ਸਾਡਾ ਭਾਰਤ ਦੇਸ਼ ਰੁੱਤਾਂ ਦਾ ਦੇਸ਼ ਹੈ ਅਤੇ ਵਾਰੋ-ਵਾਰੀ ਆਉਂਦੀਆਂ ਸਾਲ ਦੀਆਂ ਛੇ ਰੁੱਤਾਂ ਭਾਵੇਂ ਕਿ ਸਾਰੀਆਂ ਹੀ ਆਪੋ-ਆਪਣਾ ਮਹੱਤਵ ਰੱਖਦੀਆਂ ਹਨ ਪਰ ਇਨ੍ਹਾਂ ਸਭਨਾਂ 'ਚੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ, ਇਸੇ ਕਾਰਨ ਹੀ ਇਸ ਨੂੰ ਰੁੱਤਾਂ ਦਾ ਰਾਜਾ ਬਸੰਤ ਕਿਹਾ ਗਿਆ ਹੈ।
ਬਸੰਤ ਦੇ ਇਸ ਮੌਸਮ ਨੂੰ ਪ੍ਰਕਿਰਤੀ ਵਿਚ ਇਕ ਨਵੀਂ ਚੇਤਨਾ ਦਾ ਸੂਚਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਰੁੱਤ ਦੀ ਦਸਤਕ ਤੋਂ ਪਹਿਲਾਂ ਕੜਾਕੇ ਦੀ ਪੈ ਰਹੀ ਠੰਡ ਦਾ ਦਬਾਓ ਘੱਟ ਜਾਂਦਾ ਹੈ ਅਤੇ ਦਰੱਖਤਾਂ ਅਤੇ ਪੌਦਿਆਂ ਦੇ ਝੜੇ ਪੱਤੇ ਅਤੇ ਫੁੱਲ ਫਿਰ ਤੋਂ ਨਵੇਂ ਰੂਪ ਵਿਚ ਖਿੜ ਉਠਦੇ ਹਨ ਅਤੇ ਸਭਨਾਂ ਵਿਚ ਇਕ ਨਵੀਂ ਸ਼ਕਤੀ ਦਿਖਾਈ ਦੇਣ ਲੱਗਦੀ ਹੈ।
ਇਨਸਾਨੀ ਸਰੀਰ ਵਿਚ ਖੂਨ ਦਾ ਵਹਾਅ ਤੇਜ਼ ਹੋ ਜਾਣ ਕਰਕੇ ਮਨੁੱਖ ਨਵੀਂ ਫੁਰਤੀ ਅਨੁਭਵ ਕਰਨ ਲੱਗਦੇ ਹਨ। ਬਸੰਤ ਰੁੱਤ ਦੀ ਆਮਦ ਸਰਦ ਰੁੱਤ ਦੇ ਖਤਮ ਹੋਣ ਦੀ ਸੂਚਕ ਵੀ ਮੰਨੀ ਜਾਂਦੀ ਹੈ ਇਸੇ ਲਈ ਕਿਹਾ ਜਾਂਦਾ ਹੈ¸''ਆਈ ਬਸੰਤ, ਪਾਲਾ ਉਡੰਤ।''
ਇਸ ਸੁਹਾਉਣੀ ਰੁੱਤ ਵਿਚ ਵਧੇਰੇ ਗਰਮੀ, ਸਰਦੀ ਸਹਿਣ ਨਾ ਕਰ ਸਕਣ ਵਾਲੇ ਬਜ਼ੁਰਗ ਸਰੀਰਾਂ ਨੂੰ ਪੂਰੀ ਤਰ੍ਹਾਂ ਰਾਹਤ ਮਹਿਸੂਸ ਹੁੰਦੀ ਹੈ ਅਤੇ ਜਿਵੇਂ ਇਸ ਰੁੱਤ ਵਿਚ ਪੱਤਾ-ਪੱਤਾ ਅਤੇ ਡਾਲੀ-ਡਾਲੀ ਸਭ ਖਿੜ ਉਠਦੇ ਹਨ ਅਤੇ ਹਰ ਪਾਸੇ ਫੁੱਲਾਂ ਦੀ ਬਹਾਰ ਹੁੰਦੀ ਹੈ ਅਤੇ ਸਰ੍ਹੋਂ ਦੇ ਖੇਤ, ਸਰ੍ਹੋਂ ਦੇ ਖਿੜੇ ਪੀਲੇ ਫੁੱਲ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਹਨ, ਉਸੇ ਤਰ੍ਹਾਂ ਉਹ ਵੀ ਖਿੜੇ-ਖਿੜੇ ਮਹਿਸੂਸ ਕਰਦੇ ਹਨ।
ਧਰਤੀ 'ਤੇ ਹਰ ਪਾਸੇ ਸੁੱਕੀ ਪਈ ਬਨਸਪਤੀ ਉਸ ਵਿਚ ਪੈਦਾ ਹੋਈ ਹਰਿਆਲੀ ਸਕਦਾ ਟਹਿਕ ਉਠਦੀ ਹੈ। ਹਰ ਪਾਸੇ ਖਿੜੀ ਫੁੱਲਾਂ ਦੀ ਬਹਾਰ ਸਦਕਾ ਇਨ੍ਹਾਂ ਉੱਪਰ ਸ਼ਹਿਦ ਦੇਣ ਵਾਲੀਆਂ ਮੱਖੀਆਂ ਅਤੇ ਤਿਤਲੀਆਂ ਉਡਾਰੀਆਂ ਭਰਦੀਆਂ ਹਨ ਅਤੇ ਭੌਰੇ ਖੁਸ਼ੀ ਵਿਚ ਗੁਣਗੁਣਾਉਂਦੇ ਹਨ, ਕੋਇਲ ਵੀ ਮਸਤੀ ਵਿਚ ਕੂ-ਕੂ ਦੀ ਆਵਾਜ਼ ਨਾਲ ਚੌਗਿਰਦੇ ਨੂੰ ਸੰਗੀਤਮਈ ਬਣਾ ਦਿੰਦੀ ਹੈ। ਬਸੰਤ ਰੁੱਤ ਦਾ ਅਸਲੀ ਮਹੀਨਾ ਭਾਵੇਂ ਕਿ ਚੇਤ ਤੇ ਵਿਸਾਖ ਮੰਨਿਆ ਗਿਆ ਹੈ ਕਿਉਂਕਿ ਛੇ ਰੁੱਤਾਂ ਸਾਲ ਵਿਚ ਆਉਣ ਸਦਕਾ ਇਸ ਦੇ ਹਿੱਸੇ ਵੀ ਦੋ ਮਹੀਨੇ ਹੀ ਆਉਂਦੇ ਹਨ। ਚੇਤ ਮਹੀਨੇ ਵਿਚ ਹੀ ਇਸ ਰੁੱਤ ਦਾ ਅਸਲੀ ਆਗਮਨ ਹੁੰਦਾ ਹੈ ਪਰ ਇਸ ਰੁੱਤ ਦਾ ਪ੍ਰਭਾਵ ਫੱਗਣ ਮਹੀਨੇ ਵਿਚ ਹੀ ਦਿਖਾਈ ਦੇਣ ਲੱਗਦਾ ਹੈ, ਇਸ ਲਈ ਇਸ ਦਾ ਅਨੰਦ 3 ਮਹੀਨੇ ਫੱਗਣ ਤੋਂ ਵਿਸਾਖ ਤੱਕ ਮਿਲਦਾ ਹੈ।
ਬਸੰਤ ਦੀ ਆਮਦ ਦੀ ਖੁਸ਼ੀ ਦਾ ਤਿਉਹਾਰ ਬਸੰਤ ਪੰਚਮੀ ਮਾਘ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਪੰਚਮੀ ਤਿਥੀ ਨੂੰ ਮਨਾਇਆ ਜਾਂਦਾ ਹੈ, ਇਸੇ ਲਈ ਇਸ ਨੂੰ ਬਸੰਤ ਪੰਚਮੀ ਕਿਹਾ ਜਾਂਦਾ ਹੈ ਪਰ ਇਸ ਰੁੱਤ ਦੇ ਦੋ ਮਹੀਨੇ ਦੇ ਹੋਣ ਤੋਂ ਪਹਿਲਾਂ ਹੀ 40 ਦਿਨ ਮਾਘ ਵਿਚ ਸ਼ੁਰੂ ਹੋਣ ਸੰਬੰਧੀ ਇਕ ਬੜੀ ਰੋਚਕ ਤੇ ਪੌਰਾਣਿਕ ਜਾਣਕਾਰੀ ਮਿਲਦੀ ਹੈ।
ਕਿਹਾ ਜਾਂਦਾ ਹੈ ਕਿ ਇਕ ਸਮੇਂ ਬਸੰਤ ਤੋਂ ਇਲਾਵਾ ਬਾਕੀ ਦੀਆਂ ਪੰਜ ਰੁੱਤਾਂ ਨੇ ਇਕੱਠੇ ਹੋ ਕੇ ਬਸੰਤ ਨੂੰ ਆਪਣਾ ਰਾਜਾ ਮੰਨਿਆ ਅਤੇ ਆਪਣੇ ਦੋ-ਦੋ ਮਹੀਨਿਆਂ 'ਚੋਂ 8-8 ਦਿਨ ਬਸੰਤ ਨੂੰ ਦਿੱਤੇ, ਜਿਸ ਸਦਕਾ ਬਸੰਤ ਰੁੱਤ ਕੋਲ 40 ਦਿਨ ਵੱਧ ਜਾਣ ਕਾਰਨ ਬਸੰਤ ਰੁੱਤ ਸਭ ਤੋਂ ਵੱਡੀ ਹੋ ਗਈ ਅਤੇ ਇਸ ਦੀ ਆਮਦ ਚੇਤ ਤੋਂ 40 ਦਿਨ ਪਹਿਲਾਂ ਮਾਘ ਸੁਦੀ ਪੰਜਵੀਂ ਤੋਂ ਬਸੰਤ ਪੰਚਮੀ ਮਨਾ ਕੇ ਸ਼ੁਰੂ ਕੀਤੀ ਜਾਣ ਲੱਗੀ, ਇਸ ਤਰ੍ਹਾਂ ਇਸ ਦਿਨ ਦਾ ਨਾਂ ਬਸੰਤ ਪੰਚਮੀ ਪਿਆ। ਕਲਾ ਤੇ ਵਿੱਦਿਆ ਦੀ ਦੇਵੀ ਸਰਸਵਤੀ ਦਾ ਜਨਮ ਦਿਨ ਵੀ ਬਸੰਤ ਪੰਚਮੀ ਨੂੰ ਹੀ ਮਨਾਇਆ ਜਾਂਦਾ ਹੈ।
ਇਸ ਬਾਰੇ ਕਿਹਾ ਜਾਂਦਾ ਹੈ ਕਿ ਸ਼੍ਰੀ ਬ੍ਰਹਮਾ ਜੀ ਜਦੋਂ ਸ੍ਰਿਸ਼ਟੀ ਦੀ ਰਚਨਾ ਕਰਨ ਤੋਂ ਬਾਅਦ ਆਪਣੀ ਰਚੀ ਇਸ ਰਚਨਾ ਨੂੰ ਦੇਖਣ ਨਿਕਲੇ ਤਾਂ ਉਨ੍ਹਾਂ ਨੇ ਚਾਰੇ ਪਾਸੇ ਸੁੰਨਸਾਨ ਦੇਖਿਆ। ਉਨ੍ਹਾਂ ਵਲੋਂ ਪੈਦਾ ਕੀਤੇ ਸਭ ਜੀਵ-ਜੰਤੂ ਚੁੱਪ ਅਤੇ ਉਦਾਸ ਸਨ। ਸ਼੍ਰੀ ਬ੍ਰਹਮਾ ਜੀ ਇਹ ਦੇਖ ਕੇ ਸੋਚ ਵਿਚ ਪੈ ਗਏ ਅਤੇ ਆਪਣੇ ਕਰਮੰਡਲ 'ਚੋਂ ਜਲ ਲੈ ਕੇ ਕਮਲ-ਫੁੱਲ 'ਤੇ ਛਿੜਕਿਆ, ਜਿਸ 'ਤੇ ਕਮਲ ਫੁੱਲ 'ਚੋਂ ਇਕ ਸੁੰਦਰ ਦੇਵੀ ਪ੍ਰਗਟ ਹੋਈ, ਜਿਸ ਨੇ ਚਿੱਟੇ ਕੱਪੜੇ ਪਹਿਨੇ ਹੋਏ ਸਨ ਅਤੇ ਦੋ ਹੱਥਾਂ ਨਾਲ ਵੀਨਾ ਵਜਾ ਰਹੀ ਸੀ, ਇਕ ਹੱਥ ਵਿਚ ਮਾਲਾ ਅਤੇ ਇਕ ਹੱਥ ਵਿਚ ਪੁਸਤਕ ਸੀ। ਸ਼੍ਰੀ ਬ੍ਰਹਮਾ ਜੀ ਨੇ ਇਸ ਦੇਵੀ ਨੂੰ ਕਿਹਾ ਕਿ ਆਪਣੀ ਵੀਨਾ ਨਾਲ ਇਸ ਸੰਸਾਰ ਦੀ ਚੁੱਕ ਦੂਰ ਕਰੋ। ਇਸ 'ਤੇ ਇਸ ਦੇਵੀ ਨੇ ਵੀਨਾ ਵਜਾ ਕੇ ਸਭ ਜੀਵਾਂ ਨੂੰ ਵਾਣੀ ਪ੍ਰਦਾਨ ਕੀਤੀ। ਇਸ ਦੇਵੀ ਦੇ ਹੱਥ ਵਿਚ ਵੀਨਾ ਹੋਣ ਕਾਰਨ ਇਸ ਨੂੰ ਵੀਨਾ ਵਾਦਿਨੀ ਜਾਂ ਵੀਨਾ ਧਾਰਨੀ ਵੀ ਕਹਿੰਦੇ ਹਨ, ਬਸਤ ਪੰਚਮੀ ਦੇ ਦਿਨ ਨੂੰ ਸਰਸਵਤੀ ਦਿਵਸ ਦੇ ਰੂਪ ਵਿਚ ਵੀ ਮਨਾਇਆ ਜਾਂਦਾ ਹੈ।
ਇਸ ਦਿਨ ਬਸੰਤ ਪੰਚਮੀ ਨੂੰ ਮੌਸਮੀ ਤਿਉਹਾਰ ਦੇ ਰੂਪ ਵਿਚ ਵਧੇਰੇ ਮਨਾਇਆ ਜਾਂਦਾ ਹੈ, ਜਿਸ ਦਾ ਪੀਲੇ ਰੰਗ ਨਾਲ ਵਿਸ਼ੇਸ਼ ਲਗਾਓ ਹੈ। ਇਸ ਦਿਨ ਵਧੇਰੇ ਲੋਕਾਂ ਵਲੋਂ ਪੀਲੇ ਰੰਗ ਦੇ ਕੱਪੜੇ ਪਹਿਨੇ ਜਾਂਦੇ ਹਨ। ਘਰ ਵਿਚ ਕਈ ਪਕਵਾਨ ਵੀ ਪੀਲੇ ਰੰਗ ਦੇ ਬਣਾਏ ਜਾਂਦੇ ਹਨ। ਬਸੰਤ ਪੰਚਮੀ ਵਾਲੇ ਦਿਨ ਪਤੰਗ ਉਡਾਉਣ ਦਾ ਵੀ ਰਿਵਾਜ ਹੈ। ਹਰ ਥਾਂ 'ਤੇ ਵੱਡੀ ਗਿਣਤੀ 'ਚ ਨੌਜਵਾਨ ਅਤੇ ਬੱਚੇ ਪਤੰਗ ਉਡਾਉਂਦੇ ਹਨ ਅਤੇ ਵੱਡੀਆਂ-ਵੱਡੀਆਂ ਸ਼ਰਤਾਂ ਵੀ ਲਗਾਉਂਦੇ ਹਨ। ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਵਧੇਰੇ ਰਿਵਾਜ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿਚ ਹੈ। ਰਾਜਸਥਾਨ ਵਿਚ ਔਰਤਾਂ ਪੀਲੀਆਂ ਸਾੜ੍ਹੀਆਂ, ਲਹਿੰਗੇ ਆਦਿ ਪਾਉਂਦੀਆਂ ਹਨ। ਪੱਛਮੀ ਬੰਗਾਲ ਵਿਚ ਵੀ ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਕਾਫੀ ਰਿਵਾਜ ਹੈ ਅਤੇ ਇਥੇ ਇਹ ਦਿਨ ਬੜੇ ਉਤਸ਼ਾਹ ਨਾਲ ਸਰਸਵਤੀ ਪੂਜਾ ਨਾਲ ਮਨਾਇਆ ਜਾਂਦਾ ਹੈ। ਪੂਰਬੀ ਉੱਤਰ ਪ੍ਰਦੇਸ਼ ਵਿਚ ਬਸੰਤ ਪੰਚਮੀ ਨੂੰ ਹੋਲੀ ਗਾਉਂਦੇ ਹਨ ਅਤੇ ਫਾਗ ਮਨਾਉਂਦੇ ਹਨ ਅਤੇ ਇਹ ਸਿਲਸਿਲਾ ਫੱਗਣ ਦੀ ਪੂਰਨਮਾਸ਼ੀ ਹੋਲੀ ਤੱਕ ਚਲਦਾ ਰਹਿੰਦਾ ਹੈ।
ਸਭ ਨੂੰ ਸਭ ਕੁਝ ਪਤਾ ਹੈ
NEXT STORY