ਚੇਨਈ, ਸਾਬਕਾ ਚੈਂਪੀਅਨ ਤੇ ਚੋਟੀ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੇ ਸਲੋਵੇਨੀਆ ਦੇ 'ਜੁਆਇੰਟ ਕਿਲਰ' ਕੁਆਲੀਫਾਇਰ ਐਲਜਾਜ ਬੇਦੇਨੇ ਨੂੰ ਐਤਵਾਰ ਨੂੰ 6-3, 6-4 ਨਾਲ ਹਰਾਉਂਦੇ ਹੋਏ ਤੀਜੀ ਵਾਰ ਚੇਨਈ ਓਪਨ ਏ. ਟੀ. ਪੀ. ਟੈਨਿਸ ਟੂਰਨਾਮੈਂਟ ਜਿੱਤ ਕੇ ਨਵਾਂ ਇਤਿਹਾਸ ਰੱਚ ਦਿੱਤਾ। ਵਾਵਰਿੰਕਾ ਨੇ ਆਪਣੀ ਸਮਰੱਥਾ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ ਬੇਦੇਨੇ ਦੀ ਚੁਣੌਤੀ ਨੂੰ ਇਕ ਘੰਟਾ 10 ਮਿੰਟ ਵਿਚ ਢੇਰ ਕਰਦੇ ਹੋਏ ਤੀਜੀ ਵਾਰ ਇਹ ਖਿਤਾਬ ਜਿੱਤ ਲਿਆ। ਵਾਵਰਿੰਕਾ ਚੇਨਈ ਓਪਨ ਦੇ 20 ਸਾਲਾਂ ਦੇ ਇਤਿਹਾਸ ਵਿਚ ਇਹ ਖਿਤਾਬ ਤੀਜੀ ਵਾਰ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਉਸ ਨੇ 2011 ਤੇ 2014 ਵਿਚ ਵੀ ਇਹ ਖਿਤਾਬ ਜਿੱਤਿਆ ਸੀ।
ਚਨੇਈ ਓਪਨ ਨੂੰ ਆਪਣੇ ਲਈ 'ਵਿਸ਼ੇਸ਼' ਮੰਨਣ ਵਾਲੇ ਵਾਵਰਿੰਕਾ ਨੇ ਇਕ ਵਾਰ ਫਿਰ ਨਵੇਂ ਸੈਸ਼ਨ ਦੀ ਸ਼ੁਰੁਆਤ ਖਿਤਾਬੀ ਜਿੱਤ ਨਾਲ ਕੀਤੀ ਹੈ। ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਵਾਵਰਿੰਕਾ ਨੇ ਪਿਛਲੇ ਸਾਲ ਚੇਨਈ ਓਪਨ ਜਿੱਤਿਆ ਸੀ ਤੇ ਫਿਰ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੂੰ ਚਾਰ ਸੈੱਟਾਂ ਵਿਚ ਹਰਾ ਕੇ ਆਸਟ੍ਰੇਲੀਅਨ ਓਪਨ ਦੇ ਰੂਪ ਵਿਚ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਸੀ। ਸਵਿਸ ਖਿਡਾਰੀ ਨੇ ਚੇਨਈ ਓਪਨ ਦੀ ਜਿੱਤ ਤੋਂ ਸਾਬਤ ਕਰ ਦਿੱਤਾ ਹੈ ਕਿ ਉਹ ਟਾਪ ਫਾਰਮ ਵਿਚ ਹੈ ਤੇ 19 ਜਨਵਰੀ ਤੋਂ ਮੈਲਬੋਰਨ ਵਿਚ ਸ਼ੁਰੂ ਹੋਣ ਵਾਲੇ ਆਸਟ੍ਰੇਲੀਅਨ ਓਪਨ ਵਿਚ ਆਪਣਾ ਖਿਤਾਬ ਬਚਾਉਣ ਲਈ ਤਿਆਰ ਹੈ। ਚੇਨਈ ਓਪਨ ਦੇ 20 ਸਾਲਾਂ ਦੇ ਇਤਿਹਾਸ ਵਿਚ ਇਸ ਤੋਂ ਪਹਿਲਾਂ ਕੋਈ ਵੀ ਖਿਡਾਰੀ ਤਿੰਨ ਵਾਰ ਇਹ ਖਿਤਾਬ ਨਹੀਂ ਜਿੱਤ ਸਕਿਆ ਹੈ। ਸਪੇਨ ਦੇ ਕਾਰਲੋਸ ਮੋਯਾ ਨੇ 2004 ਤੇ 2005 ਵਿਚ ਤੇ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੇ 2009 ਤੇ 2010 ਵਿਚ ਦੋ-ਦੋ ਵਾਰ ਇਹ ਖਿਤਾਬ ਜਿੱਤਿਆ ਹੈ।
ਫਾਰਮੂਲਾ-ਈ : ਕਾਰ ਦੁਰਘਟਨਾਗ੍ਰਤ ਹੋਣ ਨਾਲ ਚੰਡੋਕ ਰੇਸ ਤੋਂ ਬਾਹਰ
NEXT STORY