ਸ਼ਾਹਕੋਟ, (ਅਰੁਣ)-ਪੰਜਾਬ ਦੀ ਜਨਤਾ ਨਾਲ ਅਕਾਲੀਆਂ ਵਲੋਂ ਕੀਤੀ ਜਾ ਰਹੀ ਹਰੇਕ ਧੱਕੇਸ਼ਾਹੀ ਦਾ ਪੰਜਾਬ 'ਚ ਕਾਂਗਰਸ ਦੀ ਸਰਕਾਰ ਆਉਣ 'ਤੇ ਗਿਣ-ਗਿਣ ਕੇ ਹਿਸਾਬ ਲਿਆ ਜਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸ਼ਾਹਕੋਟ ਦੇ ਜੰਞਘਰ ਵਿਖੇ 'ਲੋਕ ਸੰਪਰਕ ਮੁਹਿੰਮ' ਤਹਿਤ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੰਨ੍ਹੇਵਾਹ ਲੋਕਾਂ ਨੂੰ ਲੁੱਟਣ 'ਤੇ ਲੱਗੀ ਹੋਈ ਪੰਜਾਬ ਸਰਕਾਰ ਦਾ ਹਾਲ ਵੀ ਔਰੰਗਜ਼ੇਬ ਅਤੇ ਗੱਦਾਫੀ ਵਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਇਕ ਵਾਰ ਸਾਡੀ ਵਾਰੀ ਆਉਣ ਦਿਓ, ਫਿਰ ਦੇਖਿਓ ਅਸੀਂ ਅਕਾਲੀਆਂ ਵਲੋਂ ਲੋਕਾਂ ਨੂੰ ਦਿੱਤੇ ਗਏ ਜ਼ਖ਼ਮਾਂ ਦਾ ਕਿੰਝ ਹਿਸਾਬ ਲੈਂਦੇ ਹਾਂ। ਉਨ੍ਹਾਂ ਕਿਹਾ ਕਿ ਬਦਲਾ ਲੈਣਾ ਕਾਂਗਰਸ ਪਾਰਟੀ ਦੀ ਨੀਤੀ ਨਹੀਂ ਪਰ ਕਾਂਗਰਸ ਪਾਰਟੀ ਆਜ਼ਾਦੀ ਦੀ ਲੜਾਈ 'ਚ ਕੁਰਬਾਨੀਆਂ ਦੇਣੀਆਂ ਜਾਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਾਦਲ ਪਿਓ-ਪੁੱਤਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰਨਾ ਸਮੇਂ ਦੀ ਲੋੜ ਹੈ। ਸ. ਬਾਜਵਾ ਨੇ ਕਿਹਾ ਕਿ ਸਿੱਧੂ ਪਰਿਵਾਰ ਨੇ ਪੰਜਾਬ ਸਰਕਾਰ 'ਤੇ 10 ਫੀਸਦੀ ਸੇਵਾ ਤੇ 90 ਫੀਸਦੀ ਮੇਵਾ ਕਮਾਉਣ ਵਰਗੇ ਜੋ ਗੰਭੀਰ ਦੋਸ਼ ਲਗਾਏ ਹਨ, ਤੋਂ ਸਪੱਸ਼ਟ ਹੈ ਕਿ ਉਕਤ ਸਰਕਾਰ ਭ੍ਰਿਸ਼ਟਾਚਾਰ ਦੇ ਸਭ ਹੱਦਾਂ-ਬੰਨੇ ਟੱਪ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਆਗੂਆਂ ਵਿਚ ਵਧ ਚੁੱਕੀ ਆਪਸੀ ਖਿੱਚੋਤਾਣ ਸੂਬੇ ਦੀ ਜਨਤਾ ਦੇ ਹਿੱਤਾਂ ਲਈ ਨਹੀਂ, ਬਲਕਿ ਆਪਣੀ ਹਿੱਸੇਦਾਰੀ ਕਾਰਨ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੀ ਜਨਤਾ ਕੋਲੋਂ ਲੁੱਟੇ ਹੋਏ ਮਾਲ ਵਿਚ ਅਕਾਲੀ ਦਲ 70 ਤੇ ਭਾਜਪਾ 30 ਫੀਸਦੀ ਹਿੱਸਾ ਲੈਂਦੀ ਸੀ ਪਰ ਕੇਂਦਰ ਵਿਚ ਸਰਕਾਰ ਬਣਨ ਤੋਂ ਬਾਅਦ ਭਾਜਪਾ ਨੇਤਾ 50 ਫੀਸਦੀ ਹਿੱਸੇ ਦੀ ਮੰਗ ਕਰ ਰਹੇ ਹਨ, ਜਿਸ ਦਿਨ ਇਨ੍ਹਾਂ ਵਿਚ ਹਿੱਸਿਆਂ ਦੀ ਸੈਟਲਮੈਂਟ ਹੋ ਜਾਵੇਗੀ, ਇਹ ਲੋਕ ਫਿਰ ਤੋਂ ਜੱਫੀਆਂ ਪਾ ਲੈਣਗੇ। ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਾਂਗਰਸ ਦੇ ਸਕੱਤਰ ਤੇ ਬੁਲਾਰੇ ਰਾਜਨਬੀਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ 'ਤੇ ਪੰਜਾਬ ਦੀ ਜਨਤਾ ਨੂੰ ਲੰਮੇ ਸਮੇਂ ਤੋਂ ਗੁਮਰਾਹ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਮਾਰਚ 2003 'ਚ ਵਾਜਪਾਈ ਸਰਕਾਰ ਸਮੇਂ ਸੁਖਬੀਰ ਸਿੰਘ ਬਾਦਲ ਦੇ ਉਦਯੋਗ ਮੰਤਰੀ ਹੁੰਦਿਆਂ ਕੇਂਦਰ ਸਰਕਾਰ ਨੇ ਕੁਝ ਸੂਬਾ ਸਰਕਾਰਾਂ ਨੂੰ ਵਿਸ਼ੇਸ਼ ਟੈਕਸ ਰਿਆਇਤਾਂ ਦਿੱਤੀਆਂ ਸਨ ਪਰ ਪੰਜਾਬ ਨੂੰ ਇਨ੍ਹਾਂ ਤੋਂ ਵਾਂਝਾ ਹੀ ਰੱਖਿਆ। ਉਨ੍ਹਾਂ ਸ਼ਾਹਕੋਟ ਦੇ ਮਾੜੇ ਹਾਲਾਤ ਲਈ ਸਿੱਧੇ ਤੌਰ 'ਤੇ ਹਲਕੇ ਦੇ ਅਕਾਲੀ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ 'ਰਾਜ ਨਹੀਂ ਸੇਵਾ' ਦਾ ਨਾਅਰਾ ਲਾਉਣ ਵਾਲੇ ਇਹ ਮੰਤਰੀ ਸ਼ਾਹਕੋਟ ਦਾ ਵਿਕਾਸ ਕਰਵਾਉਣਾ ਹੀ ਭੁੱਲ ਗਏ ਹਨ, ਜਿਸ ਕਾਰਨ ਪਿੰਡਾਂ ਨੂੰ ਜਾਂਦੀਆਂ ਲਿੰਕ ਤੇ ਹੋਰ ਸੜਕਾਂ ਅਤੇ ਸ਼ਹਿਰ ਦੇ ਵਾਰਡਾਂ ਦੀ ਹਾਲਤ ਮਾੜੀ ਹੈ। ਇਸ ਤੋਂ ਇਲਾਵਾ ਉਕਤ ਮੀਟਿੰਗ ਨੂੰ ਵਿਨੋਦ ਉੱਪਲ ਚੇਅਰਮੈਨ ਵਪਾਰ ਸੈੱਲ ਜ਼ਿਲਾ ਜਲੰਧਰ (ਦਿਹਾਤੀ), ਪੂਰਨ ਸਿੰਘ ਥਿੰਦ, ਦਲਜੀਤ ਸਿੰਘ ਰਾਏਪੁਰ ਗੱਟੀ (ਦੋਨੋਂ ਸਕੱਤਰ ਕਿਸਾਨ ਸੈੱਲ), ਹਰਦੇਵ ਸਿੰਘ ਪੀਟਾ ਬਲਾਕ ਪ੍ਰਧਾਨ ਸ਼ਾਹਕੋਟ, ਲਖਵਿੰਦਰ ਸਿੰਘ ਲੱਖਾ ਬਲਾਕ ਪ੍ਰਧਾਨ ਲੋਹੀਆਂ, ਤਜਿੰਦਰ ਸਿੰਘ ਲੰਬੜਦਾਰ, ਸੰਤਾ ਸਿੰਘ ਭੱਦਮਾਂ, ਮੇਜਰ ਸਿੰਘ ਖਾਲਸਾ ਬੱਲ, ਗੁਰਦੇਵ ਚੰਦ ਅਤੇ ਜਗੀਰ ਸਿੰਘ ਸਰਪੰਚ ਕਿੱਲੀ, ਬਲਕਾਰ ਸਿੰਘ ਖਾਲਸਾ, ਸੁਰਜੀਤ ਸਿੰਘ ਰਾਣਾ ਪਰਜੀਆਂ, ਅਮਨਦੀਪ ਸਾਬੀ, ਕਮਲ ਮਲਸੀਆਂ, ਤਰਲੋਕ ਸਿੰਘ ਰੂਪਰਾ, ਅਮਨ ਮਲਹੋਤਰਾ, ਸੁਭਾਸ਼ ਅਤੇ ਰਾਣਾ ਰੰਧਾਵਾ ਆਦਿ ਨੇ ਵੀ ਸੰਬੋਧਨ ਕੀਤਾ। ਸਮਾਗਮ ਦੇ ਅੰਤ 'ਚ ਪੂਰਨ ਸਿੰਘ ਥਿੰਦ ਸਕੱਤਰ ਕਿਸਾਨ ਸੈੱਲ ਕਾਂਗਰਸ ਵਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਸਿਰੀ ਸਾਹਿਬ ਅਤੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ।
ਭਾਜਪਾ ਵਲੋਂ ਬਾਦਲ ਤੇ ਸੁਖਬੀਰ ਦੀ ਫੋਟੋ ਦਰ-ਕਿਨਾਰ!
NEXT STORY