ਜਲਾਲਾਬਾਦ, (ਗੋਇਲ)- ਹੁਣ ਲੋਕਾਂ ਨੂੰ ਦੋਪਹੀਆ ਅਤੇ ਚਾਰ-ਪਹੀਆ ਵਾਹਨਾਂ 'ਚ ਯਾਤਰਾ ਕਰਨ ਤੋਂ ਪਹਿਲਾਂ ਸੋਚਣਾ ਪਵੇਗਾ। ਦੇਸ਼ ਵਿਚ ਦਿਨ-ਬ-ਦਿਨ ਵਧ ਰਹੀ ਮਹਿੰਗਾਈ ਅਤੇ ਡੀਜ਼ਲ ਤੇ ਪੈਟਰੋਲ ਦੇ ਰੇਟਾਂ ਨੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨ ਕਰ ਦਿੱਤਾ ਹੈ। ਪੈਟ੍ਰੋ-ਪਦਾਰਥਾਂ ਦੇ ਘਟਦੇ-ਵਧਦੇ ਰੇਟਾਂ ਵਿਚਕਾਰ 30 ਅਪ੍ਰੈਲ ਰਾਤ 12 ਵਜੇ ਤੋਂ ਪੈਟਰੋਲ ਵਿਚ 3 ਰੁਪਏ 96 ਪੈਸੇ ਅਤੇ ਡੀਜ਼ਲ ਵਿਚ 2 ਰੁਪਏ 37 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ।
ਹਰ ਵਰਗ ਪ੍ਰੇਸ਼ਾਨ- ਪੰਜਾਬ ਵਪਾਰ ਮੰਡਲ ਦੇ ਸੂਬਾਈ ਸਕੱਤਰ ਸੁਰਿੰਦਰ ਕਾਠਪਾਲ ਅਤੇ ਸੁਰਿੰਦਰ ਦਾ ਕਹਿਣਾ ਹੈ ਕਿ ਵਧਦੀ ਮਹਿੰਗਾਈ 'ਚ ਜ਼ਰੂਰਤਾਂ ਦੀਆਂ ਵਸਤਾਂ ਵਿਚ ਸ਼ਾਮਲ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿਚ ਹੋਏ ਵਾਧੇ ਤੋਂ ਹਰ ਕੋਈ ਪ੍ਰੇਸ਼ਾਨ ਹੋ ਗਿਆ ਹੈ। ਜੇਕਰ ਇਸੇ ਤੇਜ਼ੀ ਨਾਲ ਰੇਟਾਂ ਵਿਚ ਵਾਧਾ ਹੁੰਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਪੈਟਰੋਲ 100 ਰੁਪਏ ਪ੍ਰਤੀ ਲਿਟਰ ਵਿਕੇਗਾ।
ਬੱਸ ਸਫਰ ਮਹਿੰਗਾ ਹੋਣਾ ਤੈਅ- ਡੀਜ਼ਲ ਦੇ ਰੇਟ ਵਧਣ ਕਾਰਨ ਬੱਸਾਂ ਦਾ ਸਫਰ ਵੀ ਮਹਿੰਗਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਬੱਸਾਂ ਦਾ ਕਿਰਾਇਆ ਵਧਣ ਦਾ ਬੋਝ ਵੀ ਸਿੱਧਾ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਅਤੇ ਲੋਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਬੱਸ 'ਤੇ ਜਾਣ ਲਈ ਜ਼ਿਆਦਾ ਕਿਰਾਇਆ ਦੇਣਾ ਪਵੇਗਾ।
ਫਜ਼ੂਲ-ਖਰਚੀ ਬੰਦ ਕਰੇ ਸਰਕਾਰ- ਇਸ ਸਬੰਧੀ ਵੱਖ-ਵੱਖ ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਸਰਕਾਰੀ ਤੌਰ 'ਤੇ ਕੀਤੀ ਜਾਣ ਵਾਲੀ ਪੈਟਰੋਲ ਅਤੇ ਡੀਜ਼ਲ ਦੀ ਫਜ਼ੂਲ-ਖਰਚੀ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਸੇਵਾ ਭਾਰਤੀ ਦੀ ਸੂਬਾ ਅਹੁਦੇਦਾਰ ਸ਼੍ਰੀਮਤੀ ਮਧੂ ਮਿੱਤਲ ਨੇ ਕਿਹਾ ਕਿ ਜੇਕਰ ਕੇਂਦਰੀ ਅਤੇ ਸੂਬੇ ਦੇ ਮੰਤਰੀ ਅਤੇ ਵਿਧਾਇਕ ਪੈਟ੍ਰੋ-ਪਦਾਰਥਾਂ ਦੀ ਫਜ਼ੂਲ-ਖਰਚੀ ਘਟਾ ਦੇਣ ਤਾਂ ਕਾਫੀ ਹੱਦ ਤੱਕ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੰਤਰੀ ਦੇ ਦੌਰੇ ਵੇਲੇ ਉਸ ਦੇ ਨਾਲ ਕਈ-ਕਈ ਗੱਡੀਆਂ ਦਾ ਕਾਫਲਾ ਚਲਦਾ ਹੈ ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦਾ ਭਾਰੀ ਖਰਚ ਹੁੰਦਾ ਹੈ ਅਤੇ ਮਹਿੰਗਾਈ ਨੂੰ ਬੜ੍ਹਾਵਾ ਮਿਲਦਾ ਹੈ।
ਸਟੇਟਸ ਸਿੰਬਲ ਹੋਵੇ ਬੰਦ- ਸਮਾਜ ਸੇਵਕ ਸੋਮਨਾਥ ਅਗਰਵਾਲ ਨੇ ਕਿਹਾ ਕਿ ਅੱਜ ਮੰਤਰੀਆਂ ਵੱਲੋਂ ਗੱਡੀਆਂ ਦੇ ਵੱਡੇ-ਵੱਡੇ ਕਾਫਲੇ ਨਾਲ ਚੱਲਣਾ ਸਟੇਟਸ ਸਿੰਬਲ ਬਣ ਚੁੱਕਾ ਹੈ ਜਿਸ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ।
ਸੌਰ ਊਰਜਾ ਦੀ ਕੀਤੀ ਜਾਵੇ ਵਰਤੋਂ- ਗ੍ਰਹਿਣੀ ਵੀਨਾ, ਕਿਰਨ ਅਤੇ ਸੀਤਲ ਦਾ ਕਹਿਣਾ ਹੈ ਕਿ ਲਗਾਤਾਰ ਵਾਧੇ ਨੇ ਹਰ ਕਿਸੇ ਦੀ ਪ੍ਰੇਸ਼ਾਨੀ ਨੂੰ ਵਧਾ ਦਿੱਤਾ ਹੈ। ਇਸ ਨਾਲ ਮਹਿੰਗਾਈ ਹੋਰ ਵਧੇਗੀ। ਹੁਣ ਸਮਾਂ ਆ ਗਿਆ ਹੈ ਕਿ ਪੈਟਰੋਲ ਦੀ ਬਜਾਏ ਗੈਰ-ਰਵਾਇਤੀ ਊਰਜਾ ਜਿਵੇਂ ਸੌਰ ਊਰਜਾ ਅਤੇ ਬਾਇਓ ਗੈਸ ਆਦਿ 'ਤੇ ਦੁਬਾਰਾ ਸੋਚਿਆ ਜਾਵੇ ਅਤੇ ਇਨ੍ਹਾਂ ਦੀ ਵਰਤੋਂ 'ਤੇ ਜ਼ੋਰ ਦਿੱਤਾ ਜਾਵੇ।
ਠੋਸ ਕਦਮ ਪੁੱਟੇ ਸਰਕਾਰ- ਆਮ ਲੋਕਾਂ ਦਾ ਕਹਿਣਾ ਹੈ ਕਿ ਪੈਟ੍ਰੋ-ਪਦਾਰਥਾਂ ਦੇ ਰੇਟਾਂ ਨੂੰ ਰੋਕਣ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਠੋਸ ਨੀਤੀ ਦੀ ਕਮੀ ਕਾਰਨ ਦੇਸ਼ ਵਿਚ ਲਗਾਤਾਰ ਮਹਿੰਗਾਈ ਵਧ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮਹਿੰਗਾਈ ਨੂੰ ਨਾ ਰੋਕਿਆ ਗਿਆ ਤਾਂ ਦੇਸ਼ ਦੀ ਅਰਥ-ਵਿਵਸਥਾ ਡਾਵਾਂਡੋਲ ਹੋ ਜਾਵੇਗੀ।
ਬੱਸ ਤੁਹਾਡੀ! ਸਰਕਾਰ ਤੁਹਾਡੀ! ਜ਼ਿੰਮੇਵਾਰ ਕੌਣ?
NEXT STORY