ਚੰਡੀਗੜ੍ਹ - ਸੂਬੇ ਵਿਚ 122 ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ ਇਕ ਨਗਰ ਪੰਚਾਇਤ ਬਰੀਵਾਲਾ ਦੇ ਇਕ ਵਾਰਡ ਦੀ ਉਪ ਚੋਣ ਭਲਕੇ 25 ਫਰਵਰੀ ਨੂੰ ਹੋਵੇਗੀ। ਭਲਕੇ ਵੋਟਾਂ ਪੈਣ ਤੋਂ ਬਾਅਦ ਤੁਰੰਤ ਹੀ ਉਸੇ ਪੋਲਿੰਗ ਬੂਥ ਉਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਸਟੇਟ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਵੋਟਾਂ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਵੋਟਿੰਗ ਸ਼ਾਮੀ 5 ਵਜੇ ਤਕ ਪਹੁੰਚਣ ਵਾਲੇ ਵੋਟਰਾਂ ਵਲੋਂ ਵੋਟਿੰਗ ਕਰ ਦੇਣ ਤਕ ਇਹ ਪ੍ਰਕਿਰਿਆ ਜਾਰੀ ਰਹੇਗੀ। ਤਰਨਤਾਰਨ ਤੇ ਫਿਰੋਜ਼ਪੁਰ ਜ਼ਿਲਿਆਂ 'ਚ ਅਸ਼ਾਂਤੀ ਦੀ ਸ਼ੰਕਾ ਤੇ ਸੰਵੇਦਨਸ਼ੀਲਤਾ ਦੇ ਚਲਦੇ ਰਾਜ ਚੋਣ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਪੁਲਸ ਵਿਭਾਗ ਨੇ 2 ਉਚ ਪੁਲਸ ਅਧਿਕਾਰੀਆਂ ਦੀ ਇਨ੍ਹਾਂ ਜ਼ਿਲਿਆਂ 'ਚ ਪੁਲਸ ਅਬਜ਼ਰਵਰ ਦੇ ਰੂਪ 'ਚ ਤੈਨਾਤੀ ਕੀਤੀ ਹੈ। ਪੁਲਸ ਵਿਭਾਗ ਵਲੋਂ ਕਮਿਸ਼ਨ ਨੂੰ ਪ੍ਰਦਾਨ ਜਾਣਕਾਰੀ ਮੁਤਾਬਿਕ ਡੀ.ਆਈ.ਜੀ. ਕ੍ਰਾਈਮ ਨਿਲਭ ਕਿਸ਼ੋਰ ਨੂੰ ਤਰਨਤਾਰਨ ਅਤੇ ਡੀ.ਆਈ.ਜੀ. ਪ੍ਰਸ਼ਾਸਨ ਸ਼ਿਵ ਕੁਮਾਰ ਵਰਮਾ ਨੂੰ ਫਿਰੋਜ਼ਪੁਰ 'ਚ ਤੈਨਾਤ ਕੀਤਾ ਗਿਆ ਹੈ। ਇਸਦੇ ਇਲਾਵਾ ਫਿਲੌਰ ਅਤੇ ਕਾਦੀਆਂ ਦੇ ਥਾਣਾ ਇੰਚਾਰਜਾਂ ਨੂੰ ਵੀ ਤੁਰੰਤ ਪ੍ਰਭਾਵ ਤੋਂ ਤਬਦੀਲ ਕਰ ਦਿੱਤਾ ਗਿਆ ਹੈ। ਸ਼ਰਮਾ ਮੁਤਾਬਿਕ ਚੋਣਾਂ ਨੂੰ ਲੈ ਕੇ ਕਮਿਸ਼ਨ ਵਲੋਂ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਹਨ।
ਸਟੇਟ ਚੋਣ ਕਮਿਸ਼ਨਰ ਸ਼ਿਵਿੰਦਰ ਸਿੰਘ ਬਰਾੜ ਨੇ ਮੰਗਲਵਾਰ ਨੂੰ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿਚ ਭਲਕੇ ਨਗਰ ਕੌਂਸਲਾਂ ਤੇ ਪੰਚਾਇਤਾਂ ਦੇ 2062 ਵਾਰਡਾਂ ਦੀ ਹੋਣ ਵਾਲੀ ਚੋਣ ਲਈ 1486 ਪੋਲਿੰਗ ਸਟੇਸ਼ਨ ਅਤੇ 3170 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਕੁੱਲ 7006 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਦੋਂ ਕਿ 160 ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਸੂਬੇ ਦੇ 28 ਲੱਖ 50 ਹਜ਼ਾਰ ਦੇ ਕਰੀਬ ਵੋਟਰ ਆਪਣੇ ਜਮੂਹਰੀ ਹੱਕ ਦਾ ਇਸਤੇਮਾਲ ਕਰਨਗੇ।
ਬਰਾੜ ਨੇ ਦੱਸਿਆ ਕਿ ਕਮਿਸ਼ਨ ਅਤੇ ਜ਼ਿਲਾ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਵੋਟਾਂ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਲਈ 16715 ਮੁਲਾਜ਼ਮ ਚੋਣ ਡਿਊਟੀ 'ਤੇ ਲਗਾਏ ਗਏ ਹਨ ਜਿਨ੍ਹਾਂ ਵਿਚ ਰਾਖਵਾਂ ਸਟਾਫ ਵੀ ਹੈ। ਉਨ੍ਹਾਂ ਕਿਹਾ ਕਿ ਸਮੂਹ ਮੁਲਾਜ਼ਮ ਅੱਜ ਸ਼ਾਮ ਤੱਕ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਸਮੇਤ ਸਾਰੀ ਚੋਣ ਸਮੱਗਰੀ ਲੈ ਕੇ ਸਬੰਧਤ ਪੋਲਿੰਗ ਬੂਥ ਉਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਲਈ 15689 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 163 ਪੋਲਿੰਗ ਬੂਥਾਂ ਨੂੰ ਅਤਿ ਸੰਵੇਦਨਸ਼ੀਲ ਅਤੇ 940 ਨੂੰ ਸੰਵੇਦਨਸ਼ੀਲ ਵਰਗ ਵਿੱਚ ਰੱਖਿਆ ਗਿਆ ਹੈ।
ਤਰਨਤਾਰਨ ਜੋਸ਼ੀ ਮਾਮਲੇ 'ਚ ਹਾਈਕੋਰਟ ਦਾ ਸਖਤ ਫੈਸਲਾ (ਵੀਡੀਓ)
NEXT STORY