ਦੂਜੇ ਮਨਮੁਖੀ ਹਨ, ਜਿਹੜੇ ਵਿਸ਼ਿਆਂ ਦਾ ਭੋਗ ਕਰਨ ਵਾਸਤੇ ਉਸ ਦੇ ਨਾਲ ਜੁੜਦੇ ਹਨ। ਤੀਜਿਆਂ ਵਿਚ ਅਜੇ ਐਨੀ ਸੋਝੀ ਹੀ ਨਹੀਂ ਪੈਦਾ ਹੁੰਦੀ ਕਿ ਉਹ ਪ੍ਰਮਾਤਮਾ ਨਾਲ ਜੁੜ ਸਕਣ ਪਰ ਪ੍ਰਮਾਤਮਾ ਤਾਂ ਉਨ੍ਹਾਂ ਦੇ ਵੀ ਅੰਗ-ਸੰਗ ਹੈ। ਪ੍ਰਮਾਤਮੀ ਜੋਤਿ ਅਣਜਾਣੇ ਵੀ ਉਨ੍ਹਾਂ ਨੂੰ ਸ਼ਕਤੀ ਤੇ ਪ੍ਰੇਰਣਾ ਦਿੰਦੀ ਹੈ।
ਕਿਉਂਕਿ ਖੰਡਾਂ-ਮੰਡਲਾਂ 'ਚ ਸਭ ਥਾਈਂ 'ੴ' ਦਾ ਨਾਦ ਵਿਆਪਤ ਹੀ ਹੈ, ਇਸ ਕਰਕੇ ਜਾਣੇ-ਅਣਜਾਣੇ ਸਾਰੇ ਹੀ ਪ੍ਰਮਾਤਮੀ ਜੋਤਿ 'ਚ ਇੱਕਮਿਕ ਹੋਣ ਵਾਸਤੇ ਹੀ ਅੱਗੇ ਵਧ ਰਹੇ ਹਨ। ਕਈ ਸਿੱਧੇ ਇਹ ਯਾਤਰਾ ਕਰ ਰਹੇ ਹਨ; ਕਈ ਚੱਕਰ ਖਾ-ਖਾ ਕੇ ਇਹ ਯਾਤਰਾ ਕਰਦੇ ਹਨ ਤੇ ਕਈ ਉਸ ਵੱਲ ਪਿੱਠ ਕਰਕੇ ਯਾਤਰਾ ਕਰ ਰਹੇ ਹਨ। 'ਹੋਰ ਕੇਤੇ ਗਾਵਨਿ' ਇਸ ਤਰ੍ਹਾਂ ਪ੍ਰਾਣੀਆਂ ਦੀ ਗਿਣਤੀ ਬੇਅੰਤ ਹੈ।
ਸੋਈ ਸੋਈ ਸਦਾ ਸਚੁ, ਸਾਹਿਬ ਸਾਚਾ, ਸਾਚੀ ਨਾਈ
ਹੈ ਭੀ ਹੋਸੀ ਜਾਇ ਨ ਜਾਸੀ, ਰਚਨਾ ਜਿਨਿ ਰਚਾਈ
ਪਦ ਅਰਥ : ਸੋਈ ਸੋਈ= ਉਹ ਪ੍ਰਮਾਤਮਾ ਹੀ, ਸਦਾ ਸਚੁ=ਸਦਾ ਇਕ ਰਸ ਤੇ ਵਿਕਾਰ ਰਹਿਤ ਹੈ, ਸਾਹਿਬ ਸਾਚਾ=ਉਹ ਹੀ ਸਭ ਦਾ ਸੱਚਾ (ਸਦਾ ਰਹਿਣ ਵਾਲਾ) ਮਾਲਕ ਹੈ, ਸਾਚੀ ਨਾਈ= ਉਸਦੀ ਵਡਿਆਈ ਵੀ ਸਦਾ ਰਹਿਣ ਵਾਲੀ ਹੈ, ਹੈ ਭੀ= ਹੁਣ ਵੀ ਉਹ ਜਿਉਂ ਦਾ ਤਿਉਂ ਹੈ, ਹੋ ਸੀ=ਭਵਿੱਖ ਵਿਚ ਉਹ ਇਹੋ ਜਿਹਾ ਇਕ ਰਸ ਹੀ ਰਹੇਗਾ, ਜਾਇ ਨ ਜਾਸੀ= ਨਾ ਉਸ ਦਾ ਆਦਿ ਹੈ ਤੇ ਨਾ ਉਸਦਾ ਅੰਤ, ਰਚਨਾ ਜਿਨ ਰਚਾਈ= ਜਿਸਨੇ ਇਹ ਸਾਰੀ ਸ੍ਰਿਸ਼ਟੀ ਰਚਨਾ ਕੀਤੀ ਹੈ, ਉਹ ਇਹੋ ਜਿਹਾ ਸਦਾ ਸੱਚ ਹੈ।
ਸਾਧਨਾ ਭਾਸ਼ਿਅ : ਇਨ੍ਹਾਂ ਦੋ ਤੁਕਾਂ ਵਿਚ ਗੁਰੂ ਜੀ ਤਿੰਨ ਗੱਲਾਂ ਦੱਸ ਰਹੇ ਹਨ (1) ਅਕਾਲ ਪੁਰਖ ਸਦਾ ਸੱਚ ਜਿਉਂ ਦਾ ਤਿਉਂ ਇਕਰਸ ਨਿਰਵਿਕਾਰ ਹੈ (2) ਉਸਦਾ ਨਾਮ ਵੀ ਸੱਚ ਹੈ (3) ਇਹੋ ਜਿਹਾ ਸਦਾ ਸੱਚ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ।
ਜਪੁਜੀ ਸਾਹਿਬ ਦੇ ਮੂਲ ਮੰਤਰ 'ੴ ਸਤਿਨਾਮ....' ਤੇ 'ਆਦਿ ਸਚੁ....ਹੋਸੀ ਭੀ ਸਚੁ' ਵਿਚ ਵੀ ਇਸੇ ਸਿਧਾਂਤ ਦਾ ਕਥਨ ਕੀਤਾ ਗਿਆ ਹੈ। ਹੁਣ ਫਿਰ ਇਸੇ ਸਿਧਾਂਤ ਦੀ ਚਰਚਾ ਇਕ ਵੱਖਰੇ ਪ੍ਰਸੰਗ ਵਿਚ ਕੀਤੀ ਗਈ ਹੈ। ਜਪੁ ਜੀ ਦੇ ਸ਼ੁਰੂ ਦਾ ਕਥਨ ਸੀ ਸ੍ਰਿਸ਼ਟੀ ਰਚਨਾ ਦੇ ਕਥਨ ਦਾ (ਇਹ ਚਰਚਾ ਅਸੀਂ ਮੂਲ ਮੰਤਰ ਦੀ ਵਿਆਖਿਆ ਕਰਨ ਵੇਲੇ ਕਰ ਹੀ ਚੁੱਕੇ ਹਾਂ, ਹੁਣ ਦੁਬਾਰਾ ਕਰਨ ਦੀ ਲੋੜ ਨਹੀਂ ਹੈ)। ਹੁਣ ਪ੍ਰਸੰਗ ਹੈ ਕਿ ਬ੍ਰਹਮਾ, ਵਿਸ਼ਨੂੰ, ਮਹੇਸ਼ ਆਦਿ ਮਹਾਦੇਵਾਂ ਤੋਂ ਲੈ ਕੇ, ਚਾਰੇ ਖਾਣੀਆਂ ਤਕ ਖੰਡ-ਮੰਡਲ ਬ੍ਰਹਿਮੰਡ ਸਾਰੀ ਸ੍ਰਿਸ਼ਟੀ, ਕਿਵੇਂ ਅਕਾਲ ਪੁਰਖ ਦੀ ਮਹਿਮਾ ਗਾਉਂਦੀ ਹੈ।