ਜਲਾਲਾਬਾਦ(ਗੁਲਸ਼ਨ)-ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਦੂਰਸੰਚਾਰ ਕ੍ਰਾਂਤੀ ਦੇ ਖੇਤਰ 'ਚ ਮੋਬਾਈਲ ਸੇਵਾਵਾਂ ਨੇ ਦੁਨੀਆ ਨੂੰ ਹੋਰ ਛੋਟਾ ਕਰ ਦਿੱਤਾ ਹੈ ਅਤੇ ਜਿਸ ਵਿਦੇਸ਼ 'ਚੋਂ ਕਦੇ ਰਿਸ਼ਤੇਦਾਰਾਂ ਦੇ ਸੁਨੇਹੇ ਨੂੰ ਕਾਂ ਦੇ ਬਨੇਰੇ 'ਤੇ ਬੋਲਣ ਨਾਲ ਅੰਦਾਜ਼ਿਆਂ ਰਾਹੀਂ ਮਿਣਿਆ ਜਾਂਦਾ ਸੀ, ਉਹ ਸੁਨੇਹੇ ਹੁਣ ਆਧੁਨਿਕ ਮੋਬਾਈਲਾਂ 'ਤੇ ਚੱਲ ਰਹੇ ਵੱਖ-ਵੱਖ ਸੋਸ਼ਲ ਮੈਸਜ ਸਾਫਟਵੇਅਰਾਂ ਰਾਹੀ ਸੈਕਿੰਡਾਂ 'ਚ ਹਜ਼ਾਰਾਂ ਕਿਲੋਮੀਟਰ ਦੂਰ ਪਹੁੰਚ ਰਹੇ ਹਨ। ਦੁਨੀਆ ਛੋਟੀ ਹੋ ਗਈ ਜਾਪਦੀ ਹੈ। ਮੋਬਾਈਲ ਦਿਨੋ-ਦਿਨ ਨਵੀਆਂ ਕਾਢਾਂ ਨਾਲ ਹੋਰ ਆਧੁਨਿਕ ਹੋ ਰਿਹਾ ਹੈ ਅਤੇ ਲੋਕਾਂ ਨੂੰ ਸੌਖ ਹੋ ਰਹੀ ਹੈ ਪਰ ਮੋਬਾਈਲ ਦੇ ਕੁਝ ਸੋਸ਼ਲ ਮੈਸਜਾਂ ਲਈ ਵਰਤੇ ਜਾਂਦੇ ਸਾਫਟਵੇਅਰ ਆਉਣ ਵਾਲੀ ਪੀੜ੍ਹੀ ਲਈ ਇੰਨੇ ਘਾਤਕ ਸਿੱਧ ਹੋ ਰਹੇ ਹਨ ਕਿ ਇਸ ਦਾ ਸਹਿਜੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।
ਪੁਰਾਣੇ ਸੰਸਕਾਰਾਂ ਤੋਂ ਦੂਰ ਹੋਇਆ ਨੌਜਵਾਨ
ਮੋਬਾਈਲ ਨੇ ਅਜੋਕੇ ਨੌਜਵਾਨ ਨੂੰ ਪੁਰਾਣੇ ਸੰਸਕਾਰਾਂ ਅਤੇ ਰੀਤੀ-ਰਿਵਾਜਾਂ ਤੋਂ ਪਾਸੇ ਕਰ ਦਿੱਤਾ ਹੈ। ਹਾਲਾਤ ਇਹ ਹਨ ਕਿ ਅਜੋਕਾ ਨੌਜਵਾਨ ਇਕੱਲੇ 'ਚ ਬੈਠ ਕੇ ਮੋਬਾਈਲ ਦੀਆਂ ਸੋਸ਼ਲ ਸਾਈਟਾਂ 'ਤੇ ਜ਼ਿਆਦਾ ਸਮਾਂ ਲਾਉਂਦਾ ਹੈ ਜਦ ਕਿ ਆਪਣੇ ਪੁਰਾਤਨ ਵਿਰਸੇ ਨਾਲ ਜੁੜਨ ਦਾ ਉਸ ਕੋਲ ਸਮਾਂ ਤੱਕ ਨਹੀਂ ਰਿਹਾ ਅਤੇ ਨਾ ਹੀ ਆਪਣੇ ਇਤਿਹਾਸ ਤੋਂ ਬਹੁਤੇ ਨੌਜਵਾਨ ਜਾਣੂੰ ਹੋਣਾ ਚਾਹੁੰਦੇ ਹਨ।
ਗਰੁੱਪ ਮੈਸੇਜਾਂ ਰਾਹੀ ਅਸ਼ਲੀਲਤਾ ਦਾ ਪ੍ਰਚਾਰ
ਮੋਬਾਈਲ ਦੇ ਅਜੋਕੇ ਸਾਫਟਵੇਅਰਾਂ ਦਾ ਪ੍ਰਯੋਗ ਕਰਦਿਆਂ ਗਰੁੱਪ ਬਣਾ ਕੇ ਅਸ਼ਲੀਲ ਗੀਤਾਂ, ਤਸਵੀਰਾਂ ਅਤੇ ਵੀਡੀਓ ਦਾ ਧੜੱਲੇ ਨਾਲ ਆਦਾਨ-ਪ੍ਰਦਾਨ ਹੋ ਰਿਹਾ ਹੈ। ਗਰੁੱਪ ਬਣਾ ਕੇ ਨੌਜਵਾਨਾਂ ਵੱਲੋਂ ਪੋਰਨ ਸਲਿੱਪ ਅਤੇ ਹੋਰ ਅਸ਼ਲੀਲ ਸਮੱਗਰੀ ਇਕ-ਦੂਜੇ ਨੂੰ ਭੇਜੀ ਜਾਂਦੀ ਹੈ। ਸਾਫਟਵੇਅਰ ਰਾਹੀਂ ਇਕ-ਦੂਜੇ ਨੂੰ ਗਲਤ ਸੰਦੇਸ਼ ਅਤੇ ਸਮੱਗਰੀ ਅਜੋਕੀ ਪੀੜ੍ਹੀ ਨੂੰ ਕੁਰਾਹੇ ਪਾ ਰਹੀ ਹੈ।
ਮਾਤਾ-ਪਿਤਾ ਰੱਖਣ ਧਿਆਨ
ਬੱਚੇ ਦੇ ਦੂਰ-ਨੇੜੇ ਦਾ ਪਤਾ ਲਾਉਣ ਲਈ ਜਾਂ ਉਸ ਦੀ ਸੰਭਾਲ ਲਈ ਉਸ ਕੋਲ ਮੋਬਾਈਲ ਹੋਣਾ ਕੋਈ ਬੁਰੀ ਗੱਲ ਨਹੀਂ ਪਰ ਜੇਕਰ ਬੱਚਾ ਮਾਤਾ-ਪਿਤਾ ਨਾਲੋਂ ਜ਼ਿਆਦਾ ਮੋਬਾਈਲ ਨੂੰ ਤਵੱਜੋ ਦੇ ਰਿਹਾ ਹੈ ਤਾਂ ਅਜਿਹੇ ਸਮੇਂ ਵਿਚ ਮਾਤਾ-ਪਿਤਾ ਦਾ ਫਰਜ਼ ਬਣਦਾ ਹੈ ਕਿ ਸਮੇਂ-ਸਮੇਂ 'ਤੇ ਬੱਚੇ ਦਾ ਮੋਬਾਈਲ ਚੈੱਕ ਕਰੇ ਕਿ ਉਹ ਮੋਬਾਈਲ ਰਾਹੀਂ ਕਿਸੇ ਗਲਤ ਗਰੁੱਪ 'ਚ ਤਾਂ ਨਹੀਂ ਜੁੜ ਚੁੱਕਾ ਅਤੇ ਅਜਿਹਾ ਹੋਣ 'ਤੇ ਉਸ ਨੂੰ ਡਾਂਟਣ ਦੀ ਬਜਾਏ ਸਮਝਾਇਆ ਜਾਵੇ ਅਤੇ ਅਜਿਹੇ ਅਸ਼ਲੀਲ ਮੈਸੇਜ ਅਤੇ ਵੀਡੀਓਜ਼ ਭੇਜਣ ਵਾਲੇ ਗਰੁੱਪਾਂ ਦੇ ਨੁਕਸਾਨ ਦੱਸੇ ਜਾਣ।
ਪੀਪਲਜ਼ ਪਾਰਟੀ ਆਫ਼ ਪੰਜਾਬ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ
NEXT STORY