ਮਹਾਪੁਰਸ਼ਾਂ ਦੇ ਮੂੰਹ 'ਚੋਂ ਨਿਕਲਿਆ ਕੋਈ ਵੀ ਵਾਕ ਅਟੱਲ ਸੱਚਾਈ ਬਣ ਜਾਂਦਾ ਹੈ। ਕਾਹੀ ਦੇ ਬੂਟੇ ਨੂੰ ਤੀਰ ਦੀ ਨੋਕ ਨਾਲ ਪੁੱਟਣ ਤੋਂ ਬਾਅਦ ਦਸਮ ਪਿਤਾ ਨੇ ਆਪਣੇ ਸਿੰਘਾਂ ਨੂੰ ਕਿਹਾ, ''ਅੱਜ ਤੋਂ ਮੁਗਲ ਸਾਮਰਾਜ ਦਾ ਅੰਤ ਹੋ ਗਿਆ ਹੈ।'' ਮਾਤਾ ਅਹੱਲਿਆ ਨੂੰ ਗੌਤਮ ਰਿਸ਼ੀ ਨੇ ਸਿਲ (ਪੱਥਰ) ਹੋਣ ਦਾ ਸਰਾਪ ਦਿੱਤਾ ਸੀ ਪਰ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨ ਛੋਹ ਹੋ ਜਾਣ ਨਾਲ ਉਸ ਨੂੰ ਮੁਕਤੀ ਮਿਲ ਗਈ। ਇਸੇ ਤਰ੍ਹਾਂ ਹੀ ਮਾਂਡਵ ਰਿਸ਼ੀ ਨੇ ਯਮਰਾਜ ਨੂੰ ਸਰਾਪ ਦਿੱਤਾ ਅਤੇ ਉਸ ਨੂੰ ਇਕ ਦਾਸੀ ਦੇ ਗਰਭ ਤੋਂ ਵਿਦੁਰ ਦੇ ਰੂਪ ਵਿਚ ਜਨਮ ਲੈਣਾ ਪਿਆ।
ਮਹਾਤਮਾ ਵਿਦੁਰ ਸ਼੍ਰੀ ਕ੍ਰਿਸ਼ਨ ਜੀ ਦੇ ਭਗਤ ਸਨ। ਮਾਂਡਵ ਰਿਸ਼ੀ ਮਹਾਨ ਤੇਜਸਵੀ, ਸਹਿਣਸ਼ੀਲ ਅਤੇ ਸੱਚ ਨੂੰ ਜਾਣਨ ਵਾਲੇ ਬ੍ਰਾਹਮਣ ਸਨ। ਇਕ ਦਿਨ ਰਿਸ਼ੀ ਮੌਨ ਧਾਰ ਕੇ ਆਪਣੇ ਆਸ਼ਰਮ ਦੀ ਕੰਧ ਨਾਲ ਖੜ੍ਹੇ ਹੋ ਕੇ ਤਪੱਸਿਆ ਕਰ ਰਹੇ ਸਨ। ਉਸ ਦਿਨ ਚੋਰ ਰਾਜੇ ਦਾ ਖ਼ਜ਼ਾਨਾ ਲੁੱਟ ਕੇ ਦੌੜ ਗਏ। ਰਾਜੇ ਨੇ ਚੋਰਾਂ ਪਿੱਛੇ ਆਪਣੇ ਸਿਪਾਹੀ ਲਗਾ ਦਿੱਤੇ। ਚੋਰੀ ਦਾ ਸਾਰਾ ਸਾਮਾਨ ਰਿਸ਼ੀ ਦੇ ਆਸ਼ਰਮ ਵਿਚ ਸੁੱਟ ਕੇ ਚੋਰ ਦੌੜ ਗਏ ਅਤੇ ਜੰਗਲ ਵਿਚ ਲੁਕ ਗਏ। ਰਿਸ਼ੀ ਦੇ ਆਸ਼ਰਮ 'ਚੋਂ ਚੋਰੀ ਦਾ ਸਾਰਾ ਸਾਮਾਨ ਬਰਾਮਦ ਹੋ ਗਿਆ। ਸੈਨਿਕਾਂ ਨੇ ਰਿਸ਼ੀ ਨੂੰ ਫੜ ਲਿਆ। ਇਸ ਤੋਂ ਬਾਅਦ ਸੈਨਿਕਾਂ ਨੇ ਰਿਸ਼ੀ ਨੂੰ ਰਾਜੇ ਅੱਗੇ ਪੇਸ਼ ਕੀਤਾ। ਸਾਮਾਨ ਬਰਾਮਦ ਹੋਣ ਤੋਂ ਬਾਅਦ ਰਾਜੇ ਨੇ ਰਿਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਰਿਸ਼ੀ ਆਪਣੇ ਤਪ ਦੇ ਬਲ ਨਾਲ ਜਿਊਂਦਾ ਰਿਹਾ।
ਇਸ ਤਰ੍ਹਾਂ ਰਾਜੇ ਨੇ ਅਸਲੀ ਚੋਰਾਂ ਨੂੰ ਫੜਨ ਦਾ ਹੁਕਮ ਦੇ ਦਿੱਤਾ ਅਤੇ ਰਿਸ਼ੀ ਤੋਂ ਮੁਆਫੀ ਮੰਗੀ। ਰਾਜੇ ਨੇ ਰਿਸ਼ੀ ਦੀ ਖੂਬ ਸੇਵਾ ਕੀਤੀ। ਰਿਸ਼ੀ ਪ੍ਰਸੰਨ ਹੋ ਗਿਆ। ਰਾਜੇ ਨੂੰ ਮੁਆਫ ਕਰਨ ਤੋਂ ਬਾਅਦ ਰਿਸ਼ੀ ਯਮਰਾਜ ਕੋਲ ਗਿਆ। ਰਿਸ਼ੀ ਨੇ ਕਿਹਾ¸ਹੈ ਯਮ! ਮੈਂ ਕੀ ਪਾਪ ਕੀਤਾ ਸੀ ਕਿ ਮੈਨੂੰ ਉਸ ਦੇ ਬਦਲੇ ਸੂਲੀ ਚੜ੍ਹਨ ਦੀ ਸਜ਼ਾ ਮਿਲੀ।
ਯਮ ਨੇ ਕਿਹਾ¸ਹੇ ਰਿਸ਼ੀ ਬਾਲ ਅਵਸਥਾ ਵਿਚ ਆਪ ਨੇ ਇਕ ਛੋਟੇ ਜਿਹੇ ਪਤੰਗੇ ਦੀ ਪੂਛ ਵਿਚ ਇਕ ਸੂਈ ਚੁਭੋਈ ਸੀ। ਉਸ ਦਾ ਪਾਪ ਆਪ ਨੂੰ ਭੁਗਤਣਾ ਪਿਆ। ਰਿਸ਼ੀ ਨੇ ਕਿਹਾ¸ਹੇ ਯਮ! ਅੱਜ ਤੋਂ 14 ਸਾਲ ਦੀ ਅਵਸਥਾ ਤਕ ਕੀਤਾ ਪਾਪ ਨਿਸਫਲ ਰਹੇਗਾ। ਤੂੰ ਮੈਨੂੰ ਛੋਟੇ ਜਿਹੇ ਅਪਰਾਧ ਦੀ ਇੰਨੀ ਵੱਡੀ ਸਜ਼ਾ ਦਿੱਤੀ ਹੈ। ਇਸ ਲਈ ਤੂੰ ਨੀਵੀਂ ਜਾਤੀ ਵਿਚ ਇਕ ਦਾਸੀ ਦੇ ਗਰਭ ਤੋਂ ਜਨਮ ਲਵੇਂਗਾ। ਮਾਂਡਵ ਰਿਸ਼ੀ ਦੇ ਸਰਾਪ ਕਰਕੇ ਯਮਰਾਜ ਨੂੰ ਨੀਵੀਂ ਜਾਤੀ ਵਿਚ ਇਕ ਦਾਸੀ ਦੇ ਪੇਟ ਤੋਂ ਵਿਦੁਰ ਦੇ ਰੂਪ ਵਿਚ ਜਨਮ ਲੈਣਾ ਪਿਆ।
- ਡਾ. ਯਸ਼ਪਾਲ (ਗੋਲੀਆਂ)