ਬੀ.ਬੀ.ਸੀ ਟੀਮ ਦੀ ਹੜਤਾਲ ਹੋਣ ਕਾਰਨ ਇਹ ਪਾਰੀ ਨਹੀਂ ਹੋ ਸਕੀ ਸੀ ਰਿਕਾਰਡ
ਤੀਸਰੇ ਵਿਸ਼ਵ ਕੱਪ 'ਚ ਆਸਟ੍ਰੇਲੀਆ ਨੂੰ ਹਰਾ ਕੇ ਜ਼ਿੰਬਾਬਵੇ ਦੀ ਟੀਮ ਪੂਰੇ ਆਤਮਵਿਸ਼ਵਾਸ ਨਾਲ ਭਰੀ ਹੋਈ ਸੀ ਅਤੇ ਹੁਣ ਉਸਦਾ ਅਗਲਾ ਮੁਕਾਬਲਾ 18 ਜੂਨ 1983 ਨੂੰ ਟਨਬ੍ਰਿਜ ਵੈਲ ਦੀ ਨੈਵਿਲ ਗਰਾਊਂਡ 'ਚ ਭਾਰਤੀ ਟੀਮ ਨਾਲ ਹੋਣ ਜਾ ਰਿਹਾ ਸੀ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਮਨ ਬਣਾਇਆ ਪਰ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਾ ਰਹੀ। ਸੁਨੀਲ ਗਾਵਸਕਰ ਅਤੇ ਕ੍ਰਿਸ਼ਨਾਮਾਚਾਰੀ ਸ਼੍ਰੀਕਾਂਤ ਸਮੇਤ ਜਦੋਂ ਭਾਰਤ ਦੇ 5 ਚੋਟੀ ਦੇ ਬੱਲੇਬਾਜ਼ ਸਿਰਫ਼ 17 ਦੌੜਾਂ 'ਤੇ ਆਊਟ ਹੋ ਪੈਵੀਲੀਅਨ ਪਰਤ ਚੁੱਕੇ ਸਨ ਤਾਂ ਸਾਰਾ ਦਾਰੋਮਦਾਰ ਕਪਤਾਨ ਕਪਿਲ ਦੇਵ ਦੇ ਮੋਢਿਆਂ 'ਤੇ ਆ ਗਿਆ ਸੀ, ਜਿਸ ਤੋਂ ਭਾਰਤ ਨੂੰ ਭਾਰੀ ਉਮੀਦਾਂ ਸਨ। ਕਪਿਲ ਦੇਵ ਨੇ ਮੈਦਾਨ ਤੇ ਆਉਂਦਿਆਂ ਹੀ ਜਿੰਬਾਬਵੇ ਦੇ ਗੇਂਦਬਾਜਾਂ ਦੀ ਧੁਨਾਈ ਕਰਦਿਆਂ ਚੌਕਿਆਂ ਅਤੇ ਛੱਕਿਆਂ ਦੀ ਵਾਛੜ ਕਰ ਦਿੱਤੀ ਅਤੇ 6 ਛੱਕਿਆ ਅਤੇ 16 ਚੌਕਿਆਂ ਦੀ ਮਦਦ ਨਾਲ ਸਿਰਫ਼ 138 ਗੇਂਦਾਂ 'ਤੇ ਬਿਨਾ ਆਊਟ ਹੋਇਆਂ 175* ਦੌੜਾਂ ਦੀ ਧੂਆਂਧਾਰ ਪਾਰੀ ਖੇਡੀ। ਬੀ.ਬੀ.ਸੀ ਦੀ ਟੀਮ ਹੜਤਾਲ 'ਤੇ ਹੋਣ ਕਾਰਨ ਭਾਵੇਂ ਕਪਿਲ ਦੀ ਪਾਰੀ ਦੇ ਉਹ ਪਲ ਰਿਕਾਰਡ ਤਾਂ ਨਾਂ ਹੋ ਸਕੇ ਪਰ ਜੋ ਕਾਰਨਾਮਾ ਕਪਿਲ ਦੇਵ ਨੇ ਕਰ ਦਿਖਾਇਆ ਉਹ ਅੱਜ ਵੀ ਕਰੋੜਾਂ ਭਾਰਤੀਆਂ ਦੇ ਦਿਲਾਂ 'ਤੇ ਉੱਕਰਿਆ ਪਿਆ ਹੈ ਅਤੇ ਉਨ੍ਹਾਂ ਸੁਨਹਿਰੀ ਪਲਾਂ ਨੂੰ ਭਾਰਤੀ ਕ੍ਰਿਕਟ ਪ੍ਰੇਮੀ ਕਦੇ ਵੀ ਨਹੀਂ ਭੁਲਾ ਸਕਣਗੇ। ਕਪਿਲ ਦੇਵ ਦੀ ਇਸ ਪਾਰੀ ਤੋਂ ਭਾਰਤ ਦਾ ਲਿਟਲ ਮਾਸਟਰ ਸੁਨੀਲ ਗਾਵਸਕਰ ਏਨਾ ਪ੍ਰਭਾਵਿਤ ਹੋਇਆ ਕਿ ਕਪਿਲ ਲਈ ਪਾਣੀ ਦਾ ਗਿਲਾਸ ਲੈ ਕੇ ਪੈਵੀਲੀਅਨ ਦੇ ਅੱਧ ਤੱਕ ਅੱਪੜ ਗਿਆ। ਭਾਰਤੀ ਪਾਰੀ 'ਚ ਕਪਿਲ ਤੋਂ ਇਲਾਵਾ ਰੌਜਰ ਬਿੰਨੀ ਨੇ 22, ਮਦਨ ਲਾਲ ਨੇ 17 ਅਤੇ ਵਿਕਟ ਕੀਪਰ ਸਈਅਦ ਕਿਰਮਾਨੀ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਦੀਆਂ 266 ਦੌੜਾਂ ਦੇ ਜਵਾਬ 'ਚ ਜਿੰਬਾਬਵੇ ਦੀ ਟੀਮ 235 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ ਇਹ ਮੈਚ 31 ਦੌੜਾਂ ਦੇ ਫ਼ਰਕ ਨਾਲ ਜਿੱਤ ਲਿਆ।
ਸਰਿਤਾ ਨੇ ਦੇਸ਼ ਨੂੰ ਸ਼ਰਮਸਾਰ ਕੀਤੈ : ਮਿਲਖਾ
NEXT STORY