ਤਰਨਤਾਰਨ— ਤਰਨਤਾਰਨ ਦੀ ਪਲਿਸ ਵੱਲੋਂ ਦਲਿਤ ਕੁੜੀ ਦੀ ਕੁੱਟਮਾਰ ਦੀ ਵੀਡੀਓ ਬਣਾ ਕੇ ਮਾਮਲਾ ਮੀਡੀਆ ਵਿਚ ਲੈ ਕੇ ਆਉਣ ਵਾਲੇ ਪੱਤਰਕਾਰ ਦੇ ਪਰਿਵਾਰ ਨੂੰ ਹੁਣ ਦੋ ਵਕਤ ਦੀ ਰੋਟੀ ਦੇ ਵੀ ਲਾਲੇ ਪੈ ਗਏ ਹਨ। ਮਾਰਚ, 2013 ਵਿਚ ਤਰਨਤਾਰਨ ਪੁਲਸ ਦੀ ਕਰਤੂਤ ਨੂੰ ਕੈਮਰੇ 'ਚ ਕੈਦ ਕਰਨ ਵਾਲਾ ਜਗਜੀਤ ਹੁਣ ਕਿੱਥੇ ਹੈ, ਇਹ ਕਿਸੇ ਨੂੰ ਨਹੀਂ ਪਤਾ। ਉਸ ਦੇ ਭਰਾ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਨੂੰ ਸਿਆਸੀ ਪਾਰਟੀਆਂ ਨੇ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਹੈ। ਜਗਜੀਤ ਪਿਛਲੇ ਇਕ ਹਫਤੇ ਤੋਂ ਲਾਪਤਾ ਹੈ ਅਤੇ ਅਜੇ ਤੱਕ ਉਸ ਬਾਰੇ ਪੁਲਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਜਗਜੀਤ ਦੀ ਪਤਨੀ ਰਮਨਦੀਪ ਕੌਰ ਨੇ ਮੀਡੀਆ ਦੇ ਸਾਹਮਣੇ ਆਪਣਾ ਦਰਦਾ ਫਰੋਲਦੇ ਹੋਏ ਕਿਹਾ ਕਿ ਉਸ ਦੇ ਪਤੀ ਨੂੰ ਛੇਤੀ ਤੋਂ ਛੇਤੀ ਲੱਭਿਆ ਜਾਵੇ। ਉਸ ਨੇ ਦੱਸਿਆ ਕਿ ਇਸ ਮਾਮਲੇ ਤੋਂ ਬਾਅਦ ਜਗਜੀਤ ਨੂੰ ਕਾਫੀ ਧਮਕੀਆਂ ਮਿਲ ਰਹੀਆਂ ਸਨ। ਉਸ ਨੂੰ ਪੁਲਸ ਸੁਰੱਖਿਆ ਤਾਂ ਦਿੱਤੀ ਗਈ ਪਰ ਇਸ ਕਾਰਨ ਉਹ ਘਰ ਵਿਚ ਕੈਦ ਹੋ ਕੇ ਰਹਿ ਗਿਆ। ਇਸ ਕਾਰਾਨ ਉਸ ਦਾ ਫੋਟੋਗ੍ਰਾਫੀ ਦਾ ਕੰਮ ਵੀ ਠੱਪ ਹੋ ਗਿਆ ਤੇ ਉਸ ਦਾ ਪਰਿਵਾਰ ਪਾਈ-ਪਾਈ ਦਾ ਮੋਥਾਜ ਹੋ ਗਿਆ। ਘਰ ਦਾ ਖਰਚਾ ਕੱਢਣ ਲਈ ਉਸ ਦਾ ਮੋਟਰਸਾਈਕਲ ਤੇ ਘਰ ਦਾ ਸਾਮਾਨ ਤੱਕ ਵਿਕ ਗਿਆ। ਇਥੋਂ ਤੱਕ ਕਿ ਉਸ ਦਾ ਕੈਮਰਾ ਤੱਕ ਵਿੱਕ ਗਿਆ। ਹੁਣ ਤਾਂ ਉਨ੍ਹਾਂ ਦੇ ਰੋਟੀ-ਪਾਣੀ ਦੀ ਜੁਗਾੜ ਵੀ ਔਖਾ ਹੋ ਰਿਹਾ ਸੀ। ਅਜਿਹੇ ਵਿਚ ਜਗਜੀਤ ਸਿੰਘ ਦੇ ਲਾਪਤਾ ਹੋਣ ਦੀ ਖਬਰ ਨੇ ਪਰਿਵਾਰ ਦਾ ਲੱਕ ਤੋੜ ਕੇ ਰੱਖ ਦਿੱਤਾ।
ਉੱਧਰ ਦੂਜੇ ਪਾਸੇ ਜਗਜੀਤ ਸਿੰਘ ਦੇ ਭਰਾ ਰਛਪਾਲ ਸਿੰਘ ਨੇ ਇਹ ਕਹਿ ਕੇ ਇਸ ਮਾਮਲੇ ਨੂੰ ਸਿਆਸੀ ਰੰਗ ਦੇ ਦਿੱਤਾ ਕਿ ਉਸ ਦੇ ਲਾਪਤਾ ਹੋਣ ਪਿੱਛੇ ਸਿਆਸੀ ਪਾਰਟੀਆਂ ਦਾ ਹੱਥ ਹੋ ਸਕਦਾ ਹੈ। ਉਸ ਨੇ ਦੱਸਿਆ ਕਿ ਜਗਜੀਤ ਆਮ ਆਦਮੀ ਪਾਰਟੀ (ਆਪ) ਦਾ ਇਕ ਮੈਂਬਰ ਸੀ ਅਤੇ ਲੋਕ ਸਭਾ ਚੋਣਾਂ ਵਿਚ ਉਸ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਸੀ। ਦੂਜੀਆਂ ਪਾਰਟੀਆਂ ਉਸ ਨੂੰ ਧਮਕੀਆਂ ਦੇ ਰਹੀਆਂ ਸਨ ਕਿ ਉਹ ਆਪ ਦਾ ਸਾਥ ਛੱਡ ਦੇਵੇ।
ਜਗਜੀਤ ਦੀ ਤਲਾਸ਼ ਲਈ ਗਠਿਤ ਕੀਤੇ ਵਿਸ਼ੇਸ਼ ਜਾਂਚ ਦਲ ਦੇ ਮੁਖੀ ਐੱਸ. ਪੀ. ਰਛਪਾਲ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਜਗਜੀਤ ਪਹਿਲਾਂ ਵੀ ਦੋ ਵਾਰ ਲਾਪਤਾ ਹੋ ਚੁੱਕਿਆ ਹੈ ਅਤੇ ਕੁਝ ਦਿਨਾਂ ਬਾਅਦ ਖੁਦ ਹੀ ਘਰ ਵਾਪਸ ਆ ਗਿਆ ਸੀ। ਫਿਲਹਾਲ ਪੁਲਸ ਅਤੇ ਵਿਸ਼ੇਸ਼ ਜਾਂਚ ਦਲ ਨੇ ਜਗਜੀਤ ਦੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਣ ਜਾਂ ਹੋਰ ਪਾਰਟੀਆਂ ਵੱਲੋਂ ਉਸ ਨੂੰ ਧਮਕਾਏ ਜਾਣ ਦੀਆਂ ਗੱਲਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਸੀ।
ਸਿਰਫ 10 ਹਜ਼ਾਰ ਰੁਪਏ ਲਈ ਵੇਚ ਦਿੱਤਾ ਈਮਾਨ (ਵੀਡੀਓ)
NEXT STORY