ਸਿਡਨੀ- ਸੁਰੇਸ਼ ਰੈਣਾ ਦੀ ਕਾਫ਼ੀ ਦੇਰ ਬਾਅਦ ਟੈਸਟ ਟੀਮ 'ਚ ਵਾਪਸੀ ਹੋਈ ਹੈ ਉਹ ਉਸ ਨੂੰ ਮਿਲੇ ਫਾਇਦੇ ਦੇ ਫਾਇਦਾ ਚੁੱਕਣ 'ਚ ਨਾਕਾਮ ਰਿਹਾ ਹੈ। ਰੈਣਾ ਦੇ ਵਨਡੇ 'ਚ ਵਧੀਆ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਸ ਨੂੰ ਟੈਸਟ ਟੀਮ 'ਚ ਸ਼ਾਮਲ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਸੀ ਤੇ ਆਖ਼ਰ ਰੈਣਾ ਨੂੰ ਢਾਈ ਸਾਲ ਬਾਅਦ ਆਸਟ੍ਰੇਲੀਆ ਵਿਰੁੱਧ ਚੌਥੇ ਟੈਸਟ 'ਚ ਸ਼ਾਮਲ ਕਰ ਲਿਆ ਗਿਆ ਪਰ ਰੈਣਾ ਦੀ ਬਦਕਿਸਮਤੀ ਕਿ ਉਹ ਟੈਸਟ ਮੈਚ ਦੀਆਂ ਦੋਹਾਂ ਪਾਰੀਆਂ 'ਚ ਖ਼ਾਤਾ ਵੀ ਨਾ ਖੋਲ੍ਹ ਸਕਿਆ।
ਪਹਿਲੀ ਪਾਰੀ 'ਚ ਰੈਣਾ ਪਹਿਲੀ ਹੀ ਗੇਂਦ 'ਤੇ ਵਾਟਸਨ ਦੀ ਗੇਂਦ 'ਤੇ ਵਿਕਟਕੀਪਰ ਹੱਥੋਂ ਕੈਚ ਆਊਟ ਹੋ ਗਿਆ ਸੀ ਅਤੇ ਅੱਜ ਦੂਜੀ ਪਾਰੀ 'ਚ ਸਿਰਫ ਤਿੰਨ ਗੇਂਦਾਂ ਖੇਡ ਕੇ ਸਟਾਰਕ ਦੀ ਗੇਂਦ 'ਤੇ ਐੱਲ.ਬੀ.ਡਬਲੂਯ ਹੋ ਗਿਆ।
ਜ਼ੀਰੋ 'ਤੇ ਆਊਟ ਹੋਣ ਦੀ ਹੈਟ੍ਰਿਕ
ਸਿਡਨੀ ਟੈਸਟ ਦੀ ਦੂਜੀ ਪਾਰੀ 'ਚ ਸਿਫ਼ਰ 'ਤੇ ਆਊਟ ਹੁੰਦੇ ਹੀ ਰੈਣਾ ਨੇ ਟੈਸਟ ਕ੍ਰਿਕਟ 'ਚ ਜ਼ੀਰੋ 'ਤੇ ਆਊਟ ਹੋਣ ਦੀ ਹੈਟ੍ਰਿਕ ਬਣਾ ਦਿੱਤੀ। ਪਹਿਲੀ ਪਾਰੀ 'ਚ ਵੀ ਸਿਫ਼ਰ 'ਤੇ ਆਊਟ ਹੋਣ ਤੋਂ ਇਲਾਵਾ ਉਹ ਢਾਈ ਸਾਲ ਪਹਿਲਾਂ ਬੰਗਲੌਰ 'ਚ ਨਿਊਜ਼ੀਲੈਂਡ ਖਿਲਾਫ ਵੀ ਆਪਣੇ ਪਿਛਲੇ ਆਖ਼ਰੀ ਟੈਸਟ 'ਚ ਖ਼ਾਤਾ ਨਹੀਂ ਖੋਲ ਸਕਿਆ ਸੀ। ਰੈਣਾ ਆਪਣੀਆਂ ਪਿਛਲੀਆਂ 7 ਪਾਰੀਆਂ 'ਚ ਉਹ 5 ਵਾਰ ਇਕ ਵੀ ਰਨ ਨਹੀਂ ਬਣਾ ਸਕਿਆ। ਉੱਥੇ ਹੀ 18 ਟੈਸਟ ਦੀਆਂ 31 ਪਾਰੀਆਂ 'ਚ ਉਹ 8ਵੀਂ ਵਾਰ ਸਿਫ਼ਰ 'ਤੇ ਆਊਟ ਹੋਇਆ ਹੈ। ਰੈਣਾ ਆਪਣੇ ਟੈਸਟ ਕੈਰੀਅਰ 'ਚ ਸਿਰਫ਼ ਇਕ ਸੈਂਕੜਾ ਜੜ੍ਹ ਸਕਿਆ ਹੈ ਜੋ ਉਸ ਨੇ ਆਪਣੇ ਪਹਿਲੇ ਟੈਸਟ 'ਚ ਸ਼੍ਰੀਲੰਕਾ ਖਿਲਾਫ ਬਣਾਇਆ ਸੀ।
ਦੂਜੀ ਵਾਰ ਇਕ ਟੈਸਟ 'ਚ ਡਬਲ ਡੱਕ
ਰੈਣਾ ਟੈਸਟ 'ਚ ਦੂਜੀ ਵਾਰ ਦੋਹਾਂ ਪਾਰੀਆਂ 'ਚ ਸਿਫ਼ਰ 'ਤੇ ਆਊਟ ਹੋਇਆ। ਇਸ ਤੋਂ ਪਹਿਲਾਂ ਅਗਸਤ 2011 'ਚ ਇੰਗਲੈਂਡ ਖਿਲਾਫ ਓਵਲ ਟੈਸਟ ਦੀਆਂ ਦੋਹਾਂ ਪਾਰੀਆਂ 'ਚ ਵੀ ਜ਼ੀਰੋ 'ਤੇ ਆਊਟ ਹੋਇਆ ਸੀ। ਰੈਣਾ ਦੇ ਇਸ ਨਿਰਾਸ਼ਾਜਨਕ ਪਰਦਰਸਨ ਤੋਂ ਬਾਅਦ ਲੱਗਦਾ ਨਹੀਂ ਕਿ ਹੁਣ ਉਸ ਨੂੰ ਫਿਰ ਤੋਂ ਟੈਸਟ ਟੀਮ 'ਚ ਜਗ੍ਹਾ ਮਿਲ ਸਕੇਗੀ।
ਭਾਰਤ ਨੇ ਮੈਚ ਡ੍ਰਾ ਕਰਾਇਆ, ਲੜੀ 2-0 ਨਾਲ ਆਸਟ੍ਰੇਲੀਆ ਨੇ ਜਿੱਤੀ
NEXT STORY