ਸੋਸ਼ਲ ਮੀਡੀਆ 'ਤੇ ਓਰਬਿਟ ਬੱਸ ਕਾਂਡ ਨੂੰ ਲੈ ਕੇ ਬਾਦਲਾਂ ਨੂੰ ਰਗੜੇ
ਮਾਛੀਵਾੜਾ ਸਾਹਿਬ(ਟੱਕਰ/ਸਚਦੇਵਾ)-ਮੋਗਾ ਵਿਖੇ ਓਰਬਿਟ ਕੰਪਨੀ ਦੀ ਬੱਸ ਵਿਚ ਇਕ ਔਰਤ ਨਾਲ ਛੇੜਛਾੜ ਦੇ ਮਾਮਲੇ ਵਿਚ ਇਕ ਲੜਕੀ ਦੀ ਹੋਈ ਮੌਤ 'ਤੇ ਪੂਰੇ ਸੂਬੇ ਵਿਚ ਇਸ ਬੱਸ ਕੰਪਨੀ ਦੇ ਮਾਲਕ ਬਾਦਲ ਪਰਿਵਾਰ ਦੀ ਕਿਰਕਿਰੀ ਹੋ ਰਹੀ ਹੈ ਤੇ ਸੋਸ਼ਲ ਮੀਡੀਆ 'ਤੇ ਵੀ ਲੋਕ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਦੇ ਕੇ ਪੰਜਾਬ ਦੀ ਸੱਤਾ ਸੰਭਾਲੀ ਬੈਠੀ ਇਸ ਸਰਕਾਰ ਨੂੰ ਰਗੜੇ ਲਗਾ ਰਹੇ ਹਨ। ਸੋਸ਼ਲ ਮੀਡੀਆ ਫੇਸਬੁੱਕ, ਵਟਸਅਪ 'ਤੇ ਜੁੜੇ ਲੋਕਾਂ ਵਲੋਂ ਜਿੱਥੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਜਾ ਰਹੀ ਹੈ ਉਥੇ ਬਾਦਲ ਪਰਿਵਾਰ ਤੋਂ ਵੀ ਇਸ ਮਾਮਲੇ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਤਸਵੀਰਾਂ ਬਣਾ ਕੇ ਲੋਕਾਂ ਵਲੋਂ ਬਾਦਲ ਪਰਿਵਾਰ ਨੂੰ ਪੁੱਛਿਆ ਜਾ ਰਿਹਾ ਹੈ ਕਿ ਜੋ ਓਰਬਿਟ ਬੱਸ ਹੈ ਜਿਸ ਵਿਚ ਇਹ ਮੰਦਭਾਗੀ ਘਟਨਾ ਵਾਪਰੀ ਉਹ ਵੀ ਉਨ੍ਹਾਂ ਦੀ ਹੈ ਤੇ ਪੰਜਾਬ ਵਿਚ ਸਰਕਾਰ ਵੀ ਉਨ੍ਹਾਂ ਦੀ ਹੈ ਤੇ ਫਿਰ ਇਸ ਘਿਨਾਉਣੀ ਘਟਨਾ ਲਈ ਜ਼ਿੰਮੇਵਾਰ ਕੌਣ ਹੈ? ਲੋਕਾਂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਇਸ ਮੰਦਭਾਗੀ ਘਟਨਾ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇਵੇ। ਹੋਰ ਤਾਂ ਹੋਰ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਕੁਮੈਂਟ ਕਰਕੇ ਉਦਾਹਰਨਾਂ ਦਿੱਤੀਆਂ ਗਈਆਂ ਹਨ ਕਿ ਦਿੱਲੀ ਵਿਚ ਇਕ ਟੈਕਸੀ ਵਿਚ ਜਬਰ-ਜ਼ਨਾਹ ਦੀ ਘਟਨਾ ਹੋਣ ਕਾਰਨ ਇਸ ਉਬੇਰ ਟੈਕਸੀ ਕੰਪਨੀ ਦਾ ਲਾਇਸੰਸ ਕੈਂਸਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਦਿੱਲੀ ਵਿਚ ਵਾਪਰੇ ਨਿਰਭੈ ਕਾਂਡ ਵਿਚ ਬੱਸ ਦੇ ਮਾਲਕ 'ਤੇ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਇਸ ਲੜਕੀ ਦੀ ਹੋਈ ਦਰਦਨਾਕ ਹੱਤਿਆ 'ਤੇ ਬਾਦਲ ਪਰਿਵਾਰ ਦੀ ਓਰਬਿਟ ਬੱਸ ਕੰਪਨੀ ਵੀ ਬੰਦ ਕੀਤੀ ਜਾਵੇ ਅਤੇ ਨਾਲ ਹੀ ਉਨ੍ਹਾਂ 'ਤੇ ਵੀ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ।
ਕਈ ਲੋਕਾਂ ਵੱਲੋਂ ਤਾਂ ਸੋਸ਼ਲ ਮੀਡੀਆ 'ਤੇ ਇਸ ਗੱਲ ਦਾ ਵੀ ਆਦਾਨ ਪ੍ਰਦਾਨ ਕੀਤਾ ਜਾ ਰਿਹਾ ਹੈ ਕਿ ਸੂਬੇ ਦੇ ਲੋਕ ਇਕਜੁੱਟ ਹੋ ਕੇ ਓਰਬਿਟ ਬੱਸ ਦੀਆਂ ਸੇਵਾਵਾਂ ਦਾ ਬਾਈਕਾਟ ਕਰਨ। ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਮੁੱਖ ਮੰਤਰੀ ਬਾਦਲ ਅਤੇ ਉਸ ਦੀ ਨੂੰਹ ਹਰਸਿਮਰਤ ਕੌਰ ਬਾਦਲ ਵਲੋਂ ਓਰਬਿਟ ਬੱਸ ਕੰਪਨੀ ਦੇ ਮਾਲਕ ਹੋਣ ਬਾਰੇ ਦਿੱਤੇ ਵੱਖਰੇ-ਵੱਖਰੇ ਬਿਆਨ 'ਤੇ ਵੀ ਰਗੜੇ ਲਗਾਉਂਦੇ ਹੋਏ ਕਿਹਾ ਕਿ ਦੋਵੇਂ ਪਹਿਲਾਂ ਸਲਾਹ ਕਰ ਲੈਣ ਕਿ ਇਸ ਬੱਸ ਕੰਪਨੀ ਦਾ ਮਾਲਕ ਕੌਣ ਹੈ। ਸੂਬੇ ਦੀ ਪੁਲਸ ਵਲੋਂ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਤੇ ਲੜਕੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਚਾਰ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਸੋਸ਼ਲ ਮੀਡੀਆ 'ਤੇ ਬਾਦਲ ਪਰਿਵਾਰ ਖਿਲਾਫ਼ ਭੜਕਦਾ ਰੋਹ ਇਸ ਗੱਲ ਵੱਲ ਸੰਕੇਤ ਦਿੰਦਾ ਹੈ ਕਿ ਸੱਤਾ ਧਿਰ ਦੇ ਆਗੂਆਂ ਨੇ ਜੇ ਆਪਣੀ ਕਾਰਜਸ਼ੈਲੀ ਵਿਚ ਸੁਧਾਰ ਨਾ ਲਿਆਂਦਾ ਤਾਂ 2017 ਵਿਧਾਨ ਸਭਾ ਚੋਣਾਂ ਉਨ੍ਹਾਂ 'ਤੇ ਭਾਰੂ ਪੈ ਸਕਦੀਆਂ ਹਨ।
ਔਰਤਾਂ ਖਿਲਾਫ ਪੰਜਾਬ ਵਿਚ ਹੋ ਰਹੇ ਅਪਰਾਧਾਂ ਦਾ ਸਬੰਧ ਅਕਾਲੀ/ਬਾਦਲਾਂ ਨਾਲ ਕਿਉਂ ਹੈ : ਅਮਰਿੰਦਰ
NEXT STORY