ਲੁਧਿਆਣਾ (ਸਹਿਗਲ)—ਪੰਜਾਬ ਮੈਡੀਕਲ ਕੌਂਸਲ ਦੇ ਚੁਣੇ ਗਏ 10 ਮੈਂਬਰਾਂ ਦੀ ਚੋਣ ਨੂੰ ਪੰਜਾਬ ਸਰਕਾਰ ਨੇ ਚੋਣ ਵਿਚ ਧਾਂਦਲੀ ਦੇ ਸਬੂਤ ਮਿਲਣ 'ਤੇ ਇਨ੍ਹਾਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਦੇ ਸੰਬੰਧ 'ਚ ਕੀਤੀ ਗਈ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਖੰਨਾ ਦੇ ਡਾਕਟਰ ਪਰਮਿੰਦਰ ਸਿੰਘ ਬਰਾੜ ਨੇ 500 ਜਾਅਲੀ ਵੋਟਾਂ ਪੈਣ ਦੇ ਸਬੂਤ ਪੇਸ਼ ਕੀਤੇ। ਸੰਨ 2011 ਵਿਚ ਸੰਪੰਨ ਹੋਈਆਂ ਇਨ੍ਹਾਂ ਚੋਣਾਂ ਵਿਚ 20 ਉਮੀਦਵਾਰਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ 'ਚ ਵੋਟਾਂ ਰਾਹੀਂ 10 ਮੈਂਬਰਾਂ ਦੀ ਚੋਣ ਕੀਤੀ ਜਾਣੀ ਸੀ। 11ਵੇਂ ਨੰਬਰ 'ਤੇ ਆਏ ਡਾ. ਬਰਾੜ ਨੂੰ 3 ਹਜ਼ਾਰ ਦੇ ਲਗਭਗ ਵੋਟਾਂ ਪਈਆਂ ਪਰ ਉਹ 28 ਵੋਟਾਂ ਨਾਲ ਹਾਰ ਗਏ। ਉਨ੍ਹਾਂ ਨੇ ਚੋਣ ਪ੍ਰਕਿਰਿਆ 'ਤੇ ਸ਼ੱਕ ਪ੍ਰਗਟ ਕਰਕੇ ਜਾਂਚ ਦੀ ਮੰਗ ਕੀਤੀ ਹੈ ਪਰ ਕੋਈ ਕਾਰਵਾਈ ਨਾ ਹੋਣ 'ਤੇ ਉਨ੍ਹਾਂ ਨੇ ਹਾਈਕੋਰਟ ਦਾ ਰੁਖ਼ ਕੀਤਾ। ਇਸ ਦੇ ਮਗਰੋਂ ਅਦਾਲਤ ਨੇ ਜਾਂਚ ਦਾ ਹੁਕਮ ਦਿੱਤਾ।
ਪੰਜਾਬ ਮੈਡੀਕਲ ਕੌਂਸਲ ਦੀਆਂ ਚੋਣਾਂ 'ਚ ਚੁਣੇ ਗਏ 10 ਡਾਕਟਰਾਂ 'ਚ ਲੁਧਿਆਣਾ ਤੋਂ ਡਾ. ਅਰੁਣ ਮਿੱਤਰਾ, ਡਾ. ਕੁਲਵੰਤ ਸਿੰਘ ਅਤੇ ਡਾ. ਸੁਨੀਲ ਕਤਿਆਲ, ਜਲੰਧਰ ਦੇ ਡਾ. ਜੀ. ਐੱਸ. ਗਿੱਲ, ਡਾ. ਯੋਗੇਸ਼ਵਰ ਸੂਦ ਅਤੇ ਡਾ. ਐੱਚ. ਐੱਸ. ਮਾਨ, ਪਟਿਆਲਾ ਤੋਂ ਡਾ. ਓ. ਪੀ. ਐੱਸ. ਕਾਂਡੇ, ਡਾ. ਵਿਜੇ ਕੁਮਾਰ, ਬਰਨਾਲਾ ਤੋਂ ਡਾ. ਆਰ. ਸੀ. ਗਰਗ ਅਤੇ ਕਾਦੀਆਂ ਤੋਂ ਡਾ. ਬਲਚਰਨ ਸਿੰਘ ਭਾਟੀਆ ਜੇਤੂ ਐਲਾਨੇ ਗਏ ਸਨ। ਇਸ ਫੈਸਲੇ ਮਗਰੋਂ ਉਨ੍ਹਾਂ ਦੀ ਕੌਂਸਲ ਦੀ ਮੈਂਬਰੀ ਰੱਦ ਹੋ ਗਈ।
ਵਰਣਨਯੋਗ ਹੈ ਕਿ ਪੰਜਾਬ ਮੈਡੀਕਲ ਕੌਂਸਲ ਦੇ 21 ਮੈਂਬਰਾਂ ਵਿਚੋਂ 10 ਚੁਣੇ ਮੈਂਬਰਾਂ ਤੋਂ ਇਲਾਵਾ 7 ਨਾਮਜ਼ਦ, 3 ਐਕਸ ਆਫੀਓ ਅਤੇ ਇਕ ਪ੍ਰਧਾਨ ਸ਼ਾਮਲ ਹੁੰਦਾ ਹੈ। ਇਨ੍ਹਾਂ ਚੋਣਾਂ ਵਿਚ 13 ਹਜ਼ਾਰ ਵੋਟਾਂ ਸਨ, ਜਦੋਂ ਕਿ 6800 ਮੈਂਬਰਾਂ ਨੇ ਇਨ੍ਹਾਂ ਚੋਣਾਂ 'ਚ ਹਿੱਸਾ ਲਿਆ ਸੀ।
ਕੈਂਸਰ ਦੀ ਨਾਮੁਰਾਦ ਬੀਮਾਰੀ ਨੇ ਲਈ ਇਕ ਹੋਰ ਜਾਨ
NEXT STORY