ਨਵੀਂ ਦਿੱਲੀ (ਇੰਟ.) - ਫਰਿੱਜ, ਟੀ. ਵੀ. ਅਤੇ ਏ. ਸੀ. ਸਮੇਤ ਘਰੇਲੂ ਵਰਤੋਂ ਦੇ ਸਾਰੇ ਇਲੈਕਟ੍ਰਾਨਿਕ ਉਪਕਰਨਾਂ ਦੀ ਵਾਰੰਟੀ ਦੇ ਮਾਮਲੇ ’ਚ ਵਧ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਸਰਕਾਰ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਖਪਤਕਾਰ ਮਾਮਲਿਆਂ ਬਾਰੇ ਮੰਤਰਾਲਾ ਇਸ ਤਿਆਰੀ ’ਚ ਹੈ ਕਿ ਇਲੈਕਟ੍ਰਾਨਿਕ ਉਪਕਰਨ ਦੀ ਖਰੀਦ ਦੀ ਤਰੀਕ ਦੀ ਬਜਾਏ ਉਸ ਨੂੰ ਇੰਸਟਾਲ ਕੀਤੇ ਜਾਣ ਵਾਲੇ ਦਿਨ ਤੋਂ ਉਸਦਾ ਵਾਰੰਟੀ ਪੀਰੀਅਡ ਸ਼ੁਰੂ ਹੋਵੇ। ਇਸ ਸਬੰਧੀ ਮੰਤਰਾਲਾ ਨੇ ਕੰਪਨੀਆਂ ਨੂੰ 15 ਦਿਨਾਂ ਦੇ ਅੰਦਰ ਆਪਣੀ ਰਾਇ ਭੇਜਣ ਲਈ ਕਿਹਾ ਹੈ।
ਮੰਤਰਾਲਾ ਦੇ ਅਧੀਨ ਕੰਮ ਕਰਨ ਵਾਲੀ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ (ਸੀ. ਸੀ. ਪੀ. ਏ.) ਨੇ ਕੰਪਨੀਆਂ ਨਾਲ ਮੀਟਿੰਗ ਵੀ ਕੀਤੀ ਹੈ। ਖਪਤਕਾਰ ਮਾਮਲਿਆਂ ਦੀ ਸਕੱਤਰ ਅਤੇ ਸੀ. ਸੀ. ਪੀ. ਏ. ਦੀ ਚੀਫ ਕਮਿਸ਼ਨਰ ਨਿਧੀ ਖਰੇ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ’ਚ ਰਿਲਾਇੰਸ ਰਿਟੇਲ, ਐੱਲ. ਜੀ., ਪੈਨਾਸੋਨਿਕ, ਹਾਇਰ, ਕਰੋਮਾ ਅਤੇ ਬੋਸ਼ ਸਮੇਤ ਵੱਡੀਆਂ ਇਲੈਕਟ੍ਰਾਨਿਕ ਉਪਕਰਨ ਕੰਪਨੀਆਂ ਦੇ ਪ੍ਰਤੀਨਿਧੀ ਸ਼ਾਮਲ ਹੋਏ।
ਮੀਟਿੰਗ ’ਚ ਇਹ ਮੁੱਦਾ ਉਠਾਇਆ ਗਿਆ ਕਿ ਕੰਪਨੀਆਂ ਖਰੀਦਦਾਰੀ ਦੀ ਤਰੀਕ ਤੋਂ ਵਾਰੰਟੀ ਪੀਰੀਅਡ ਦੀ ਸ਼ੁਰੂਆਤ ਮੰਨ ਲੈਂਦੀਆਂ ਹਨ, ਭਾਵੇਂ ਗਾਹਕ ਦੇ ਘਰ ’ਚ ਇੰਸਟਾਲੇਸ਼ਨ ਬਾਅਦ ’ਚ ਹੋਵੇ। ਹੋਣਾ ਇਹ ਚਾਹੀਦਾ ਹੈ ਕਿ ਜਦੋਂ ਉਪਕਰਨ ਦੀ ਵਰਤੋਂ ਸ਼ੁਰੂ ਹੋਵੇ, ਉਸੇ ਦਿਨ ਤੋਂ ਵਾਰੰਟੀ ਪੀਰੀਅਡ ਦੀ ਗਿਣਤੀ ਹੋਵੇ ਕਿਉਂਕਿ ਇੰਸਟਾਲੇਸ਼ਨ ਤੋਂ ਬਾਅਦ ਹੀ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ।
ਗਾਹਕਾਂ ਨੂੰ ਵਾਰੰਟੀ ਪੀਰੀਅਡ ਬਾਰੇ ਜਾਣਕਾਰੀ ਦੇਣਾ ਹੈ ਜ਼ਰੂਰੀ : ਸੀ. ਸੀ. ਪੀ. ਏ.
ਖਪਤਕਾਰ ਮਾਮਲਿਆਂ ਦੀ ਸਕੱਤਰ ਅਤੇ ਸੀ. ਸੀ. ਪੀ. ਏ. ਦੀ ਚੀਫ ਕਮਿਸ਼ਨਰ ਨਿਧੀ ਖਰੇ ਨੇ ਇਲੈਕਟ੍ਰਾਨਿਕ ਉਪਕਰਨ ਬਣਾਉਣ ਵਾਲੀਆਂ ਕੰਪਨੀਆਂ ਦੇ ਪ੍ਰਤੀਨਿਧੀਆਂ ਨੂੰ ਇਹ ਵਿਸ਼ੇਸ਼ ਤੌਰ ’ਤੇ ਆਦੇਸ਼ ਦਿੱਤਾ ਹੈ ਕਿ ਕੰਪਨੀਅਾਂ ਗਾਹਕਾਂ ਨੂੰ ਸਾਫ ਤੌਰ ’ਤੇ ਵਾਰੰਟੀ ਪੀਰੀਅਡ ਬਾਰੇ ਜਾਣਕਾਰੀ ਦੇਣ। ਇਸ ਦੇ ਨਾਲ ਹੀ ਉਨ੍ਹਾਂ ਕੰਪਨੀਆਂ ਨੂੰ ਕੌਮਾਂਤਰੀ ਨਿਯਮਾਂ ਦੀ ਪਾਲਣਾ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਗਾਹਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਮਿਲਣ ’ਤੇ ਕੰਪਨੀਆਂ ਨੂੰ ਉਸ ਨੂੰ ਜਲਦ ਤੋਂ ਜਲਦ ਦੂਰ ਕਰਨਾ ਹੋਵੇਗਾ।
ਕਿਹੜੇ ਉਪਕਰਨਾਂ ’ਤੇ ਲਾਗੂ ਹੋਣਗੇ ਨਿਯਮ?
ਇਲੈਕਟ੍ਰਾਨਿਕ ਉਪਕਰਨ ਆਮ ਤੌਰ ’ਤੇ ਦੋ ਤਰ੍ਹਾਂ ਦੇ ਹੁੰਦੇ ਹਨ। ਪ੍ਰੈੱਸ, ਮਾਈਕ੍ਰੋਵੇਵ ਆਦਿ ਅਜਿਹੇ ਉਪਕਰਨ ਹੁੰਦੇ ਹਨ, ਜਿਨ੍ਹਾਂ ਨੂੰ ਇੰਸਟਾਲੇਸ਼ਨ ਦੀ ਲੋੜ ਨਹੀਂ ਪੈਂਦੀ ਅਤੇ ਗਾਹਕ ਉਨ੍ਹਾਂ ਨੂੰ ਖਰੀਦ ਕੇ ਵਰਤਣ ਲੱਗਦੇ ਹਨ ਪਰ ਏ. ਸੀ. ਜਾਂ ਫਰਿੱਜ ਵਰਗੇ ਉਪਕਰਨਾਂ ਨੂੰ ਇੰਸਟਾਲੇਸ਼ਨ ਦੀ ਲੋੜ ਹੁੰਦੀ ਹੈ। ਅਜਿਹੀ ਸਥਿਤੀ ’ਚ ਏ. ਸੀ. ਅਤੇ ਫਰਿੱਜ ਲਈ ਵਾਰੰਟੀ ਪੀਰੀਅਡ ਇਸ ਦੇ ਇੰਸਟਾਲੇਸ਼ਨ ਤੋਂ ਸ਼ੁਰੂ ਹੋਣਾ ਚਾਹੀਦਾ ਹੈ।
ਅੱਜ ਤੋਂ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ; ਸੰਸਦ ਮੈਂਬਰ ਚੁੱਕਣਗੇ ਸਹੁੰ, ਜਾਣੋ ਹੋਰ ਕੀ-ਕੀ ਹੋਵੇਗਾ
NEXT STORY