ਇੰਗਲੈਂਡ ਦੀ ਧਰਤੀ 'ਤੇ ਹੋਏ ਦੂਜੇ ਵਿਸ਼ਵ ਕੱਪ 'ਚ ਵੀ ਦੁਨੀਆ ਦੀਆਂ 8 ਟੀਮਾਂ ਨੇ ਆਪਣੀ ਕਿਸਮਤ ਅਜ਼ਮਾਈ। ਪਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਵੈਸਟਇੰਡੀਜ਼ ਦੀ ਟੀਮ ਇਸ ਵਾਰ ਵੀ ਕੱਪ ਦੀ ਪ੍ਰਮੁੱਖ ਦਾਅਵੇਦਾਰ ਸੀ। 23 ਜੂਨ 1979 ਨੂੰ ਫ਼ਾਈਨਲ 'ਚ ਵੈਸਟਇੰਡੀਜ਼ ਦਾ ਮੁਕਾਬਲਾ ਮੇਜ਼ਬਾਨ ਇੰਗਲੈਂਡ ਦੀ ਟੀਮ ਨਾਲ ਸੀ ਅਤੇ ਖਿਤਾਬੀ ਟੱਕਰ ਲਈ ਦੋਵੇਂ ਟੀਮਾਂ ਲਾਰਡਸ ਦੇ ਮੈਦਾਨ 'ਤੇ ਆਹਮੋ-ਸਾਹਮਣੇ ਸਨ। ਇੰਗਲੈਂਡ ਨੇ ਟਾਸ ਜਿੱਤ ਕੇ ਫ਼ੀਲਡਿੰਗ ਕਰਨ ਨੂੰ ਤਰਜੀਹ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ 100 ਦੇ ਸਕੋਰ ਤਕ ਵੈਸਟਇੰਡੀਜ਼ ਦੀ ਪਾਰੀ ਲੜਖੜਾਉਂਦੀ ਰਹੀ ਅਤੇ ਜਦ ਉਸ ਦੇ ਚਾਰ ਖਿਡਾਰੀ 99 ਦੇ ਸਕੋਰ 'ਤੇ ਆਊਟ ਹੋ ਗਏ ਤਾਂ ਧਾਕੜ ਬੱਲੇਬਾਜ਼ ਵਿਵੀਅਨ ਰਿਚਰਡਸ ਨੇ 3 ਛੱਕਿਆਂ ਤੇ 11 ਚੌਕਿਆਂ ਨਾਲ 138 ਦੌੜਾਂ ਅਤੇ ਕੌਲਿਸ ਕਿੰਗ ਨੇ 66 ਗੇਂਦਾਂ 'ਚ 3 ਛੱਕਿਆਂ ਅਤੇ 10 ਚੌਕਿਆਂ ਦੀ ਮਦਦ ਨਾਲ 86 ਦੌੜਾਂ ਦੀ ਆਤਿਸ਼ੀ ਪਾਰੀ ਖੇਡ ਕੇ ਆਪਣੀ ਟੀਮ ਲਈ 286 ਦੌੜਾਂ ਦਾ ਸਕੋਰ ਖੜ੍ਹਾ ਕਰ ਦਿੱਤਾ, ਜਿਸ ਦਾ ਪਿੱਛਾ ਕਰਦਿਆਂ ਇੰਗਲੈਂਡ ਦੇ ਓਪਨਰ ਬ੍ਰੀਅਰਲੀ ਨੇ 64 ਅਤੇ ਜਿਓਫ ਬਾਇਕਾਟ ਨੇ 57 ਦੌੜਾਂ ਨਾਲ ਪਹਿਲੀ ਵਿਕਟ ਲਈ 129 ਦੌੜਾਂ ਜੋੜੀਆਂ ਪਰ ਉਨ੍ਹਾਂ ਦੇ ਹੌਲੀ ਖੇਡਣ ਕਾਰਨ ਰਨ ਰੇਟ ਦੇ ਨਾਲ-ਨਾਲ ਖਿਡਾਰੀਆਂ 'ਤੇ ਦਬਾਅ ਵੀ ਵਧਦਾ ਗਿਆ ਅਤੇ 183 ਦੇ ਸਕੋਰ ਤੋਂ ਬਾਅਦ ਤਾਂ ਵੈਸਟਇੰਡੀਜ਼ ਦੇ 6 ਫ਼ੁੱਟ 8 ਇੰਚ ਲੰਮੇ ਗੇਂਦਬਾਜ਼ ਜਿਓਲ ਗਾਰਨਰ ਅੱਗੇ ਇੰਗਲੈਂਡ ਦੀ ਟੀਮ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਈ। ਇੰਗਲੈਂਡ ਦੀ ਪੂਰੀ ਟੀਮ 194 ਦੌੜਾਂ ਹੀ ਬਣਾ ਸਕੀ ਅਤੇ ਵੈਸਟਇੰਡੀਜ਼ ਨੇ 92 ਦੌੜਾਂ ਦੇ ਫ਼ਰਕ ਨਾਲ ਫ਼ਾਈਨਲ ਜਿੱਤ ਲਿਆ। ਇਸ ਤਰ੍ਹਾਂ ਵਿਵ ਰਿਚਰਡਸ ਤੇ ਜਿਓਲ ਗਾਰਨਰ ਵੈਸਟਇੰਡੀਜ਼ ਦੀ ਜਿੱਤ ਦੇ ਹੀਰੋ ਬਣੇ ਅਤੇ ਵੈਸਟਇੰਡੀਜ਼ ਦੀ ਟੀਮ ਨੇ ਲਗਾਤਾਰ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਦੱਖਣੀ ਅਫਰੀਕਾ ਨੇ ਤੀਜਾ ਤੇ ਆਖਰੀ ਟੀ-20 ਜਿੱਤਿਆ
NEXT STORY