ਖਰੜ : ਮੋਹਾਲੀ ਤੋਂ ਮਿਲੀ ਖ਼ਬਰ ਅਨੁਸਾਰ ਇਥੇ ਸੜਕ ਵਿਚਾਲੇ ਇਕ ਨਿਜੀ ਬੱਸ 'ਚ ਸਵਾਰ ਨੌਜਵਾਨਾਂ ਨੇ ਕਾਰ ਸਵਾਰ ਨੌਜਵਾਨਾਂ 'ਤੇ ਜਾਨਲੇਵਾ ਹਮਲਾ ਕੀਤਾ। ਦੱਸਿਆ ਜਾਂਦਾ ਹੈ ਕਿ ਨਿਜੀ ਬੱਸ ਨੇ ਕਾਰ ਨੂੰ ਟੱਕਰ ਵੀ ਮਾਰੀ ਸੀ ਅਤੇ ਮੌਕੇ ਤੋਂ ਫਰਾਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਾਰ ਸਵਾਰ ਦੋ ਨੌਜਵਾਨਾਂ ਦਾ ਇਕ ਨਿਜੀ ਵਾਲਵੋ ਬੱਸ ਚਾਲਕ ਅਤੇ ਉਸ ਦੇ ਸਾਥੀਆਂ ਨਾਲ ਕਿਸੇ ਗੱਲੋਂ ਵਿਵਾਦ ਹੋ ਗਿਆ। ਇਸ ਪਿੱਛੋਂ ਬੱਸ ਚਾਲਕ ਕਾਰ ਨੂੰ ਟੱਕਰ ਮਾਰ ਕੇ ਬੱਸ ਸਮੇਤ ਫਰਾਰ ਹੋ ਗਿਆ।
ਕਾਰ ਸਵਾਰ ਨੌਜਵਾਨਾਂ ਨੇ ਕਾਫੀ ਦੂਰ ਤੱਕ ਬੱਸ ਦਾ ਪਿੱਛਾ ਕੀਤਾ। ਕੁਝ ਦੂਰ ਜਾ ਕੇ ਉਨ੍ਹਾਂ ਨੇ ਬੱਸ ਰੋਕ ਲਈ ਅਤੇ ਨੌਜਵਾਨਾਂ ਨਾਲ ਝਗੜਾ ਕਰਨ ਲੱਗੇ। ਇਸੇ ਦੌਰਾਨ ਬੱਸ 'ਚੋਂ ਤੇਜ਼ਧਾਰ ਹਥਿਆਰਾਂ ਸਮੇਤ ਕੁਝ ਨੌਜਵਾਨ ਉਤਰੇ ਅਤੇ ਉਨ੍ਹਾਂ ਨੇ ਕਾਰ ਸਵਾਰ ਨੌਜਵਾਨਾਂ 'ਤੇ ਹਮਲਾ ਕਰ ਦਿੱਤਾ। ਹਮਲੇ 'ਚ ਦੋਵੇਂ ਨੌਜਵਾਨ ਜ਼ਖਮੀ ਹੋ ਗਏ। ਜਾਨ ਬਚਾਉਣ ਲਈ ਦੋਵੇਂ ਨੌਜਵਾਨ ਦੌੜਨ ਲੱਗੇ ਤਾਂ ਬੱਸ ਚਾਲਕ ਦੇ ਸਾਥੀ ਵੀ ਹੱਥਾਂ 'ਚ ਤਲਵਾਰਾਂ ਲਹਿਰਾਉਂਦੇ ਉਨ੍ਹਾਂ ਦੇ ਪਿੱਛੇ ਦੌੜਨ ਲੱਗੇ। ਇਸ ਪਿੱਛੋਂ ਉਹ ਕਾਰ ਦੀ ਚਾਬੀ ਲੈ ਕੇ ਫਰਾਰ ਹੋ ਗਏ। ਵਿਚਾਲੇ ਸੜਕ ਦੇ ਗੁੰਡਾਗਰਦੀ ਦਾ ਇਹ ਨੰਗਾ ਨਾਚ ਦੇਖ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਵਾਰਦਾਤ ਬਾਰੇ ਕਾਰ ਸਵਾਰ ਨੌਜਵਾਨਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਖਰੜ-ਮੋਹਾਲੀ ਰਾਸ਼ਟਰੀ ਰਾਜਮਾਰਗ-21 'ਤੇ ਵਾਪਰੀ।
ਲਾਲਚ 'ਚ ਅੰਨ੍ਹੇ ਸਹੁਰਿਆਂ ਨੇ ਆਪਣੀ ਹੀ ਨੂੰਹ ਨਾਲ ਕੀਤੀ ਸ਼ਰਮਨਾਕ ਹਰਕਤ
NEXT STORY