ਮੰਡੀ ਲੱਖੇਵਾਲੀ, ਸ੍ਰੀ ਮੁਕਤਸਰ ਸਾਹਿਬ, (ਮਿਲਖ, ਭੁਪਿੰਦਰ)- ਭਾਵੇਂ ਕਿ ਕਾਨੂੰਨ ਜਿੰਨਾ ਮਰਜ਼ੀ ਸਖਤ ਹੋ ਜਾਵੇ, ਲੋਕ ਠੱਗੀ ਮਾਰਨ ਦਾ ਨਵੇਂ ਤੋਂ ਨਵਾਂ ਤਰੀਕਾ ਅਪਣਾ ਲੈਂਦੇ ਹਨ ਜਿਸ ਨਾਲ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਉਨ੍ਹਾਂ ਨੂੰ ਠੱਗਿਆ ਜਾ ਰਿਹਾ ਹੈ ਜਦਕਿ ਕੁਝ ਕੁ ਜਾਗਰੂਕ ਲੋਕ ਇਸ ਠੱਗੀ ਤੋਂ ਬਚ ਜਾਂਦੇ ਹਨ ਪਰ ਜ਼ਿਆਦਾਤਰ ਲੋਕ ਉਕਤ ਚਾਲਬਾਜ਼ਾਂ ਦੇ ਝਾਂਸੇ ਵਿਚ ਆ ਕੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਜਿਥੇ ਪਹਿਲਾਂ ਇਨਾਮ ਦੇਣ ਦੇ ਨਾਂ 'ਤੇ ਲੋਕਾਂ ਤੋਂ ਪੈਸਾ ਠੱਗਿਆ ਜਾਂਦਾ ਸੀ ਪਰ ਹੁਣ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਇਸ ਤਰ੍ਹਾਂ ਹੀ ਬੀਤੇ ਦਿਨੀਂ ਇਥੋਂ ਲਾਗਲੇ ਪਿੰਡ ਅਕਾਲਗੜ੍ਹ ਨਿਵਾਸੀ ਬਲਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਨੂੰ 97316-06092 ਨੰਬਰ ਤੋਂ ਫੋਨ ਆਇਆ ਜਿਸ ਨੇ ਆਪਣਾ ਨਾਂ ਹਰਜਿੰਦਰ ਸਿੰਘ ਦੱਸਿਆ। ਫੋਨ ਕਰਨ ਵਾਲੇ ਵਿਅਕਤੀ ਨੇ ਬਲਜਿੰਦਰ ਸਿੰਘ ਨੂੰ ਕਿਹਾ ਕਿ ਤੁਹਾਡੇ ਏ. ਟੀ. ਐੱਮ. ਕਾਰਡ ਦੀ ਮਿਆਦ ਖਤਮ ਹੋ ਚੁੱਕੀ ਹੈ। ਤੁਸੀਂ ਅੱਜ ਹੀ ਆਪਣਾ ਅਧਾਰ ਕਾਰਡ, ਪਾਸ ਬੁੱਕ ਤੇ ਏ. ਟੀ. ਐੱਮ. ਲੈ ਕੇ ਬੈਂਕ ਆ ਜਾਵੋ, ਪਰ ਬਲਜਿੰਦਰ ਸਿੰਘ ਦੇ ਇਹ ਕਹਿਣ 'ਤੇ ਉਹ ਕੱਲ ਆ ਜਾਵੇਗਾ ਤਾਂ ਉਕਤ ਵਿਅਕਤੀ ਨੇ ਕਿਹਾ ਕਿ ਜੇਕਰ ਅੱਜ ਨਾ ਆਏ ਤਾਂ ਤੁਹਾਡਾ ਏ. ਟੀ. ਐੱਮ. ਅਤੇ ਖਾਤਾ ਬੰਦ ਹੋ ਜਾਵੇਗਾ ਜਿਸ 'ਤੇ ਆਪਣਾ ਨਾਂ ਹਰਜਿੰਦਰ ਸਿੰਘ ਦੱਸਣ ਵਾਲੇ ਵਿਅਕਤੀ ਨੇ ਕਿਹਾ ਕਿ ਤੁਸੀਂ ਮੈਨੂੰ ਆਪਣੇ ਏ. ਟੀ. ਐੱਮ. ਕਾਰਡ ਦਾ ਉਪਰਲਾ ਨੰਬਰ ਦੱਸ ਦੇਵੋ ਮੈਂ ਉਸਨੂੰ ਰੀਨਿਊ ਕਰ ਦਿੰਦਾ ਹਾਂ। ਇਸ 'ਤੇ ਜਦੋਂ ਬਲਜਿੰਦਰ ਸਿੰਘ ਨੇ ਆਪਣਾ ਏ. ਟੀ. ਐੱਮ. ਕੱਢਿਆ ਤਾਂ ਉਸ 'ਤੇ ਮਿਆਦ 2016 ਤਕ ਦੀ ਲਿਖੀ ਹੋਈ ਸੀ ਜਿਸ ਤੋਂ ਉਸਨੂੰ ਸ਼ੱਕ ਪੈਦਾ ਹੋ ਗਿਆ ਤੇ ਉਸਨੇ ਨੰਬਰ ਦੱਸਣ ਤੋਂ ਇਨਕਾਰ ਕਰ ਦਿੱਤਾ ਤੇ ਨਾਲ ਹੀ ਉਸਨੇ ਪੁੱਛਿਆ ਕਿ ਤੁਸੀਂ ਕਿਹੜੀ ਬ੍ਰਾਂਚ ਤੋਂ ਬੋਲ ਰਹੇ ਹੋ ਜਿਸ 'ਤੇ ਉਕਤ ਵਿਅਕਤੀ ਨੇ ਕਿਹਾ ਕਿ ਉਹ ਪਟਿਆਲਾ ਬ੍ਰਾਂਚ ਤੋਂ ਬੋਲ ਰਿਹਾ ਹੈ ਜਿਸ ਨਾਲ ਬਲਜਿੰਦਰ ਸਿੰਘ ਦਾ ਸ਼ੱਕ ਯਕੀਨ ਵਿਚ ਬਦਲ ਗਿਆ। ਉਸਨੇ ਕਿਹਾ ਕਿ ਉਸਦਾ ਤਾਂ ਖਾਤਾ ਹੀ ਸੈਂਟਰਲ ਬੈਂਕ ਵਿਚ ਹੈ ਜਿਸ ਨਾਲ ਉਹ ਇਸ ਲੁੱਟ ਤੋਂ ਬਚ ਗਿਆ ਪਰ ਹੋਰ ਕਈ ਲੋਕ ਹਨ ਜੋ ਇਸ ਤਰ੍ਹਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨਾਂ ਵਿਚ ਹੀ ਸਥਾਨਕ ਜ਼ਿਲਾ ਸਿੱਖਿਆ ਦਫ਼ਤਰ 'ਚ ਇਕ ਕਰਮਚਾਰੀ ਨੂੰ ਇਸ ਤਰ੍ਹਾਂ ਦੀ ਹੀ ਫੋਨ ਕਾਲ ਆਈ ਸੀ ਜਿਸ ਤੋਂ ਬਾਅਦ ਉਸਦੇ ਨੰਬਰ ਦੱਸੇ ਜਾਣ 'ਤੇ ਉਕਤ ਵਿਅਕਤੀ ਦੇ ਖਾਤੇ ਵਿਚੋਂ 17 ਹਜ਼ਾਰ ਰੁਪਏ ਕੱਢਵਾ ਲਏ ਗਏ ਸਨ। ਇਸ ਲਈ ਸਰਕਾਰ ਅਤੇ ਬੈਂਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧ ਵਿਚ ਕੋਈ ਠੋਸ ਕਦਮ ਚੁੱਕੇ ਤਾਂ ਜੋ ਲੋਕਾਂ ਨੂੰ ਇਸ ਲੁੱਟ ਤੋਂ ਬਚਾਇਆ ਜਾ ਸਕੇ।
ਪੁਲਸ ਹੱਥ ਲੱਗੇ 2 ਹੋਰ ਅਪਰਾਧੀ, 8 'ਤੇ ਕੇਸ ਦਰਜ
NEXT STORY