ਜਲੰਧਰ (ਪ੍ਰੀਤ)- ਬੇਖੌਫ ਚੋਰਾਂ ਨੇ ਅਰਬਨ ਅਸਟੇਟ ਫੇਜ਼-1 'ਚ ਰਹਿੰਦੀ ਤਰਨਤਾਰਨ ਦੀ ਜੱਜ ਵਿਪਨਦੀਪ ਕੌਰ ਦੇ ਘਰੋਂ 1 ਲੱਖ ਨਕਦੀ, ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਵਾਰਦਾਤ ਦੇ ਸਮੇਂ ਘਰ ਵਿਚ ਕੋਈ ਨਹੀਂ ਸੀ।
ਜੱਜ ਵਿਪਨਦੀਪ ਕੌਰ ਦੇ ਮਾਤਾ-ਪਿਤਾ ਉਸ ਨੂੰ ਮਿਲਣ ਤਰਨਤਾਰਨ ਗਏ ਹੋਏ ਸਨ। ਵਾਰਦਾਤ ਦਾ ਖੁਲਾਸਾ ਅੱਜ ਦੁਪਹਿਰ ਬਾਅਦ ਹੋਇਆ। ਚੋਰਾਂ ਨੇ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੱਕ ਤੋੜ ਦਿੱਤੇ ਪਰ ਇਕ ਕੈਮਰੇ 'ਚ ਚੋਰ ਦੀ ਤਸਵੀਰ ਕੈਦ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਿਕ ਸੀ. ਜੇ. ਐੱਮ. ਵਿਪਨਦੀਪ ਕੌਰ ਤਰਨਤਾਰਨ ਵਿਖੇ ਤਾਇਨਾਤ ਹੈ। ਉਸਦੇ ਪਿਤਾ ਐੱਮ. ਪੀ. ਐੱਸ. ਗੁਲਾਟੀ ਅਤੇ ਮਾਤਾ ਅਮਰਜੀਤ ਕੌਰ ਸਥਾਨਕ ਅਰਬਨ ਅਸਟੇਟ ਫੇਜ਼- 2 ਦੀ ਕੋਠੀ ਨੰਬਰ 113 'ਚ ਰਹਿੰਦੇ ਹਨ ਜੋ ਆਪਣੀ ਬੇਟੀ ਨੂੰ ਮਿਲਣ ਤਰਨਤਾਰਨ ਗਏ ਹੋਏ ਸਨ। ਅੱਜ ਦੁਪਹਿਰ ਬਾਅਦ ਜਦੋਂ ਉਹ ਵਾਪਿਸ ਪਰਤੇ ਤਾਂ ਘਰ ਦੇ ਬਾਹਰ ਤਾਂ ਤਾਲੇ ਲੱਗੇ ਹੋਏ ਸਨ ਪਰ ਜਦੋਂ ਉਹ ਅੰਦਰ ਦਾਖਿਲ ਹੋਏ ਤਾਂ ਦੇਖਿਆ ਕਿ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਟੀ. ਵੀ., ਐੱਲ. ਸੀ. ਡੀ. ਟੁੱਟੇ ਹੋਏ ਸਨ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ । ਸੂਚਨਾ ਮਿਲਣ 'ਤੇ ਏ. ਸੀ. ਪੀ. ਬਲਵਿੰਦਰ ਇਕਬਾਲ ਸਿੰਘ ਕਾਹਲੋਂ, ਥਾਣਾ ਨੰਬਰ 7 ਦੇ ਇੰਚਾਰਜ ਬਲਵਿੰਦਰ ਸਿੰਘ ਵਿਰਕ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਮੁੱਢਲੀ ਜਾਂਚ 'ਚ ਪਤਾ ਲੱਗਾ ਕਿ ਚੋਰ ਕੋਠੀ ਦੀ ਬੈਕ ਸਾਈਡ 'ਤੇ ਖਿੜਕੀ ਦੀ ਜਾਲੀ ਕੱਟ ਕੇ ਅਤੇ ਗ੍ਰਿਲ ਤੋੜ ਕੇ ਦਾਖਿਲ ਹੋਏ। ਚੋਰਾਂ ਨੇ ਅੰਦਰ ਵੜ ਕੇ ਸੀ. ਸੀ. ਟੀ. ਵੀ. ਕੈਮਰੇ , 2 ਐੱਲ. ਸੀ. ਡੀਜ਼ ਅਤੇ 1 ਟੀ. ਵੀ. ਤੋੜ ਦਿੱਤਾ। ਚੋਰਾਂ ਨੇ ਅਲਮਾਰੀ ਖੋਲ੍ਹ ਕੇ ਉਸ ਵਿਚ ਪਏ ਕਰੀਬ 1 ਲੱਖ ਰੁਪਏ , 8 ਤੋਲੇ ਸੋਨੇ ਦੇ ਗਹਿਣੇ , ਕਰੀਬ ਡੇਢ ਕਿਲੋ ਚਾਂਦੀ ਦਾ ਸਾਮਾਨ, ਘਰ 'ਚ ਬਣੇ ਧਾਰਮਿਕ ਸਥਾਨ 'ਤੇ ਪਿਆ ਚੜ੍ਹਾਵਾ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਪੁਲਸ ਨੇ ਜਾਂਚ ਦੌਰਾਨ ਫਿੰਗਰ ਪ੍ਰਿੰਟਸ ਐਕਸਪਰਟਸ ਅਤੇ ਡਾਗ ਸਕੁਐਡ ਦੀ ਮਦਦ ਵੀ ਲਈ। ਜਾਂਚ ਦੌਰਾਨ 1 ਕੈਮਰੇ ਦੀ ਰਿਕਾਰਡਿੰਗ ਦੇਖਣ 'ਤੇ ਉਸ ਦਿਨ 1 ਚੋਰ ਦੀ ਤਸਵੀਰ ਕੈਦ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਚੋਰ ਨੇ ਮੂੰਹ 'ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਇਸ ਬਾਰੇ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਕਈ ਅਹਿਮ ਸੁਰਾਗ ਮਿਲੇ ਹਨ। ਵਾਰਦਾਤ ਜਲਦੀ ਹੀ ਟ੍ਰੇਸ ਕਰ ਲਈ ਜਾਵੇਗੀ।
ਸਮੈਕ ਪੀਂਦੇ ਦੀ ਵੀਡੀਓ ਪੁਲਸ ਵਾਲੇ ਨੂੰ ਭੇਜ ਦਿੱਤੀ ਬੱਸ ਫਿਰ ਪੈ ਗਿਆ ਪੰਗਾ (ਦੇਖੋ ਤਸਵੀਰਾਂ)
NEXT STORY