ਚੰਡੀਗੜ੍ਹ, (ਬਰਜਿੰਦਰ)- ਬੱਚੀ ਨੂੰ ਅਗਵਾ ਕਰਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਦੋਸ਼ੀ ਰਾਜੀਵ ਕਾਲੋਨੀ ਸੈਕਟਰ-17 ਪੰਚਕੂਲਾ ਦੇ 37 ਸਾਲਾ ਸੰਜੇ ਨੂੰ ਵੀਰਵਾਰ ਵਧੀਕ ਸੈਸ਼ਨ ਜੱਜ ਅੰਸ਼ੂ ਸ਼ੁਕਲਾ ਦੀ ਅਦਾਲਤ ਨੇ ਪੋਕਸੋ ਐਕਟ ਤੇ ਅਗਵਾ ਕਰਨ ਦੀਆਂ ਧਾਰਾਵਾਂ ਦੇ ਤਹਿਤ ਵੱਧ ਤੋਂ ਵੱਧ 10 ਸਾਲ ਦੀ ਕੈਦ ਤੇ 13 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਉਸ ਨੂੰ ਬੀਤੀ 2 ਦਸੰਬਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਥਾਣਾ ਮਨੀਮਾਜਰਾ ਦੀ ਪੁਲਸ ਨੇ ਉਸ ਦੇ ਖਿਲਾਫ਼ ਇਸੇ ਸਾਲ 13 ਮਾਰਚ ਨੂੰ ਅਗਵਾ ਕਰਨ, ਜਬਰ-ਜ਼ਨਾਹ, ਧਮਕਾਉਣ ਤੇ ਪੋਕਸੋ ਐਕਟ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਸੀ। ਦਾਇਰ ਕੇਸ ਵਿਚ ਰਾਜੀਵ ਕਾਲੋਨੀ ਦੇ ਹੀ ਗੁਲਸ਼ਨ ਸ਼ਿਕਾਇਤਕਰਤਾ ਸਨ। ਸ਼ਿਕਾਇਤਕਰਤਾ ਦੇ ਮੁਤਾਬਿਕ 12 ਮਾਰਚ ਰਾਤ ਕਰੀਬ ਸਾਢੇ 9 ਵਜੇ ਜਦ ਉਹ ਮਨੀਮਾਜਰਾ ਤੋਂ ਡਿਊਟੀ ਤੋਂ ਵਾਪਸ ਆ ਰਿਹਾ ਸੀ ਤਾਂ ਪੁਰਾਣੇ ਪੋਲਟਰੀ ਫਾਰਮ ਮੌਲੀਜਾਗਰਾਂ ਦੇ ਕੋਲ ਕੁਝ ਲੋਕਾਂ ਦੀ ਭੀੜ ਦੇਖੀ। ਉਥੇ ਇਕ ਛੋਟੀ ਬੱਚੀ ਦਰਦ ਨਾਲ ਰੋ ਰਹੀ ਸੀ ਤੇ ਉਸ ਦੇ ਪ੍ਰਾਈਵੇਟ ਪਾਰਟ 'ਚੋਂ ਖੂਨ ਵਹਿ ਰਿਹਾ ਸੀ। ਬੱਚੀ ਕਾਫੀ ਡਰੀ ਹੋਈ ਸੀ ਤੇ ਉਸ ਨੇ ਆਪਣਾ ਪਤਾ ਰਾਜੀਵ ਕਾਲੋਨੀ ਦਾ ਹੀ ਦੱਸਿਆ ਸੀ। ਸ਼ਿਕਾਇਤਕਰਤਾ ਨੇ ਬੱਚੀ ਨੂੰ ਘਰ ਪਹੁੰਚਾਇਆ ਤੇ ਉਸ ਮਗਰੋਂ ਮਨੀਮਾਜਰਾ ਹਸਪਤਾਲ ਪਹੁੰਚਾਇਆ, ਨਾਲ ਹੀ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੀੜਤਾ ਨੇ ਪੁਲਸ ਨੂੰ ਦੋਸ਼ੀ ਦੀ ਪਛਾਣ ਸੰਜੇ ਦੇ ਰੂਪ 'ਚ ਕਰਵਾਈ। ਪੁਲਸ ਨੇ ਬੱਚੀ ਦੇ ਮੈਡੀਕਲ ਤੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਸੰਜੇ ਨੂੰ ਦਬੋਚਿਆ ਸੀ।
ਸਿੱਖ ਕੈਦੀਆਂ ਦੀ ਰਿਹਾਈ ਲਈ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖੇਗੀ ਪੰਜਾਬ ਸਰਕਾਰ
NEXT STORY