ਚੰਡੀਗੜ੍ਹ : ਦਿੱਲੀ 'ਚ ਇਕ ਕੈਬ ਵਿਚ ਔਰਤ ਨਾਲ ਹੋਏ ਦੁਸ਼ਕਰਮ ਦੇ ਮਾਮਲੇ 'ਚ ਸਟੇਟ ਟ੍ਰਾਂਸਪੋਰਟ ਅਥਾਰਿਟੀ ਨੇ ਚੰਡੀਗੜ੍ਹ 'ਚ ਟੈਕਸੀ-ਕੈਬ ਆਪਰੇਟਰਸ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਸਟੇਟ ਟ੍ਰਾਂਸਪੋਰਟ ਅਥਾਰਿਟੀ ਦੇ ਐਡੀਸ਼ਨਲ ਸੈਕਰੇਟਰੀ ਰਾਜੀਵ ਤਿਵਾੜੀ ਆਪ ਸੜਕ 'ਤੇ ਨਿਕਲ ਅਤੇ ਉਨ੍ਹਾਂ ਨੇ ਇਕ ਕੈਬ ਕਿਰਾਏ 'ਤੇ ਲਈ। ਬਾਅਦ ਵਿਚ ਉਨ੍ਹਾਂ ਨੇ ਕੈਬ ਆਪਰੇਟਰਸ ਨੂੰ ਕਾਲ ਕਰ ਕੇ ਗੱਡੀ ਦੀ ਲੋਕੇਸ਼ਨ ਪੁੱਛੀ। ਇਸੇ ਤਰ੍ਹਾਂ ਉਨ੍ਹਾਂ ਨੇ ਤਿੰਨ-ਚਾਰ ਕੈਬ ਦੀ ਜਾਂਚ ਕੀਤੀ। ਹਾਲਾਂਕਿ ਉਨ੍ਹਾਂ ਦਾ ਜੀ.ਪੀ.ਐੱਸ. ਸਿਸਟਮ ਸਹੀ ਆਪਰੇਟ ਕਰ ਰਿਹਾ ਸੀ ਪਰ ਐੱਸ.ਟੀ.ਏ. ਨੇ ਸਖਤੀ ਸ਼ੁਰੂ ਕਰ ਦਿੱਤੀ ਹੈ। ਤਿਵਾੜੀ ਨੇ ਕਿਹਾ ਕੇ ਅਗਾਂਹ ਵੀ ਚੈਕਿੰਗ ਜਾਰੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੇ ਕੈਬ ਆਪਰੇਟਰਾਂ ਤੋਂ ਉਨ੍ਹਾਂ ਦੇ ਡਰਾਈਵਰਾਂ ਦਾ ਪੂਰਾ ਰਿਕਾਰਡ ਮੰਗਿਆ ਹੈ, ਜਿਸ ਵਿਚ ਡਰਾਈਵਰ ਦਾ ਮੋਬਾਈਲ ਨੰਬਰ, ਪਤਾ, ਲਾਇਸੈਂਸ ਨੰਬਰ ਅਤੇ ਕਰੈਕਟਰ ਵੈਰੀਫਿਕੇਸ਼ਨ ਰਿਪੋਰਟ ਹੋਵੇਗੀ। ਤਿਵਾੜੀ ਨੇ ਕਿਹਾ ਕਿ ਸਭ ਨੂੰ ਅੱਜ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਐੱਸ.ਟੀ.ਏ. ਦੀ ਗਾਈਡ ਲਾਈਨਸ ਮੁਤਾਬਿਕ ਹਰ ਕੈਬ ਵਿਚ ਗਲੋਬਲ ਪੁਜ਼ੀਸ਼ਨਿੰਗ ਸਿਸਟਮ (ਜੀ.ਪੀ.ਐੱਸ.) ਲੱਗਾ ਹੋਣਾ ਚਾਹੀਦੈ ਅਤੇ ਕੈਬ ਆਪਰੇਟਰਾਂ ਕੋਲ ਉਨ੍ਹਾਂ ਦੀ ਹਰ ਗੱਡੀ ਦਾ ਹਰ ਵੇਲੇ ਦਾ ਟ੍ਰੈਕ ਰਿਕਾਰਡ ਹੋਣਾ ਚਾਹੀਦੈ। ਸ਼ਹਿਰ ਵਿਚ ਸਿਰਫ ਤਿੰਨ ਕੈਬ ਆਪਰੇਟਰ ਮੈਗਾ ਕੈਬ, ਆਰ.ਬੀ.ਟੀ.ਸੀ. ਅਤੇ ਫੈਬ ਕੈਬ ਹੀ ਐੱਸ.ਟੀ.ਏ. ਤੋਂ ਰਜਿਸਟਰਡ ਹਨ। ਇਨ੍ਹਾਂ ਦੀਆਂ ਲੱਗਭਗ 200 ਗੱਡੀਆਂ ਸ਼ਹਿਰ ਵਿਚ ਚੱਲ ਰਹੀਆਂ ਹਨ।
ਚੰਡੀਗੜ੍ਹ ਟੈਕਸੀ ਆਪਰੇਟਰਸ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਆਹੂਜਾ ਦਾ ਕਹਿਣੈ, ''ਜੋ ਵੀ ਟੈਕਸੀ ਆਪਰੇਟਰ ਰਜਿਸਟਰਡ ਹਨ, ਉਨ੍ਹਾਂ ਦੇ ਸਾਰੇ ਡਰਾਈਵਰਾਂ ਦੀ ਪੁਲਸ ਵੈਰੀਫਿਕੇਸ਼ਨ ਕਰਵਾਈ ਜਾਂਦੀ ਹੈ। ਜੇਕਰ ਕੋਈ ਡਰਾਈਵਰ ਮੁਸਾਫਿਰਾਂ ਨਾਲ ਬੁਰਾ ਸਲੂਕ ਕਰਦਾ ਹੈ ਤਾਂ ਉਸ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਸਾਡੇ ਕੋਲ ਸਾਰੇ ਡਰਾਈਵਰਾਂ ਦਾ ਰਿਕਾਰਡ ਵੀ ਹੁੰਦਾ ਹੈ।''
ਐੱਸ.ਐੱਸ.ਪੀ. ਚੰਡੀਗੜ੍ਹ ਡਾ. ਸੁਖਚੈਨ ਸਿੰਘ ਗਿੱਲ ਅਨੁਸਾਰ, ''ਬਸ ਸਟੈਂਡ ਦੇ ਟੈਕਸੀ ਸਟੈਂਡ 'ਤੇ ਸਮੇਂ-ਸਮੇਂ 'ਤੇ ਚੈਕਿੰਗ ਕੀਤੀ ਜਾਂਦੀ ਹੈ। ਪੁਲਸ ਵਲੋਂ ਸਾਵਧਾਨੀ ਲਈ ਹਰੇਕ ਕੰਪਨੀ ਦੇ ਕਰਮਚਾਰੀਆਂ ਦਾ ਡਾਟਾ ਲਿਆ ਜਾਂਦਾ ਹੈ ਅਤੇ ਇਸੇ ਕ੍ਰਮ ਵਿਚ ਟੈਕਸੀ ਆਪਰੇਟਰ ਆਉਂਦੇ ਹਨ। ਹੁਣ ਪੁਲਸ ਦੇ ਨਿਯਮਾਂ ਅਨੁਸਾਰ ਟੈਕਸੀ ਆਪਰੇਟਰਾਂ ਦੀ ਚੈਕਿੰਗ ਕੀਤੀ ਜਾਏਗੀ।'' ਸਟੈਂਡ ਤੋਂ ਹੀ ਟੈਕਸੀ ਕਿਰਾਏ 'ਤੇ ਲੈਣਾ ਠੀਕ ਰਹਿੰਦਾ ਹੈ ਕਿਉਂਕਿ ਉਥੇ ਰੱਖੇ ਰਜਿਸਟਰ ਵਿਚ ਉਸੇ ਸਮੇਂ ਐਂਟਰੀ ਹੁੰਦੀ ਹੈ ਕਿ ਕਿਹੜੀ ਗੱਡੀ ਕਿਥੇ ਜਾ ਰਹੀ ਹੈ, ਗੱਡੀ 'ਚ ਜਾਣ ਵਾਲੀ ਸਵਾਰੀ ਕੌਣ ਹੈ ਅਤੇ ਡਰਾਈਵਰ ਕੌਣ ਹੈ ਆਦਿ। ਇਸ ਤੋਂ ਇਲਾਵਾ ਗੱਡੀਆਂ 'ਚ ਟ੍ਰੈਕਿੰਗ ਸਿਸਟਮ ਵੀ ਇੰਸਟਾਲ ਕੀਤਾ ਜਾਂਦਾ ਹੈ। ਹੁਣ ਤਾਂ ਗੱਡੀਆਂ 'ਚ ਸਪੀਡ ਗਵਰਨਰ ਤੱਕ ਲਗਾਏ ਜਾ ਰਹੇ ਹਨ। ਅਜਿਹੇ 'ਚ ਜੇਕਰ ਡਰਾਈਵਰ ਗੱਡੀ ਤੇਜ਼ ਚਲਾਉਂਦਾ ਹੈ ਤਾਂ ਵੀ ਉਸ 'ਤੇ ਨਜ਼ਰ ਰੱਖੀ ਜਾਂਦੀ ਹੈ। ਨਾਲ ਹੀ ਉਸ ਨੂੰ ਨਿਰਦੇਸ਼ ਵੀ ਦਿੱਤੇ ਜਾਂਦੇ ਹਨ।
ਲਾਹੌਰ ਤੋਂ ਦਿੱਲੀ ਜਾ ਰਹੀ ਬੱਸ ਹੋਈ ਹਾਦਸੇ ਦਾ ਸ਼ਿਕਾਰ (ਵੀਡੀਓ)
NEXT STORY