ਭਾਰਤ ਦੇਸ਼ ਰਿਸ਼ੀਆਂ-ਮੁਨੀਆਂ, ਪੀਰਾਂ ਫਕੀਰਾਂ ਅਤੇ ਸੰਤਾਂ ਦਾ ਦੇਸ਼ ਹੈ। ਇਥੇ ਆਦਿ ਕਾਲ ਤੋਂ ਸੰਤ ਮਹਾਪੁਰਸ਼ ਲੋਕਾਈ ਨੂੰ ਸਿੱਧੇ ਰਸਤੇ ਪਾਉਣ ਲਈ ਅਵਤਾਰ ਧਾਰਦੇ ਰਹੇ ਹਨ। ਉਨ੍ਹਾਂ ਹੀ ਅਵਤਾਰਾਂ ਵਿਚੋਂ ਇਕ ਅਵਤਾਰ ਸਨ ਭਗਤ ਸ਼੍ਰੀ ਧੰਨਾ ਜੱਟ ਜੀ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਉਨ੍ਹਾਂ ਦਾ ਜਨਮ ਅੱਜ ਦੇ ਦਿਨ 21 ਅਪ੍ਰੈਲ 1415 ਨੂੰ ਰਾਜਸਥਾਨ ਦੇ ਜ਼ਿਲਾ ਟੋਕ ਦੇ ਇਕ ਪਿੰਡ ਕਲਾਂ ਵਿਚ ਹੋਇਆ। ਭਗਤ ਧੰਨਾ ਜੱਟ ਜੀ ਉਨ੍ਹਾਂ ਮਹਾਨ ਭਗਤਾਂ ਵਿਚੋਂ ਇਕ ਭਗਤ ਹੋਏ ਨੇ, ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਆਪ ਇਕ ਸਿੱਧੇ-ਸਾਦੇ ਖੇਤੀਬਾੜੀ ਕਰਨ ਵਾਲੇ ਜੱਟ ਪਰਿਵਾਰ ਨਾਲ ਸੰਬੰਧ ਰੱਖਦੇ ਸਨ।
ਆਪ ਜੀ ਬਚਪਨ ਤੋਂ ਹੀ ਸ਼ਾਂਤ ਸੁਭਾਅ ਦੇ ਮਾਲਕ ਸਨ ਅਤੇ ਆਪ ਜੀ ਨੂੰ ਸਾਧੂ ਜਨਾਂ ਦੀ ਸੰਗਤ ਬਹੁਤ ਚੰਗੀ ਲੱਗਦੀ ਸੀ। ਭਗਤ ਜੀ ਨੂੰ ਸ਼ੁਰੂ ਤੋਂ ਹੀ ਮਿਹਨਤ ਕਰਨੀ ਅਤੇ ਦੂਜਿਆਂ ਦੀ ਸੇਵਾ ਅਤੇ ਸਹਾਇਤਾ ਕਰਨੀ ਚੰਗੀ ਲੱਗਦੀ ਸੀ। ਭਗਤ ਧੰਨਾ ਜੱਟ ਜੀ ਦੇ ਜੀਵਨ ਤੋਂ ਸਾਨੂੰ ਕਿਰਤ ਕਰਦਿਆਂ ਪ੍ਰਭੂ ਦੀ ਭਗਤੀ ਕਰਨ ਅਤੇ ਨਾਮ ਨਾਲ ਜੁੜਨ ਦੀ ਸਿੱਖਿਆ ਮਿਲਦੀ ਹੈ। ਭਗਤ ਧੰਨਾ ਜੱਟ ਜੀ ਦੇ ਜੀਵਨ ਨਾਲ ਇਕ ਸਾਖੀ ਜੁੜੀ ਹੋਈ ਹੈ, ਜਿਸ ਤੋਂ ਸਮੁੱਚੀ ਮਾਨਵਤਾ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
ਭਗਤ ਧੰਨਾ ਜੱਟ ਹਰ ਰੋਜ਼ ਆਪਣੇ ਖੇਤਾਂ ਵਿਚ ਜਾਂਦੇ ਤਾਂ ਰਸਤੇ ਵਿਚ ਇਕ ਪੰਡਿਤ ਜੀ ਦਾ ਘਰ ਆਉਂਦਾ ਸੀ। ਭਗਤ ਜੀ ਰੋਜ਼ਾਨਾ ਉਸ ਘਰ ਅਗੋਂ ਲੰਘਦੇ ਹੋਏ ਦੇਖਦੇ ਸਨ ਕਿ ਪੰਡਿਤ ਜੀ ਪ੍ਰਭੂ ਭਗਤੀ ਵਿਚ ਕਈ ਮੰਤਰ ਉਚਾਰਦੇ ਰਹਿੰਦੇ ਅਤੇ ਕਈ ਕਰਮ ਕਾਂਡ ਕਰਦੇ ਰਹਿੰਦੇ ਸਨ, ਜੋ ਭਗਤ ਜੀ ਨੂੰ ਬਹੁਤ ਅਜੀਬ ਲੱਗਦੇ ਸਨ। ਇਕ ਦਿਨ ਭਗਤ ਜੀ ਨੇ ਵੇਖਿਆ ਕਿ ਪੰਡਿਤ ਜੀ ਇਕ ਪੱਥਰ ਨੂੰ ਭੋਗ ਲਵਾ ਰਹੇ ਸਨ।
ਭਗਤ ਜੀ ਨੇ ਪੁੱਛਿਆ, ''ਪੰਡਿਤ ਜੀ ਕੀ ਕਰ ਰਹੇ ਹੋ?'' ਪੰਡਿਤ ਭਗਤ ਜੀ ਨੂੰ ਕਹਿੰਦਾ, ''ਠਾਕੁਰ ਜੀ ਨੂੰ ਭੋਗ ਲਗਾ ਰਿਹਾ ਹਾਂ।''
ਭਗਤ ਜੀ ਨੂੰ ਇਹ ਗੱਲ ਬਹੁਤ ਅਜੀਬ ਲੱਗੀ। ਉਨ੍ਹਾਂ ਕਈ ਸਵਾਲ ਕੀਤੇ। ਜਿਵੇਂ : ਇਸ ਤਰ੍ਹਾਂ ਕਰਨ ਨਾਲ ਕੀ ਹੋਵੇਗਾ, ਠਾਕੁਰ ਕੌਣ ਹੈ? ਉਹ ਰੋਟੀ ਕਿਵੇਂ ਖਾਏਗਾ? ਇਹ ਸੁਣ ਕੇ ਪੰਡਿਤ ਜੀ ਨੇ ਲਾਗੇ ਪਿਆ ਇਕ ਪੱਥਰ ਭਗਤ ਜੀ ਨੂੰ ਦੇ ਕੇ ਕਿਹਾ,''ਇਹ ਠਾਕੁਰ ਹੈ ਅਤੇ ਇਨ੍ਹਾਂ ਨੂੰ ਭੋਗ ਲਵਾਉਣ ਤੋਂ ਪਹਿਲਾਂ ਆਪ ਰੋਟੀ ਨਾ ਖਾਵੀਂ, ਫੇਰ ਤੈਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ।''
ਭਗਤ ਜੀ ਨੇ ਉਸ ਪੱਥਰ ਦਾ ਬਹੁਤ ਸਤਿਕਾਰ ਕੀਤਾ ਅਤੇ ਕਈ ਦਿਨ ਰੋਟੀ ਬਣਾ ਕੇ ਇਸ ਪੱਥਰ ਅੱਗੇ ਭੁੱਖੇ-ਪਿਆਸੇ ਬੈਠੇ ਰਹੇ।
ਅੰਤ ਉਨ੍ਹਾਂ ਦੇ ਭੋਲੇਪਣ ਅਤੇ ਸ਼ਰਧਾ ਨੂੰ ਦੇਖ ਕੇ ਪ੍ਰਭੂ ਨੇ ਉਨ੍ਹਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਅਤੇ ਤਿੰਨ ਲੋਕਾਂ ਦੇ ਗਿਆਨ ਨਾਲ ਨਿਵਾਜਿਆ। ਭਗਤ ਜੀ ਦਾ ਜੀਵਨ ਬਿਨਾਂ ਕਿਸੇ ਮੋਹ-ਮਾਇਆ ਦੇ ਇਕਾਗਰਚਿਤ ਹੋ ਕੇ ਪ੍ਰਭੂ ਨਾਲ ਜੁੜਨ ਦੀ ਸੇਧ ਦਿੰਦਾ ਹੈ। ਕਿਰਤ ਕਰਨੀ, ਨਾਮ ਜਪਣਾ ਅਤੇ ਪ੍ਰਭੂ 'ਤੇ ਭਰੋਸਾ ਰੱਖਣਾ, ਇਹ ਭਗਤ ਜੀ ਦਾ ਸਾਰੀ ਲੋਕਾਈ ਨੂੰ ਸੰਦੇਸ਼ ਹੈ।
ਉਨ੍ਹਾਂ ਦੇ ਉਚਾਰਨ ਕੀਤੇ ਹੋਏ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, ਜਿਨ੍ਹਾਂ ਤੋਂ ਸਾਨੂੰ ਸੱਚਾ-ਸੁੱਚਾ ਜੀਵਨ ਜਿਊਣ ਦੀ ਸੇਧ ਮਿਲਦੀ ਹੈ :
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨ ਨਹੀ ਧੀਰੇ।।
ਲਾਲਚ ਬਿਖ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ।।
ਭਾਵ ਮਾਇਆ ਦੇ ਮੋਹ ਵਿਚ ਭਟਕਦਿਆਂ ਫਿਰਦਿਆਂ ਮਨੁੱਖ ਦੇ ਕਈ ਜਨਮ ਬੀਤ ਜਾਂਦੇ ਹਨ, ਇਸ ਦਾ ਤਨ ਮਨ ਤੇ ਧਨ ਕਦੇ ਵੀ ਕਾਇਮ ਨਹੀਂ ਰਹਿੰਦਾ। ਇਹ ਲੋਭੀ ਮਨੁੱਖ ਸੰਸਾਰ ਦੇ ਜ਼ਹਿਰ ਰੂਪੀ ਪਦਾਰਥਾਂ ਦੇ ਤੇ ਕਾਮ ਵਾਸਨਾ ਵਿਚ ਰੱਤਾ ਰਹਿੰਦਾ ਹੈ ਤੇ ਪ੍ਰਕਾਸ਼ ਰੂਪੀ ਹੀਰੇ (ਪ੍ਰਭੂ) ਨੂੰ ਭੁਲਾਈ ਬੈਠਾ ਹੈ।
ਭਗਤ ਜੀ ਸਾਨੂੰ ਪ੍ਰਮਾਤਮਾ ਨਾਲ ਜੁੜਨ ਦੀ ਪ੍ਰੇਰਨਾ ਵੀ ਦਿੰਦੇ ਹਨ।
ਗੋਪਾਲ ਤੇਰਾ ਆਰਤਾ।।
ਜੋ ਜਨ ਤੁਮਾਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ।।
ਭਾਵ ਹੇ ਸਾਰੇ ਪ੍ਰਿਥਵੀ ਦੇ ਜੀਵਾਂ ਦੀ ਪਾਲਣਾ ਕਰਨ ਵਾਲੇ ਪ੍ਰਭੂ ਮੈਂ ਤੇਰੇ ਦਰ ਦਾ ਮੰਗਤਾ ਹਾਂ। ਜਿਹੜੇ ਮਨੁੱਖ ਤੇਰੀ ਭਗਤੀ ਕਰਦੇ ਹਨ, ਤੂੰ ਉਨ੍ਹਾਂ ਦੇ ਸਾਰੇ ਕੰਮ ਸੰਵਾਰਦਾ ਏਂ।
ਪਰ ਅਫਸੋਸ ਕਿ ਅੱਜਕਲ ਦੇ ਮਸ਼ੀਨੀ ਯੁੱਗ ਵਿਚ ਅਜਿਹੇ ਮਹਾਨ ਭਗਤ ਜੀ ਦੀਆਂ ਸਿੱਖਿਆਵਾਂ ਤੇ ਜੀਵਨੀ ਨੂੰ ਬਹੁਤ ਘੱਟ ਯਾਦ ਕੀਤਾ ਜਾਂਦਾ ਹੈ। ਸਾਨੂੰ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਅੱਜ ਲੋੜ ਹੈ ਕਿ ਅਸੀਂ ਭਗਤ ਜੀ ਦੇ ਜੀਵਨ ਨੂੰ ਵਿਚਾਰੀਏ, ਯਾਦ ਰੱਖੀਏ ਤਾਂ ਜੋ ਸਾਨੂੰ ਉਨ੍ਹਾਂ ਦੇ ਜੀਵਨ ਅਤੇ ਬਾਣੀ ਤੋਂ ਸੇਧ ਮਿਲਦੀ ਰਹੇ। ਭਗਤ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਲੱਖ-ਲੱਖ ਵਧਾਈ ਹੋਵੇ।
—ਗੁਰਪ੍ਰੀਤ ਸਿੰਘ ਵਿਰਕ