ਪੁਣੇ- ਇੰਡੀਅਨ ਪ੍ਰੀਮੀਅਰ ਲੀਗ ਵਿਚ ਫਾਡੀ ਦਾ ਠੱਪਾ ਹਟਾਉਂਦੇ ਹੋਏ ਸਾਲ-2014 'ਚ ਵੱਡਾ ਉਲਟਫੇਰ ਕਰਕੇ ਫਾਈਨਲ ਤਕ ਜਗ੍ਹਾ ਬਣਾਉਣ ਵਾਲੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਸ਼ੁੱਕਰਵਾਰ ਨੂੰ ਸੰਤੁਲਿਤ ਰਾਜਸਥਾਨ ਰਾਇਲਜ਼ ਵਿਰੁੱਧ ਆਪਣੇ ਪਿਛਲੇ ਸੈਸ਼ਨ ਦੀ ਲੈਅ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਇੱਥੇ ਪਹਿਲੇ ਮੁਕਾਬਲੇ 'ਚ ਉਤਰੇਗੀ।
ਪੰਜਾਬ ਤੇ ਰਾਜਸਥਾਨ ਦੀ ਟੀਮ ਫਿਲਹਾਲ ਪ੍ਰਦਰਸ਼ਨ ਹੀ ਨਹੀਂ ਸਗੋਂ ਕਈ ਅਰਥਾਂ 'ਚ ਇਕੋ ਜਿਹੀ ਦਿਖਦੀ ਹੈ। ਬਾਲੀਵੁੱਡ ਅਭਿਨੇਤਰੀਆਂ ਪ੍ਰਿਟੀ ਜ਼ਿੰਟਾ ਤੇ ਸ਼ਿਲਪਾ ਸ਼ੈਟੀ ਦੇ ਸਾਂਝੇ ਮਾਲਕਾਨਾ ਹੱਕ ਵਾਲੀਆਂ ਪੰਜਾਬ ਤੇ ਰਾਜਸਥਾਨ ਨੇ ਹਮੇਸ਼ਾ ਹੀ ਨਵੀਂ ਤੇ ਨੌਜਵਾਨ ਪ੍ਰਤਿਭਾਵਾਂ ਨੂੰ ਟੀਮ ਵਿਚ ਜਗ੍ਹਾ ਦਿੱਤੀ ਹੈ ਤੇ ਵੱਡੇ ਹਾਈਪ੍ਰੋਫਾਈਲ ਨਾਵਾਂ ਦੀ ਗੈਰ-ਮੌਜੂਦਗੀ ਦੇ ਬਾਵਜੂਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਇਸ ਲਈ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਚ ਦੋਵੇਂ ਟੀਮਾਂ ਵਿਚਾਲੇ ਹੋਣ ਵਾਲੀ ਜੰਗ ਟੱਕਰ ਦੀ ਹੋਵੇਗੀ।
ਖਾਸ ਗੱਲ ਇਹ ਵੀ ਹੈ ਕਿ ਦੋਵੇਂ ਹੀ ਟੀਮਾਂ ਕੋਲ ਸਭ ਤੋਂ ਵੱਧ ਆਸਟ੍ਰੇਲੀਆਈ ਖਿਡਾਰੀ ਹਨ ਤੇ ਹਾਲ ਹੀ ਵਿਚ ਵਿਸ਼ਵ ਕੱਪ-2015 ਦਾ ਖਿਤਾਬ ਜਿੱਤਣ ਤੋਂ ਬਾਅਦ ਉਤਸ਼ਾਹਿਤ ਖਿਡਾਰੀ ਇਸ ਵਾਰ ਆਹਮੋ-ਸਾਹਮਣੇ ਖੜ੍ਹੇ ਹੋਣਗੇ। ਜਿੱਥੇ ਪੰਜਾਬ ਕੋਲ ਆਸਟ੍ਰੇਲੀਆ ਦਾ ਧਾਕੜ ਆਲਰਾਊਂਡਰ ਗਲੈਨ ਮੈਕਸਵੈੱਲ ਹੈ ਤਾਂ ਉਥੇ ਹੀ ਰਾਜਸਥਾਨ ਕੋਲ ਸਟੀਵਨ ਸਮਿਥ ਵਰਗੇ ਖਿਡਾਰੀ ਹਨ, ਜਿਨ੍ਹਾਂ ਨੇ ਟੈਸਟ ਹੀ ਨਹੀਂ ਸਗੋਂ ਵਨ ਡੇ ਵਿਚ ਵੀ ਆਸਟ੍ਰੇਲੀਆ ਲਈ ਮੈਚ ਜੇਤੂ ਪਾਰੀਆਂ ਖੇਡੀਆਂ ਹਨ।
ਸਮਿਥ ਨੇ ਪਿਛਲੇ ਸਾਲ ਰਾਇਲਜ਼ ਲਈ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ। ਉਸ ਨੇ ਆਪਣੇ ਸਾਰੇ ਕਾਂਰੀ ਮੈਚਾਂ ਵਿਚ 69.86 ਦੀ ਔਸਤ ਨਾਲ 2096 ਦੌੜਾਂ ਬਣਾਈਆਂ ਹਨ ਜਦਕਿ ਵਿਸ਼ਵ ਕੱਪ ਵਿਚ 402 ਦੌੜਾਂ ਬਣਾਈਆਂ, ਜਿਸ ਵਿਚ ਲਗਾਤਾਰ ਪੰਜ ਅਰਧ ਸੈਕੰੜੇ ਲਗਾਉਣ ਦਾ ਰਿਕਾਰਡ ਵੀ ਸ਼ਾਮਲ ਹੈ। ਅਜਿਹੇ ਵਿਚ ਰਾਇਲਜ਼ ਦੀ ਸਭ ਤੋਂ ਵੱਡੀ ਉਮੀਦ ਦੌੜ ਮਸ਼ੀਨ ਸਮਿਥ ਤੋਂ ਹੋਵੇਗੀ। ਇਸਦੇ ਇਲਾਵਾ ਪੰਜਾਬ ਦੇ ਡੇਵਿਡ ਮਿਲਰ ਦੇ ਸਾਹਮਣੇ ਰਾਇਲਜ਼ ਦਾ ਜੇਮਸ ਫਾਕਨਰ ਹੋਵੇਗਾ। ਵਿਸ਼ਵ ਕੱਪ ਵਿਚ ਫਾਕਨਰ ਚੈਂਪੀਅਨ ਆਸਟ੍ਰੇਲੀਆ ਲਈ ਸਭ ਤੋਂ ਅਹਿਮ ਖਿਡਾਰੀਆਂ ਵਿਚ ਰਿਹਾ ਸੀ।
ਟੀਮਾਂ-
ਕਿੰਗਜ਼ ਇਲੈਵਨ ਪੰਜਾਬ
ਮਨਨ ਵੋਹਰਾ, ਮਿਸ਼ੇਲ ਜਾਨਸਨ, ਗਲੇਨ ਮੈਕਸਵੈੱਲ, ਡੇਵਿਡ ਮਿਲਰ, ਵਰਿੰਦਰ ਸਹਿਵਾਗ, ਰਿਸ਼ੀ ਧਵਨ, ਰਿਧੀਮਾਨ ਸਾਹਾ, ਸ਼ਾਨ ਮਾਰਸ਼, ਬਿਊਰਨ ਹੈਂਡ੍ਰਿਕਸ, ਤਿਸ਼ਾਰਾ ਪਰੇਰਾ, ਗੁਰਕੀਰਤ ਮਾਨ ਸਿੰਘ, ਸੰਦੀਪ ਸ਼ਰਮਾ, ਅਕਸ਼ਰ ਪਟੇਲ, ਪਰਵਿੰਦਰ ਅਵਾਨਾ, ਸ਼ਾਰਦੁਲ ਠਾਕੁਰ, ਅਨੁਰੀਤ ਸਿੰਘ, ਸ਼ਿਵਮ ਸ਼ਰਮਾ, ਕਰਨਬੀਰ ਸਿੰਘ, ਮੁਰਲੀ ਵਿਜੇ, ਨਿਖਿਲ ਨੇਕ, ਯੋਗੇਸ਼ ਗੋਲਵਾਲਕਰ।
ਰਾਜਸਥਾਨ ਰਾਇਲਜ਼
ਜੇਮਸ ਫਾਕਨਰ, ਅਜਿੰਕਯ ਰਹਾਨੇ, ਸਟੂਅਰਟ ਬਿੰਨੀ, ਸੰਜੂ ਸੈਮਸਨ, ਸਟੀਵਨ ਸਮਿਥ, ਰਜਤ ਭਾਟੀਆ, ਟਿਮ ਸਾਊਥੀ, ਧਵਲ ਕੁਲਕਰਨੀ, ਅਭਿਸ਼ੇਕ ਨਾਇਰ, ਕੇਨ ਰਿਚਰਡਸਨ, ਬੇਨ ਕਟਿੰਗ, ਕਰੁਣ ਨਾਇਰ, ਦੀਪਕ ਹੁੱਡਾ, ਦਿਸ਼ਾਂਤ ਯਾਗਨਿਕ, ਵਿਕਰਮਜੀਤ ਮਲਿਕ, ਅੰਕਿਤ ਸ਼ਰਮਾ, ਰਾਹੁਲ ਤੇਵਤਿਆ, ਪ੍ਰਵੀਨ ਤਾਂਬੇ, ਕ੍ਰਿਸ ਮੋਰਿਸ, ਦਿਨੇਸ਼ ਸੋਲੰਕੀ, ਜੁਆਨ ਥੈਰੇਸਨ, ਪ੍ਰਦੀਪ ਸਾਹੂ, ਵਰਿੰਦਰ ਸਾਰਨ, ਸਾਗਰ ਤ੍ਰਿਵੇਦੀ।
ਸਾਇਨਾ ਦੂਜੇ ਨੰਬਰ 'ਤੇ ਖਿਸਕੀ
NEXT STORY