ਨਥਾਣਾ, (ਬੱਜੋਆਣੀਆਂ)— ਪੰਜਾਬ ਵਿਚ ਆਲੂਆਂ ਤੇ ਕਣਕ ਦੀ ਹੋ ਰਹੀ ਬੇਕਦਰੀ ਨੂੰ ਵੇਖਦਿਆਂ ਛੋਟੇ ਕਿਸਾਨ ਜ਼ਮੀਨ ਠੇਕੇ 'ਤੇ ਲੈਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ । ਪੰਜਾਬ ਵਿਚ ਆਲੂ ਉਤਪਾਦਕ ਤਾਂ ਮੰਦੇ ਤੋਂ ਪਹਿਲਾਂ ਹੀ ਪ੍ਰੇਸ਼ਾਨ ਸਨ ਤੇ ਹੁਣ ਕਣਕ ਦੇ ਨਿਕਲ ਰਹੇ ਘੱਟ ਝਾੜ ਅਤੇ ਕਣਕ ਵੇਚਣ ਵਿਚ ਆ ਰਹੀਆਂ ਮੁਸ਼ਕਿਲਾਂ ਨੇ ਕਿਸਾਨਾਂ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ । ਆਲੂਆਂ ਦੇ ਮੰਦੇ ਦੀ ਮਾਰ ਹੇਠ ਆਏ ਕਿਸਾਨ ਜੋਗਿੰਦਰ ਸਿੰਘ ਨਥਾਣਾ ਨੇ ਦੱਸਿਆ ਕਿ ਆਲੂਆਂ ਦੀ ਖਰੀਦ ਦਾ ਸਰਕਾਰ ਕੋਲ ਕੋਈ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ 7 ਏਕੜ ਦੇ ਆਲੂ ਖੇਤ ਵਿਚ ਪਏ ਹੀ ਗਲ-ਸੜ ਗਏ ਹਨ । ਇਸੇ ਤਰ੍ਹਾਂ ਹੀ ਕਿਸਾਨ ਬਖਤੌਰ ਸਿੰਘ ਦੇ 4 ਏਕੜ ਅਤੇ ਕਿਸਾਨ ਜੈਸੀ ਸਿੰਘ ਦੇ ਤਿੰਨ ਏਕੜ ਦੇ ਆਲੂ ਖੇਤ ਵਿਚ ਹੀ ਪਏ ਖਤਮ ਹੋ ਗਏ ਹਨ ।
ਇਸ ਤੋਂ ਇਲਾਵਾ ਕਿਸਾਨ ਸੁਖਦੇਵ ਸਿੰਘ, ਸਵਰਨ ਸਿੰਘ, ਕੁਲਦੀਪ ਸਿੰਘ ਆਦਿ ਦਾ ਕਹਿਣਾ ਹੈ ਕਿ ਇਸ ਵਾਰ ਕਣਕ ਦੀ ਫਸਲ ਦਾ ਝਾੜ 40 ਤੋਂ 45 ਮਣ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲ ਰਿਹਾ ਹੈ ਜੋ ਕਿ ਪਿਛਲੇ ਸਾਲ ਕਣਕ ਦਾ ਝਾੜ 55 ਤੋਂ 60 ਮਣ ਪ੍ਰਤੀ ਏਕੜ ਰਿਹਾ ਸੀ । ਉਨ੍ਹਾਂ ਕਿਹਾ ਬੇਮੌਸਮੀ ਬਾਰਸ਼, ਤੇਜ਼ ਹਵਾਵਾਂ ਅਤੇ ਕਈ ਥਾਵਾਂ 'ਤੇ ਹੋਈ ਗੜੇਮਾਰੀ ਨਾਲ ਕਣਕ ਦੇ ਝਾੜ 'ਤੇ ਕਾਫੀ ਮਾੜਾ ਅਸਰ ਪਿਆ ਹੈ ।
ਕਈ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਮਾੜੇ ਪ੍ਰਬੰਧਾਂ ਜਿਵੇਂ ਕਣਕ ਦੀ ਫਸਲ ਨੂੰ ਸਮੇਂ ਸਿਰ ਲੋੜੀਂਦੀ ਮਾਤਰਾ ਵਿਚ ਯੂਰੀਆ ਖਾਦ ਨਾ ਮਿਲਣ ਕਾਰਨ ਵੀ ਝਾੜ 'ਤੇ ਅਸਰ ਪਿਆ ਹੈ । ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਾਲੋਂ ਕਣਕ ਦੀ ਫਸਲ ਵਿਚ 10 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਘਾਟਾ ਪੈ ਰਿਹਾ ਹੈ । ਇਸ ਘਾਟੇ ਕਾਰਨ ਅਤੇ ਸਰਕਾਰ ਨੇ ਯੂਰੀਆ ਖਾਦ ਕਿਸਾਨਾਂ ਨੂੰ ਸਮੇਂ 'ਤੇ ਨਾ ਦੇਣਾ ਅਤੇ ਕਣਕ ਦੀ ਖਰੀਦ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਮਹਿੰਗੇ ਭਾਅ 'ਤੇ ਜ਼ਮੀਨਾਂ ਠੇਕੇ 'ਤੇ ਲੈਣ ਤੋਂ ਝਿਜਕ ਰਹੇ ਹਨ । ਇਸ ਕਰਕੇ ਠੇਕੇ ਵਾਲੀਆਂ ਜ਼ਮੀਨਾਂ ਦੇ ਭਾਅ ਪਿਛਲੇ ਸਾਲ ਦੇ ਮੁਕਾਬਲੇ 5 ਤੋਂ 10 ਹਜ਼ਾਰ ਰੁਪਏ ਪ੍ਰਤੀ ਏਕੜ ਹੇਠਾ ਆ ਗਏ ਹਨ । ਇਸ ਮੰਦਵਾੜੇ ਦਾ ਹੀ ਅਸਰ ਹੈ ਕਿ ਨਗਰ ਪੰਚਾਇਤ ਨਥਾਣਾ ਦੀ ਠੇਕੇ 'ਤੇ ਦਿੱਤੀ ਜਾਣ ਵਾਲੀ ਜ਼ਮੀਨ ਲੈਣ ਲਈ ਅਜੇ ਤੱਕ ਕੋਈ ਕਿਸਾਨ ਅੱਗੇ ਨਹੀਂ ਆਇਆ ਜਦੋਂ ਕਿ ਅਧਿਕਾਰੀਆਂ ਨੇ ਤਿੰਨ ਵਾਰ ਬੋਲੀ ਦੀ ਤਰੀਕ ਰੱਖੀ ਪਰ ਹਰ ਵਾਰ ਹੀ ਅਧਿਕਾਰੀਆਂ ਨੂੰ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪਿਆ ।
ਕੰਬਾਇਨ ਦੀ ਲਪੇਟ 'ਚ ਆਉਣ ਨਾਲ ਬਾਈਕ ਸਵਾਰ ਦੀ ਮੌਤ
NEXT STORY