ਕਾਲਾ ਧਨ ਵਾਪਿਸ ਲਿਆਉਣ ਲਈ ਜੀ. ਡੀ. ਆਰ. ਰਾਹ ਜਾਂਚ ਦੇ ਘੇਰੇ 'ਚ
ਨਵੀਂ ਦਿੱਲੀ - ਸਰਕਾਰ ਨੇ ਕਾਲੇ ਧਨ ਦੇ ਲੈਣ-ਦੇਣ ਅਤੇ ਸਰਹੱਦੀ ਟੈਕਸ ਧੋਖਾਦੇਹੀ 'ਤੇ ਲਗਾਮ ਲਗਾਉਣ ਲਈ ਵਿਦੇਸ਼ਾਂ 'ਚ 7 ਖੁਫੀਆ ਇਕਾਈਆਂ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ 'ਚੋਂ 2 ਇਕਾਈਆਂ ਚੀਨ 'ਚ ਹੋਣਗੀਆਂ। 7 ਸਰਹੱਦੀ ਟੈਕਸ ਵਿਦੇਸ਼ੀ ਖੁਫੀਆ ਨੈੱਟਵਰਕ (ਕਾਈਨ) ਦਾ ਮਤਾ ਵਿਦੇਸ਼ ਮੰਤਰਾਲਾ ਕੋਲ ਵਿਚਾਰ ਅਧੀਨ ਹੈ। ਇਨ੍ਹਾਂ ਵਿਚੋਂ 3 ਇਕਾਈਆਂ ਕੋਲੰਬੋ, ਢਾਕਾ ਅਤੇ ਬੈਂਕਾਕ 'ਚ ਸਥਾਪਤ ਕੀਤੀਆਂ ਜਾਣੀਆਂ ਹਨ। ਸੂਤਰਾਂ ਅਨੁਸਾਰ ਅਜਿਹੀਆਂ 2 ਖੁਫੀਆ ਜਾਂ ਜਾਸੂਸੀ ਇਕਾਈਆਂ ਪੇਈਚਿੰਗ ਅਤੇ ਗਵਾਂਗਚਾਊਂ 'ਚ ਸ਼ੁਰੂ ਕਰਨ ਦਾ ਪ੍ਰਸਤਾਵ ਹੈ ਕਿਉਂਕਿ ਭਾਰਤ ਅਤੇ ਚੀਨ ਵਿਚਾਲੇ ਵਪਾਰ ਕਾਫੀ ਤੇਜ਼ੀ ਨਾਲ ਵਧਿਆ ਹੈ। ਇਸ ਦੌਰਾਨ ਘੱਟ ਕੀਮਤ ਆਂਕਣਾ ਅਤੇ ਡੰਪਿੰਗ ਵਿਰੋਧੀ ਟੈਕਸ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਮਾਲੀਆ ਖੁਫੀਆ ਨੇ 2 ਕਾਈਨ ਬ੍ਰਾਸੀਲੀਆ (ਬ੍ਰਾਜ਼ੀਲ) ਅਤੇ ਪ੍ਰੀਟੋਰੀਆ (ਦੱਖਣ ਅਫਰੀਕਾ) 'ਚ ਵੀ ਸਥਾਪਤ ਕਰਨ ਦਾ ਪ੍ਰਸਤਾਵ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ 7 ਨਵੀਆਂ ਕਾਈਨ ਇਕਾਈਆਂ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਹਾਲੇ ਆਖਰੀ ਰੂਪ ਨਹੀਂ ਦਿੱਤਾ ਗਿਆ ਹੈ। ਹਾਲੇ ਤੱਕ ਇਸ ਤਰ੍ਹਾਂ ਦੇ 9 ਅਧਿਕਾਰੀ ਦੁਬਈ, ਹਾਂਗਕਾਂਗ, ਕਾਠਮੰਡੂ, ਲੰਦਨ, ਨਿਊਯਾਰਕ, ਮਾਸਕੋ, ਸਿੰਗਾਪੁਰ ਅਤੇ ਬ੍ਰਸੇਲਜ਼ ਵਿਚ ਤਾਇਨਾਤ ਹਨ। ਦੂਜੇ ਪਾਸੇ ਦੇਸ਼ ਵਿਚ ਕਾਲਾ ਧਨ ਵਾਪਸ ਲਿਆਉਣ ਅਤੇ ਟੈਕਸ ਚੋਰੀ ਲਈ ਸ਼ੇਅਰ ਬਾਜ਼ਾਰ ਦੀ ਦੁਰਵਰਤੋਂ ਕੀਤੇ ਜਾਣ ਦੀ ਜਾਂਚ 'ਚ ਰੈਗੂਲੇਟਰੀ ਅਤੇ ਹੋਰ ਏਜੰਸੀਆਂ ਨੂੰ ਸ਼ੱਕ ਹੈ ਕਿ ਵਿਦੇਸ਼ ਵਿਚ ਜਮ੍ਹਾ ਕਾਲੇ ਧਨ ਨੂੰ ਦੇਸ਼ 'ਚ ਵਾਪਸ ਲਿਆਉਣ ਲਈ ਗਲੋਬਲ ਡਿਪਾਜ਼ਿਟਰੀ ਰਿਸੀਟਸ (ਜੀ. ਡੀ. ਆਰ.) ਮਾਰਗ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਗੋਰਖਧੰਦੇ ਵਿਚ ਕਾਲੇ ਧਨ ਨੂੰ ਕਈ ਤਹਿਆਂ 'ਚੋਂ ਲੰਘ ਕੇ ਭਾਰਤ ਵਾਪਸ ਲਿਆਉਣ ਲਈ ਖਾਸ ਤੌਰ 'ਤੇ ਸਵਿਟਜ਼ਰਲੈਂਡ, ਹਾਂਗਕਾਂਗ, ਸਿੰਗਾਪੁਰ, ਮਾਰੀਸ਼ੀਅਸ, ਦੁਬਈ ਅਤੇ ਕੈਨੇਡਾ ਵਰਗੇ ਮੁਲਕਾਂ 'ਚ ਰਜਿਸਟਰਡ ਇਕਾਈਆਂ ਦੇ ਪੇਚੀਦਾ ਜਾਲ ਬੁਣੇ ਗਏ ਹਨ।
ਕਾਲਾ ਧਨ ਰੱਖਣ ਵਾਲਿਆਂ ਲਈ ਇਸ ਨੂੰ ਵਾਪਸ ਲਿਆਉਣ ਦਾ ਮਹੱਤਵਪੂਰਨ ਮਾਰਗ 'ਰਾਊਂਡ ਟ੍ਰਿਪਿੰਗ' (ਘੁਮਾ-ਫਿਰਾ ਕੇ ਵਾਪਸ ਲਿਆਉਣਾ) ਹੈ। ਇਸ ਵਿਚ ਕਿਸੇ ਇਕਾਈ ਵਲੋਂ ਜਾਇਦਾਦ ਜਾਂ ਧਨ ਕਾਰੋਬਾਰੀ ਸੌਦੇ ਦੇ ਨਾਂ 'ਤੇ ਵਿਦੇਸ਼ੀ ਇਕਾਈ ਨੂੰ ਤਬਦੀਲ ਕੀਤਾ ਜਾਂਦਾ ਹੈ ਅਤੇ ਬਾਅਦ 'ਚ ਉਸ ਨੂੰ ਵਾਪਸ ਖਰੀਦਣ ਦੀ ਸਹਿਮਤੀ ਹੁੰਦੀ ਹੈ। ਇਸ ਤੋਂ ਇਲਾਵਾ ਇਹ ਕੰਪਨੀਆਂ ਕਾਲੇ ਧਨ ਨੂੰ ਵਾਪਸ ਲਿਆਉਣ ਲਈ ਅਜਿਹੀਆਂ ਕੰਪਨੀਆਂ ਰਾਹੀਂ ਕਾਰੋਬਾਰ ਕਰਦੀਆਂ ਹਨ ਜੋ ਸਿਰਫ ਕਾਗਜ਼ 'ਤੇ ਹੁੰਦੀਆਂ ਹਨ।
ਸੇਬੀ ਇਨ੍ਹਾਂ ਵਿਅਕਤੀਆਂ ਅਤੇ ਕੰਪਨੀਆਂ ਵਲੋਂ ਸ਼ੇਅਰ ਬਾਜ਼ਾਰ ਉਲੰਘਣਾ ਦੀ ਜਾਂਚ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਇਨ੍ਹਾਂ ਨੇ ਟੈਕਸ ਤੋਂ ਬਚਣ ਅਤੇ ਕਾਲੇ ਧਨ ਨੂੰ ਜਾਇਜ਼ ਧਨ ਵਿਚ ਬਦਲਣ ਲਈ ਘੱਟ ਤੋਂ ਘੱਟ 25 ਸੂਚੀਬੱਧ ਕੰਪਨੀਆਂ ਦੇ ਨਾਲ ਕਾਰੋਬਾਰ ਦੀ ਵਰਤੋਂ ਕੀਤੀ, ਇਸ ਲਈ ਇਨ੍ਹਾਂ ਕੰਪਨੀਆਂ ਨੇ ਸ਼ੇਅਰ ਬਾਜ਼ਾਰ ਵਿਚ ਨਕਲੀ ਘਾਟਾ ਜਾਂ ਲਾਭ ਦਿਖਾਇਆ।
ਈ. ਪੀ. ਐੱਫ. ਓ. ਅੰਸ਼ਧਾਰਕਾਂ ਲਈ ਸਸਤੀ ਰਿਹਾਇਸ਼ ਯੋਜਨਾ 'ਤੇ ਕੰਮ ਚਾਲੂ
NEXT STORY