ਜਲੰਧਰ, (ਗੁਰਪ੍ਰੀਤ ਸਿੰਘ ਸੰਧੂ)-ਜਾਗਰੂਕ ਖਪਤਕਾਰਾਂ ਵਲੋਂ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਮਾਣਯੋਗ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਵਿਖੇ ਕੀਤੀਆਂ ਗਈਆਂ ਸ਼ਿਕਾਇਤਾਂ ਤਹਿਤ ਰਾਹਤ ਪ੍ਰਾਪਤ ਹੋਣ ਦੇ ਹੋਰ ਵੀ ਕਈ ਮਾਮਲੇ ਸਾਹਮਣੇ ਆ ਰਹੇ ਹਨ। ਅੰਮ੍ਰਿਤਸਰ ਦੇ ਜ਼ਿਲਾ ਸ਼ਾਪਿੰਗ ਸੈਂਟਰ, ਰਣਜੀਤ ਐਵੇਨਿਊ ਸਥਿਤ ਖਪਤਕਾਰ ਫੋਰਮ ਨੇ ਦੋ ਵੱਖ-ਵੱਖ ਮੋਬਾਈਲ ਖਪਤਕਾਰਾਂ ਦੀ ਸ਼ਿਕਾਇਤ 'ਤੇ ਮਾਈਕ੍ਰੋਮੈਕਸ ਅਤੇ ਕਾਰਬਨ ਕੰਪਨੀਆਂ ਨੂੰ ਗਾਹਕਾਂ ਦੇ ਮੋਬਾਈਲ ਫੋਨ ਬਦਲੀ ਕਰਕੇ ਦੇਣ ਅਤੇ ਉਨ੍ਹਾਂ ਨੂੰ ਕ੍ਰਮਵਾਰ 2000 ਅਤੇ 1000 ਰੁਪਏ ਹਰਜਾਨੇ ਵਜੋਂ ਅਦਾ ਕਰਨ ਦੇ ਹੁਕਮ ਸੁਣਾਏ ਹਨ।
ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਉਪਿੰਦਰਜੀਤ ਸਿੰਘ ਵਾਸੀ ਚਾਟੀਵਿੰਡ ਗੇਟ ਅੰਮ੍ਰਿਤਸਰ ਨੇ ਮਾਈਕ੍ਰੋਮੈਕਸ ਮੋਬਾਈਲ ਕੰਪਨੀ ਦੇ ਸਥਾਨਕ ਡੀਲਰ ਅਤੇ ਕੰਪਨੀ ਦੇ ਸਰਵਿਸ ਸੈਂਟਰ ਨੂੰ ਪਾਰਟੀ ਬਣਾਉਂਦੇ ਹੋਏ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਨੇ ਡੀਲਰ ਕੋਲੋਂ ਰਿਟੇਲ ਇਨਵਾਇਸ ਨੰਬਰ 7803 ਮਿਤੀ 28 ਫਰਵਰੀ 2013 ਤਹਿਤ ਇਕ ਮਾਈਕ੍ਰੋਮੈਕਸ ਮੋਬਾਈਲ ਸੈੱਟ 11,000 ਰੁਪਏ 'ਚ ਖਰੀਦਿਆ ਸੀ ਪਰ ਕੁਝ ਹੀ ਦਿਨਾਂ ਬਾਅਦ ਸੈੱਟ ਨੇ ਸਪੀਕਰ/ਮਾਈਕ ਅਤੇ ਹੈਂਗਿੰਗ ਆਦਿ ਦਿੱਕਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੀ ਪਤਨੀ ਕੰਪਨੀ ਦੇ ਸਰਵਿਸ ਸੈਂਟਰ ਵਿਖੇ 25 ਜੁਲਾਈ 2013 ਨੂੰ ਸੈੱਟ ਲੈ ਕੇ ਗਈ ਤਾਂ ਉਸਦਾ ਫੋਨ ਠੀਕ ਕਰਨ ਲਈ ਜਮ੍ਹਾ ਕਰ ਲਿਆ ਪਰ ਠੀਕ ਕਰਕੇ ਦੇਣ ਤੋਂ ਬਾਅਦ ਛੇਤੀ ਹੀ ਇਹ ਫਿਰ ਤੋਂ ਖਰਾਬ ਕਰਨ ਲੱਗਾ ਅਤੇ ਇਸ ਵਿਚ ਹੋਰ ਵੀ ਨਵੀਂ ਦਿੱਕਤ ਆਉਣ ਲੱਗੀ। ਇਸ ਤਰ੍ਹਾਂ 31 ਜੁਲਾਈ ਨੂੰ ਵੀ ਮੁਰੰਮਤ ਤੋਂ ਬਾਅਦ ਨੁਕਸ ਦੂਰ ਨਾ ਹੋਏ ਤਾਂ 28 ਅਗਸਤ 2013 ਨੂੰ ਸਰਵਿਸ ਸੈਂਟਰ ਨੇ ਮੈਨੂਫੈਕਚਰਿੰਗ ਡਿਫੈਕਟ ਹੋਣ ਅਤੇ ਮੋਹਾਲੀ ਵਿਖੇ ਮੋਬਾਈਲ ਤਬਦੀਲੀ ਲਈ ਭੇਜਣ ਹਿੱਤ ਜਮ੍ਹਾ ਕਰ ਲਿਆ ਪਰ ਉਸ ਤੋਂ ਬਾਅਦ ਵਾਰ-ਵਾਰ ਗੇੜੇ ਮਾਰਨ ਤੋਂ ਬਾਅਦ ਵੀ ਉਸ ਨੂੰ ਨਵਾਂ ਮੋਬਾਈਲ ਪ੍ਰਦਾਨ ਨਾ ਕੀਤਾ ਗਿਆ। ਖਪਤਕਾਰ ਨੇ ਖਪਤਕਾਰ ਫੋਰਮ ਦਾ ਬੂਹਾ ਖੜਕਾਇਆ ਅਤੇ ਅਦਾ ਕੀਤੀ ਗਈ ਮੋਬਾਈਲ ਦੀ ਕੀਮਤ ਅਤੇ ਹਰਜਾਨਾ ਅਦਾ ਕਰਨ ਦੀ ਮੰਗ ਕੀਤੀ।
ਜ਼ਿਲਾ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਭੁਪਿੰਦਰ ਸਿੰਘ ਅਤੇ ਮੈਂਬਰ ਕੁਲਵੰਤ ਕੌਰ ਬਾਜਵਾ ਨੇ ਤੱਥਾਂ ਦੀ ਪੜਚੋਲ ਤੋਂ ਬਾਅਦ ਸੁਣਾਏ ਆਪਣੇ ਫੈਸਲੇ ਵਿਚ ਮਾਈਕ੍ਰੋਮੈਕਸ ਮੋਬਾਈਲ ਕੰਪਨੀ ਅਤੇ ਉਸਦੇ ਲੋਕਲ ਸਰਵਿਸ ਸੈਂਟਰ ਨੂੰ ਬਿਲਕੁਲ ਨਵਾਂ ਮੋਬਾਈਲ ਹੈਂਡਸੈੱਟ ਜਾਂ ਸ਼ਿਕਾਇਤ ਕਰਨ ਦੀ ਮਿਤੀ ਤੋਂ ਲੈ ਕੇ ਅਦਾਇਗੀ ਤੱਕ ਦੇ ਸਮੇਂ ਦਾ 9 ਫੀਸਦੀ ਵਿਆਜ ਸਮੇਤ ਖਪਤਕਾਰ ਦੇ 11,000 ਰੁਪਏ ਵਾਪਸ ਕਰਨ ਤੋਂ ਇਲਾਵਾ 30 ਦਿਨਾਂ ਦੇ ਅੰਦਰ-ਅੰਦਰ 2 ਹਜ਼ਾਰ ਰੁਪਏ ਹਰਜਾਨਾ ਅਦਾ ਕਰਨ ਦਾ ਹੁਕਮ ਸੁਣਾਇਆ।
ਇਸੇ ਤਰ੍ਹਾਂ ਇਸੇ ਫੋਰਮ ਵਲੋਂ ਨਾਜ਼ੁਕ ਪ੍ਰੀਤ ਕੌਰ ਨਾਂ ਦੀ 7-8 ਸਾਲਾ ਬੱਚੀ ਵਲੋਂ ਆਪਣੇ ਪਿਤਾ ਸਤਪਾਲ ਸਿੰਘ ਵਾਸੀ ਨਿਊ ਜਵਾਹਰ ਨਗਰ, ਬਟਾਲਾ ਰੋਡ ਅੰਮ੍ਰਿਤਸਰ ਰਾਹੀਂ ਪਾਈ ਗਈ ਸ਼ਿਕਾਇਤ 'ਤੇ 31 ਅਗਸਤ 2013 ਨੂੰ ਖਰੀਦੇ ਗਏ ਇਕ ਸਾਲ ਦੀ ਵਾਰੰਟੀ ਵਾਲੇ ਕਾਰਬਨ ਕੰਪਨੀ ਦੇ ਮੋਬਾਈਲ ਵਿਚ ਮੈਨੂਫੈਕਚਰਿੰਗ ਡਿਫੈਕਟ ਹੋਣ ਅਤੇ ਕੰਪਨੀ ਵਲੋਂ ਸਮੇਂ ਸਿਰ ਬਦਲੀ ਨਾ ਕਰਕੇ ਦੇਣ 'ਤੇ ਕਾਰਬਨ ਕੰਪਨੀ ਅਤੇ ਉਸਦੇ ਸਰਵਿਸ ਸੈਂਟਰ ਨੂੰ ਵੀ 30 ਦਿਨਾਂ ਦੇ ਅੰਦਰ-ਅੰਦਰ ਸੈੱਟ ਬਦਲੀ ਕਰਕੇ ਦੇਣ ਜਾਂ ਉਸਦੀ ਕੀਮਤ 6,200 ਰੁਪਏ 9 ਫੀਸਦੀ ਸਾਲਾਨਾ ਵਿਆਜ ਸਮੇਤ ਵਾਪਸ ਕਰਨ ਅਤੇ 1 ਹਜ਼ਾਰ ਰੁਪਏ ਹਰਜਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ।
ਸੈਮਸੰਗ ਨੂੰ ਬਲੈਕਬੇਰੀ ਅਕਵਾਇਰ ਕਰਨ ਲਈ ਮਜਬੂਰ ਕਰੇਗਾ 'ਜਿਓਮੀ ਨੋਟ'
NEXT STORY