ਚੰਡੀਗੜ੍ਹ (ਰਮਨਜੀਤ)-ਜੰਮੂ-ਕਸ਼ਮੀਰ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਪ੍ਰਤੀ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਸੱਤਾ ਵਿਰੋਧੀ ਘਟੀਆ ਹਰਕਤਾਂ 'ਤੇ ਉਤਰ ਆਏ ਹਨ। ਸਿਆਸੀ ਵਿਰੋਧ ਨੀਤੀਆਂ ਤੇ ਏਜੰਡਿਆਂ 'ਤੇ ਹੁੰਦਾ ਹੈ, ਨਾ ਕਿ ਨਿੱਜੀ ਤੌਰ 'ਤੇ ਸਰੀਰਕ ਹਮਲੇ ਤੇ ਮਾੜੇ ਵਿਵਹਾਰ ਨਾਲ। ਪਾਰਟੀ ਦੇ ਸੀਨੀਅਰ ਨੇਤਾ ਤੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨਾਲ ਹੋਈ ਧੱਕਾ-ਮੁੱਕੀ ਨਿੰਦਣਯੋਗ ਘਟਨਾ ਹੈ ਤੇ ਇਸ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਇਹ ਕਹਿਣਾ ਹੈ ਭਾਜਪਾ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਦਾ। ਉਹ ਨਵਜੋਤ ਸਿੰਘ ਸਿੱਧੂ 'ਤੇ ਜੰਮੂ-ਕਸ਼ਮੀਰ ਚੋਣ ਪ੍ਰਚਾਰ ਦੌਰਾਨ ਜੰਮੂ ਦੇ ਇਲਾਕੇ ਗਾਂਧੀ ਨਗਰ ਵਿਚ ਹੋਈ ਧੱਕਾ-ਮੁੱਕੀ ਦੀ ਘਟਨਾ 'ਤੇ ਪ੍ਰਤੀਕਿਰਿਆ ਦੇ ਰਹੇ ਸਨ।
ਕਮਲ ਸ਼ਰਮਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇਸ਼ ਦਾ ਇਕ ਅਜਿਹਾ ਹਿੱਸਾ ਹੈ, ਜਿਸ 'ਤੇ ਭਾਰਤੀ ਜਨਤਾ ਪਾਰਟੀ ਦੇ ਉੱਘੇ ਨੇਤਾ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਆਪਣਾ ਬਲੀਦਾਨ ਦੇਸ਼ ਵਿਰੋਧੀ ਤਾਕਤਾਂ ਦੇ ਜ਼ੁਲਮ ਖਿਲਾਫ਼ ਦਿੱਤਾ ਸੀ। ਉਨ੍ਹਾਂ ਦੀ ਹੀ ਪ੍ਰੇਰਨਾ ਨਾਲ ਭਾਜਪਾ ਨੇਤਾ ਜੰਮੂ-ਕਸ਼ਮੀਰ ਵਿਚ ਫੈਲੇ ਅੱਤਵਾਦ ਨੂੰ ਜੜ੍ਹ ਤੋਂ ਖਤਮ ਕਰਨ ਲਈ ਹੀ ਇਨ੍ਹਾਂ ਚੋਣਾਂ ਵਿਚ ਪਾਰਟੀ ਨੂੰ ਜਿੱਤ ਦਿਵਾਉਣ ਦਾ ਟੀਚਾ ਲੈ ਕੇ ਚੱਲ ਰਹੇ ਹਨ। ਲੋਕਾਂ ਦਾ ਵੀ ਸਮਰਥਨ ਭਾਜਪਾ ਨੂੰ ਮਿਲ ਰਿਹਾ ਹੈ, ਜਿਸ ਨਾਲ ਵਿਰੋਧੀਆਂ ਦੇ ਪਸੀਨੇ ਨਿਕਲ ਰਹੇ ਹਨ। ਆਪਣੀ ਹਾਰ ਦੇਖ ਕੇ ਹੀ ਸਿਆਸੀ ਵਿਰੋਧੀ ਅਜਿਹੀਆਂ ਘਟੀਆ ਤੇ ਹੋਛੀਆਂ ਹਰਕਤਾਂ ਕਰ ਰਹੇ ਹਨ।
ਦੱਸਣਯੋਗ ਹੈ ਕਿ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ 'ਤੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਗਾਂਧੀਨਗਰ ਇਲਾਕੇ 'ਚ ਚੋਣ ਪ੍ਰਚਾਰ ਦੌਰਾਨ ਕੁਝ ਸਿੱਖ ਨੌਜਵਾਨਾਂ ਨੇ ਹੱਲਾ ਬੋਲ ਦਿੱਤਾ ਸੀ। ਸਿੱਧੂ ਵਿਰੋਧੀ ਨਾਅਰੇਬਾਜ਼ੀ ਕਰਦਿਆਂ ਇਨ੍ਹਾਂ ਨੌਜਵਾਨਾਂ ਨੇ ਜਿਥੇ ਗੁਰਬਾਣੀ ਨਾਲ ਛੇੜਛਾੜ ਕਾਰਨ ਸਿੱਧੂ ਖਿਲਾਫ਼ ਨਾਅਰੇ ਲਗਾਏ, ਉੱਥੇ ਹੀ ਸਿੱਧੂ ਨਾਲ ਧੱਕਾ-ਮੁੱਕੀ ਵੀ ਕੀਤੀ ਗਈ। ਇਸ ਦੇ ਨਾਲ ਹੀ ਜਿਸ ਗੱਡੀ ਵਿਚ ਸਿੱਧੂ ਸਫ਼ਰ ਕਰ ਰਹੇ ਸਨ, ਉਸ ਦੇ ਪਿੱਛੇ ਦਾ ਸ਼ੀਸ਼ਾ ਵੀ ਤੋੜ ਦਿੱਤਾ ਗਿਆ ਸੀ।
ਨਵਜੋਤ ਸਿੱਧੂ ਦਾ ਬਾਦਲਾਂ 'ਤੇ ਦੋਸ਼ ਝੂਠਾ ਤੇ ਬੇਬੁਨਿਆਦ : ਡਾ. ਚੀਮਾ
NEXT STORY