ਨਥਾਣਾ, (ਬੱਜੋਆਣੀਆਂ)-ਗਰਲਜ਼ ਕਾਲਜ ਦੇ ਨਜ਼ਦੀਕ ਨਥਾਣਾ ਤੋਂ ਪੂਹਲਾ ਵੱਲ ਨੂੰ ਜਾਂਦੀ ਜੀ. ਟੀ. ਰੋਡ 'ਤੇ ਆਰਜ਼ੀ ਤੌਰ 'ਤੇ ਗੱਡੀ ਵਿਚ ਰੱਖ ਕੇ ਸ਼ਰਾਬ ਦੀ ਵਿਕਰੀ ਦਾ ਧੰਦਾਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ । ਆਰਜ਼ੀ ਸ਼ਰਾਬ ਦਾ ਠੇਕਾ ਜਿਥੇ ਆਵਾਜਾਈ 'ਚ ਵਿਘਨ ਪਾਉਣ ਲਈ ਮਸਰੂਫ ਹੈ ਉਥੇ ਸਮਾਜ ਸੇਵੀ ਜਥੇਬੰਦੀਆਂ ਤੇ ਵਿਭਾਗੀ ਅਫ਼ਸਰਾਂ ਨੂੰ ਮੂੰਹ ਚਿੜਾÎਉਂਦਿਆਂ ਸ਼ਾਇਦ ਇਹੀ ਆਖਦਾ ਹੈ ਕਿ ਕਿਹੜਾ ਜੰਮ ਪਿਆ ਸੂਰਮਾ ਜਿਹੜਾ ਮੇਨ ਰੋਡ ਤੋਂ ਗੱਡੀ ਵਾਲੇ ਠੇਕੇ ਨੂੰ ਰੋਕੇ। ਇਲਾਕੇ 'ਚ ਠੇਕੇਦਾਰਾਂ ਦੇ ਕਰਿੰਦਿਆਂ ਵਲੋਂ ਸ਼ਰੇਆਮ ਸੜਕ 'ਤੇ ਗੱਡੀ 'ਚ ਰੱਖ ਕੇ ਸ਼ਰਾਬ ਵੇਚਣੀ ਅਤੇ ਆਂਡਿਆਂ ਦੀਆਂ ਪਲੇਟਾਂ ਪਰੋਸਣਾ ਪੁਲਸ ਵਲੋਂ ਰੋਜ਼ਾਨਾ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ ਉਥੇ ਪੁਲਸ ਨਾਲ ਗਲਾਸੀ ਸਾਂਝੀ ਹੋਣ ਦੇ ਸੰਕੇਤ ਦੇਣ ਦੀਆਂ ਚਰਚਾਵਾਂ ਜ਼ੋਰਾਂ 'ਤੇ ਹਨ। ਇਸ ਸ਼ਰਾਬ ਦੇ ਠੇਕੇ 'ਤੇ ਸ਼ਾਮ ਸਮੇਂ ਲੱਗਦੀਆਂ ਮਹਿਫਲਾਂ ਰੋਡ 'ਤੇ ਜਾਂਦੀਆਂ ਔਰਤਾਂ ਲਈ ਵੀ ਟਿੱਚਰਾਂ ਦਾ ਘਰ ਬਣਦੀਆਂ ਹਨ। ਕਰਿੰਦਿਆਂ ਦਾ ਖੁੱਲ੍ਹੇ ਆਮ ਚੁਣੌਤੀ ਦੇਣਾ ਕਿ ਕੋਈ ਕੀ ਕਰ ਲਵੇਗਾ। ਵਿਭਾਗੀ ਅਫ਼ਸਰਾਂ ਦੀ ਹਜ਼ੂਰੀ ਭਰਨ ਤੋਂ ਸਿਵਾਏ ਕੁਝ ਨਹੀਂ ਕਿਹਾ ਜਾ ਸਕਦਾ।
ਇਸ ਸਬੰਧੀ ਥਾਣਾ ਨਥਾਣਾ ਦੇ ਮੁਖੀ ਯੂ. ਸੀ. ਚਾਵਲਾ ਨੇ ਪੁਲਸ ਤੇ ਠੇਕੇਦਾਰਾਂ ਦੀ ਸਾਂਝ ਹੋਣ ਨੂੰ ਅਕਾਦਮਿਕ ਪੱਖੋਂ ਹੀ ਨਕਾਰਦਿਆਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ। ਵੈਸੇ ਸ਼ਰਾਬ ਦੇ ਕਾਰੋਬਾਰ ਦਾ ਸਬੰਧ ਐਕਸਾਈਜ਼ ਵਿਭਾਗ ਨਾਲ ਹੈ ਪਰ ਫਿਰ ਵੀ ਯੋਗ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਐਕਸਾਈਜ਼ ਵਿਭਾਗ ਦੀ ਕਰਮਚਾਰੀ ਮੈਡਮ ਸਰੋਜ਼ ਦਾ ਕਹਿਣਾ ਹੈ ਕਿ ਉਸ ਨੂੰ ਆਇਆਂ ਹਾਲੇ ਸਿਰਫ਼ ਮਹੀਨਾ ਹੀ ਹੋਇਆ ਹੈ। ਇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ। ਸ਼ਰਾਬ ਵੇਚਣ ਬਾਰੇ ਜਾਇਜ਼ ਜਾਂ ਨਾਜਾਇਜ਼ ਸਬੰਧੀ ਉਨ੍ਹਾਂ ਗੇਂਦ ਉੱਚ ਅਧਿਕਾਰੀਆਂ ਦੇ ਪਾਸੇ 'ਚ ਸੁੱਟ ਦਿੱਤੀ। ਐਕਸਾਈਜ਼ ਵਿਭਾਗ ਦੇ ਜ਼ਿਲਾ ਇੰਚਾਰਜ ਜਸਕਰਨ ਸਿੰਘ ਬਰਾੜ ਦਾ ਕਹਿਣਾ ਹੈ ਕਿ ਅਜਿਹੀ ਕੋਈ ਸ਼ਰਾਬ ਦੀ ਵਿਕਰੀ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ। ਜੇਕਰ ਅਜਿਹਾ ਹੋ ਰਿਹਾ ਹੈ ਤਾਂ ਉਹ ਤੁਰੰਤ ਜਾਂਚ ਕਰਕੇ ਬੰਦ ਕਰਵਾ ਦੇਣਗੇ।
ਕੈਪਟਨ ਸਾਹਿਬ ਮੇਰੇ ਮਿੱਤਰ ਹਨ : ਬਾਦਲ
NEXT STORY