ਲੜਕੀ ਵਾਲੇ ਸਵੇਰ ਤੋਂ ਦੁਪਹਿਰ ਤਕ ਕਰਦੇ ਰਹੇ ਇੰਤਜ਼ਾਰ
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ ), (ਮਨੋਰੰਜਨ)- ਨਵਾਂਸ਼ਹਿਰ ਦੇ ਪਿੰਡ ਲੰਗੜੋਆ ਵਿਚ ਤੈਅ ਵਿਆਹ ਸਮਾਰੋਹ ਵਿਚ ਨਾ ਪਹੁੰਚ ਕੇ ਐੱਨ. ਆਰ. ਆਈ. ਲਾੜਾ ਰਸਤੇ ਵਿਚੋਂ ਹੀ ਫਰਾਰ ਹੋ ਗਿਆ ਜਦਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਲਾੜੇ ਦੇ ਇੰਤਜ਼ਾਰ ਲਈ ਲੜਕੀ ਪੱਖ ਦੇ ਲੋਕ ਸਵੇਰ ਤੋਂ ਲੈ ਕੇ ਦੁਪਹਿਰ ਤਕ ਇੰਤਜ਼ਾਰ ਕਰਦੇ ਰਹੇ। ਜਿਵੇਂ ਹੀ ਲੜਕੀ ਪੱਖ ਨੂੰ ਰਸਤੇ ਵਿਚੋਂ ਲਾੜੇ ਦੇ ਫਰਾਰ ਹੋਣ ਦਾ ਪਤਾ ਲੱਗਿਆ ਤਾਂ ਉਥੇ ਮਾਹੌਲ ਗਮਗੀਨ ਹੋ ਗਿਆ। ਸਜੀ-ਸਜਾਈ ਦੁਲਹਨ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਦੇ ਬਾਅਦ ਪਰਿਵਾਰ ਨੇ ਐੱਨ. ਆਰ. ਆਈ. ਲਾੜੇ ਦੇ ਫਰਾਰ ਹੋਣ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੀੜਤ ਲੜਕੀ ਦੇ ਪਿਤਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਯੂ. ਐੱਸ. ਏ. ਤੋਂ ਆਏ ਪਿੰਡ ਚੱਕ ਬਿਲਗਾ ਦੇ ਇਕ ਵਿਅਕਤੀ ਨਾਲ 1 ਅਕਤੂਬਰ ਨੂੰ ਰਿੰਗ ਸੈਰਾਮਨੀ ਹੋਈ ਸੀ। ਇਸ ਦੇ ਬਾਅਦ 4 ਦਸੰਬਰ ਨੂੰ ਵਿਆਹ ਸਮਾਰੋਹ ਦੀ ਤਰੀਕ ਪੱਕੀ ਹੋਈ ਸੀ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸ਼ਾਦੀ ਦੀ ਤੈਅ ਤਰੀਕ ਅਨੁਸਾਰ ਅੱਜ ਉਨ੍ਹਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਵਿਆਹ ਦੀ ਤਿਆਰੀ ਕਰ ਰੱਖੀ ਸੀ। ਉਹ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਦੇ ਨਾਲ ਸਵੇਰੇ 10 ਵਜੇ ਤੋਂ ਬਾਰਾਤ ਦੇ ਇੰਤਜ਼ਾਰ ਵਿਚ ਬੈਠੇ ਹੋਏ ਸੀ। ਜਦੋਂ 12 ਵਜੇ ਤਕ ਲਾੜਾ ਤੇ ਉਸਦੇ ਪਰਿਵਾਰ ਦੇ ਮੈਂਬਰ ਵਿਆਹ ਸਥਾਨ 'ਤੇ ਨਹੀਂ ਪਹੁੰਚੇ ਤਾਂ ਉਨ੍ਹਾਂ ਨੂੰ ਚਿੰਤਾ ਸਤਾਉਣ ਲੱਗੀ। ਇਸ 'ਤੇ ਪਰਿਵਾਰ ਪੱਖ ਨੇ ਰਿਸ਼ਤਾ ਕਰਵਾਉਣ ਵਾਲੇ ਵਿਚੋਲੇ ਨਾਲ ਸੰਪਰਕ ਕੀਤਾ। ਉਸ ਵਿਅਕਤੀ ਨੇ ਲਾੜੇ ਨਾਲ ਸੰਪਰਕ ਕੀਤਾ। ਲੜਕੀ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਲਾੜਾ ਪਰਿਵਾਰ ਸਮੇਤ ਘਰ ਤੋਂ ਵਿਆਹ ਲਈ ਚੱਲ ਪਿਆ ਹੈ ਪਰ ਉਹ ਨਵਾਂਸ਼ਹਿਰ ਰੁਕੇ ਹੋਏ ਹਨ। ਇਸ 'ਤੇ ਲੜਕੀ ਪਰਿਵਾਰ ਦੇ ਕੁਝ ਲੋਕ ਤੇ ਰਿਸ਼ਤਾ ਕਰਵਾਉਣ ਵਾਲਾ ਵਿਅਕਤੀ ਨਵਾਂਸ਼ਹਿਰ ਪਹੁੰਚਿਆ। ਲੜਕੀ ਪਰਿਵਾਰ ਦੇ ਲੋਕਾਂ ਦਾ ਕਥਿਤ ਦੋਸ਼ ਹੈ ਕਿ ਨਵਾਂਸ਼ਹਿਰ ਵਿਚ ਲਾੜੇ ਨੇ ਆਪਣੇ ਲਈ ਸਫਾਰੀ ਗੱਡੀ ਤੇ ਪਰਿਵਾਰ ਲਈ ਸੋਨੇ ਦੇ ਗਹਿਣਿਆਂ ਦੀ ਮੰਗ ਕੀਤੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ। ਕਰੀਬ ਦੋ ਘੰਟੇ ਨਵਾਂਸ਼ਹਿਰ ਵਿਚ ਇਸ ਗੱਲ ਨੂੰ ਲੈ ਕੇ ਆਪਸ ਵਿਚ ਖਿਚੋਤਾਣ ਵਾਲੀ ਸਥਿਤੀ ਬਣੀ ਰਹੀ। ਲੜਕੀ ਪੱਖ ਦਾ ਦੋਸ਼ ਹੈ ਕਿ ਇਸ ਵਿਚ ਲਾੜਾ ਖੁਦ ਆਪਣੀ ਗੱਡੀ ਚਲਾ ਕੇ ਪਰਿਵਾਰ ਸਮੇਤ ਨਵਾਂਸ਼ਹਿਰ ਤੋਂ ਫਰਾਰ ਹੋ ਗਿਆ। ਇਸ ਦੇ ਬਾਅਦ ਉਨ੍ਹਾਂ ਇਸ ਦੀ ਸੂਚਨਾ ਐੱਸ. ਪੀ. ਡੀ. ਦਿਲਬਾਗ ਸਿੰਘ ਪੰਨੂੰ ਨੂੰ ਦਿੱਤੀ, ਜਿਨ੍ਹਾਂ ਡੀ. ਐੱਸ. ਪੀ. ਰੁਪਿੰਦਰ ਕੌਰ ਭੱਟੀ ਤੇ ਐੱਸ. ਐੱਚ. ਓ. ਸਦਰ ਪ੍ਰੇਮ ਸਿੰਘ ਨੂੰ ਮੌਕੇ 'ਤੇ ਜਾ ਕੇ ਸਥਿਤੀ ਦੇਖਣ ਨੂੰ ਕਿਹਾ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਰੁਪਿੰਦਰ ਕੌਰ ਭੱਟੀ ਪਿੰਡ ਲੰਗੜੋਆ ਵਿਚ ਵਿਆਹ ਵਾਲੇ ਸਥਾਨ 'ਤੇ ਪਹੁੰਚੀ। ਉਨ੍ਹਾਂ ਐੱਸ. ਐੱਚ. ਓ. ਨੂੰ ਫਰਾਰ ਕਥਿਤ ਮੁਲਜ਼ਮ ਐੱਨ. ਆਰ. ਆਈ. ਲਾੜੇ ਨੂੰ ਫੜਨ ਦੇ ਆਦੇਸ਼ ਦਿੱਤੇ। ਇਸ ਮੌਕੇ ਐੱਸ. ਐੱਚ. ਓ. ਪ੍ਰੇਮ ਸਿੰਘ ਨੇ ਲਾੜੇ ਦੇ ਪਿੰਡ ਛਾਪੇਮਾਰੀ ਕੀਤੀ ਪਰ ਉਥੇ ਵੀ ਲਾੜਾ ਨਹੀਂ ਮਿਲਿਆ। ਇਸ ਸਬੰਧੀ ਡੀ. ਐੱਸ. ਪੀ. ਰੁਪਿੰਦਰ ਕੌਰ ਭੱਟੀ ਦਾ ਕਹਿਣਾ ਹੈ ਕਿ ਪੁਲਸ ਕਥਿਤ ਮੁਲਜ਼ਮ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਸ ਨੇ ਲੜਕੀ ਪਰਿਵਾਰ ਦੇ ਬਿਆਨਾਂ 'ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਤਫਤੀਸ਼ ਦੇ ਬਾਅਦ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਭੂਰੀਵਾਲੇ ਮਹਾਤਮਾ ਵਲੋਂ ਸਰੀਰ ਸਾੜਨ ਦੀ ਦਿੱਤੀ ਚਿਤਾਵਨੀ ਤੋਂ ਬਾਅਦ ਪ੍ਰਸ਼ਾਸਨ ਆਇਆ ਹਰਕਤ 'ਚ!
NEXT STORY