ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਮਖੌਟਾ ਉਤਾਰ ਕੇ ਕਿਸਾਨਾਂ ਲਈ ਮਗਰਮੱਛ ਦੇ ਅੱਥਰੂ ਵਹਾਉਣਾ ਛੱਡ ਦੇਣ ਲਈ ਕਿਹਾ ਹੈ। ਬਾਦਲ ਦੇ ਬਿਆਨ ਕਿ ਕੇਂਦਰ ਨੂੰ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਅਧਾਰ 'ਤੇ ਕਿਸਾਨਾਂ ਨੂੰ ਉਤਪਾਦਨ ਲਾਗਤ ਦਾ ਘੱਟੋ-ਘੱਟ 50 ਫੀਸਦੀ ਜਾਂ ਇਸ ਤੋਂ ਵੱਧ ਮੁਨਾਫਾ ਦੇਣ ਮੁਤਾਬਿਕ ਘੱਟੋ-ਘੱਟ ਸਮਰਥਨ ਤੈਅ ਕਰਨਾ ਚਾਹੀਦਾ ਹੈ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਬਾਜਵਾ ਨੇ ਕਿਹਾ ਕਿ ਬਾਦਲ ਯੂ.ਪੀ.ਏ ਸਰਕਾਰ ਦੌਰਾਨ ਇਸ ਰਿਪੋਰਟ ਨੂੰ ਸੌਂਪੇ ਜਾਣ ਤੋਂ ਬਾਅਦ ਤੋਂ ਇਹ ਗੱਲ ਕਹਿ ਰਹੇ ਸਨ ਅਤੇ ਉਨ੍ਹਾਂ ਨੇ ਐਨ.ਡੀ.ਏ ਸਰਕਾਰ ਦੌਰਾਨ ਇਹ ਰਿਪੋਰਟ ਅਮਲ 'ਚ ਲਿਆਉਣ ਦਾ ਸੁਪਨਾ ਵੇਖਿਆ ਸੀ। ਬਾਜਵਾ ਨੇ ਸਵਾਲ ਕੀਤਾ ਹੈ ਕਿ ਕੀ ਕਾਰਨ ਹੈ ਕਿ ਬਾਦਲ ਨੇ ਕੇਂਦਰ 'ਚ ਆਪਣੀ ਸਰਕਾਰ ਕੋਲ ਇਹ ਮੁੱਦਾ ਮਜ਼ਬੂਤੀ ਨਾਲ ਨਹੀਂ ਚੁੱਕਿਆ, ਜਿਸ 'ਚ ਉਨ੍ਹਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਹਨ।
ਉਨ੍ਹਾਂ ਨੇ ਕਿਹਾ ਕਿ ਕੇਂਦਰੀ ਕੈਬਿਨੇਟ 'ਚ ਹਰਸਿਮਰਤ ਬਾਦਲ ਨੂੰ ਸ਼ਾਮਲ ਕਰਨ ਨਾਲ ਬਾਦਲ ਪਰਿਵਾਰ ਦੇ ਹਿੱਤ ਤਾਂ ਪੂਰੇ ਹੋ ਗਏ ਪਰ ਲੋਕਾਂ ਦਾ ਹੱਥ ਹਾਲੇ ਵੀ ਖਾਲੀ ਹੈ ਤੇ ਸਰਕਾਰ ਬਦਲਣ ਦੇ ਬਾਵਜੂਦ ਸੂਬੇ ਨੂੰ ਕੁਝ ਨਾ ਮਿਲਿਆ। ਬਾਜਵਾ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਜੇ ਮੁੱਖ ਮੰਤਰੀ ਨੇ ਸੂਬੇ ਤੇ ਇਥੋਂ ਦੇ ਲੋਕਾਂ ਨਾਲ ਜੁੜੇ ਮੁੱਦਿਆਂ ਪ੍ਰਤੀ ਇੰਨੇ ਹੀ ਗੰਭੀਰ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਮੁੱਦਿਆਂ 'ਤੇ ਸਰਬ ਸੰਮਤੀ ਬਣਾਉਣ ਲਈ ਸਰਬ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ ਤੇ ਫਿਰ ਇਕ ਵਫਦ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਇਥੋਂ ਤੱਕ ਕਿਹਾ ਹੈ ਕਿ ਜੇ ਬਾਦਲ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੀ ਅਰਥ ਵਿਵਸਥਾ ਨਾਲ ਜੁੜੇ ਬਹੁਤ ਹੀ ਗੰਭੀਰ ਮੁੱਦਿਆਂ ਨੂੰ ਲੈ ਕੇ ਮੋਦੀ ਦੇ ਨਿਵਾਸ ਬਾਹਰ ਧਰਨੇ ਦੀ ਅਗਵਾਈ ਕਰਦੇ ਹਨ ਤਾਂ ਉਹ ਉਨ੍ਹਾਂ ਦਾ ਸਾਥ ਦੇਣਗੇ।
ਆਪਣੇ ਹੀ ਪ੍ਰੋਗਰਾਮ 'ਚ ਪੁਲਸ ਨੇ ਕੀਤੀ ਸ਼ਰਮਨਾਕ ਕਰਤੂਤ
NEXT STORY