਨੇ ਨਵਜੋਤ ਸਿੰਘ ਦੇ ਮਾਮਲੇ ਵਿਚ ਆਖਿਆ ਕਿ ਇਹ ਮਾਮਲਾ ਕੇਂਦਰ ਦੀ ਭਾਜਪਾ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਅਕਾਲੀ-ਭਾਜਪਾ ਸੰਬੰਧਾਂ ਵਿਚ ਕੋਈ ਖਟਾਸ ਨਹੀਂ ਹੈ ਪਰ ਨੇਤਾਵਾਂ ਨੂੰ ਸ਼ਾਂਤੀ ਤੋਂ ਕੰਮ ਲੈਣਾ ਚਾਹੀਦਾ ਹੈ। ਪੰਜਾਬ ਵਿਚ ਡੇਰੇਵਾਦ ਦੇ ਮੁੱਦੇ 'ਤੇ ਉਨ੍ਹਾਂ ਆਖਿਆ ਕਿ ਕਾਨੂੰਨ ਆਪਣੇ ਮੁਤਾਬਿਕ ਕੰਮ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦਾ ਮਾਹੌਲ ਇਸ ਸਮੇਂ ਪੂਰਾ ਸ਼ਾਂਤੀ ਪੂਰਵਕ ਹੈ ਤੇ ਸ਼ਾਂਤੀ ਪੂਰਵਕ ਹੀ ਰਹੇਗਾ। ਕੇਂਦਰ ਸਰਕਾਰ ਵਲੋਂ ਦੇਸ਼ ਦੇ 9 ਰਾਜਾਂ ਵਿਚ ਜੱਟ ਰਾਖਵਾਂਕਰਨ ਲਾਗੂ ਕਰਨ ਦੇ ਮੁੱਦੇ 'ਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਅੱਜ ਖਰਚੇ ਬਹੁਤ ਵਧ ਚੁੱਕੇ ਹਨ ਤੇ ਕਿਸਾਨਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੁੰਦੀ ਜਾ ਰਹੀ ਹੈ। ਇਸ ਲਈ ਕੇਂਦਰ ਸਰਕਾਰ ਇਸ ਬਾਰੇ ਸੋਚੇ ਕਿਉਂਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ।
ਜਦੋਂ ਬਾਦਲ ਨੂੰ ਇਹ ਸਵਾਲ ਕੀਤਾ ਕਿ ਤੁਸੀਂ ਹਮੇਸ਼ਾ ਹੀ ਖੇਤਰੀ ਪਾਰਟੀਆਂ ਦੀ ਹਮਾਇਤ ਕੀਤੀ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਖੇਤਰੀ ਪਾਰਟੀਆਂ ਨੂੰ ਖਤਮ ਕਰਨ 'ਤੇ ਲੱਗੇ ਹੋਏ ਹਨ ਤੇ ਆਰ. ਐੈੱਸ. ਐੱਸ. ਵਰਗੀਆਂ ਸੰਸਥਾਵਾਂ ਪਿੰਡਾਂ ਤੱਕ ਪਹੁੰਚ ਗਈਆਂ ਹਨ ਤੇ ਅਕਾਲੀ ਦਲ ਨੂੰ ਵੀ ਖਤਰਾ ਹੋਣ ਲੱਗ ਪਿਆ ਹੈ ਤਾਂ ਉਹ ਬੋਲੇ ਕਿ ਅਜਿਹਾ ਕੁਝ ਨਹੀਂ ਹੈ ਤੇ ਇਸ ਮਾਮਲੇ 'ਤੇ ਚੁੱਪੀ ਧਾਰ ਗਏ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਦਰਸ਼ਨ ਸਿੰਘ ਧਾਲੀਵਾਲ ਉੱਘੇ ਐੱਨ. ਆਰ. ਆਈ., ਸੀਨੀਅਰ ਅਕਾਲੀ ਨੇਤਾ ਸ. ਚਰਨਜੀਤ ਸਿੰਘ ਰੱਖੜਾ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਹਰਚਰਨ ਸਿੰਘ ਬੈਂਸ ਮੀਡੀਆ ਸਲਾਹਕਾਰ ਮੁੱਖ ਮੰਤਰੀ ਬਾਦਲ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਮੇਅਰ ਅਮਰਿੰਦਰ ਸਿੰਘ ਬਜਾਜ, ਤੇਜਿੰਦਰ ਪਾਲ ਸਿੰਘ ਸੰਧੂ ਸਾਬਕਾ ਚੇਅਰਮੈਨ ਅਤੇ ਹੋਰ ਵੀ ਨੇਤਾ ਹਾਜ਼ਰ ਸਨ।
ਹਿੱਸਿਆਂ ਦੀ ਸੈਟਲਮੈਂਟ ਹੋ ਜਾਣ ਮਗਰੋਂ ਅਕਾਲੀ-ਭਾਜਪਾਈ ਫਿਰ ਤੋਂ ਜੱਫੀਆਂ ਪਾ ਲੈਣਗੇ : ਬਾਜਵਾ
NEXT STORY