ਨਵੀਂ ਬਹੂ ਮੁਕਲਾਵੇ ਆਈ।
ਨਵੀਂ ਬਹੂ ਮੁਕਲਾਵੇ ਆਈ,
ਧਰਤੀ ਪੈਰ ਨਾ ਲਾਵੇ।
ਲੈ ਨੀ ਬਹੂਏ ਰੋਟੀ ਖਾ ਲੈ,
ਬਹੂ ਰੋਟੀ ਨਾ ਖਾਏ।
ਮੂੰਹ ਵਿੱਚ ਭਾਬੀ ਦੇ,
ਨਣਦ ਬੁਰਕੀਆਂ ਪਾਵੇ। ਮੂੰਹ ਵਿੱਚ ਭਾਬੀ ਦੇ।
ਪੁਰਾਣਾ ਗਾਣਾ ਸੁਣਿਆ ਤਾਂ ਬਹੁਤ ਕੁਝ ਚੇਤੇ ਆ ਗਿਆ। ਅਕਸਰ ਇਦਾਂ ਹੀ ਹੁੰਦਾ ਸੀ। ਵਿਆਹ ਤੋਂ ਬਾਅਦ ਨਵੀਂ ਬਹੂ ਦੀ ਇਸ ਤਰਾਂ ਦੀ ਕਦਰ ਹੀ ਹੁੰਦੀ ਸੀ। ਨਵੀਂ ਬਹੂ ਬਹੁਤ ਸੰਗਦੀ ਤੇ ਸਰਮਾਉਦੀ ਸੀ ਤੇ ਕਈ ਕਈ ਦਿਨ ਕੋਈ ਕੰਮ ਨਹੀ ਸੀ ਕਰਦੀ। ਜਾ ਇਉ ਕਹਿ ਲਵੋ ਉਸ ਨੂੰ ਕੋਈ ਕੰਮ ਨਹੀ ਸੀ ਕਰਨ ਦਿੱਤਾ ਜਾਂਦਾ। ਘਰ ਵਿੱਚ ਨਵੀਂ ਬਹੂ ਦਾ ਬਹੁਤ ਚਾਅ ਹੁੰਦਾ ਸੀ। ਘਰ ਦੇ ਕੰਮ ਤੇ ਵੀ ਉਸ ਨੂੰ ਸ਼ਗਨ ਮਨਾ ਕੇ ਹੀ ਲਾਇਆ ਜਾਂਦਾ ਸੀ। ਨਵੀ ਬਹੂ ਦੁਆਰਾ ਬਣਾਏ ਗਏ ਪਹਿਲੇ ਪਕਵਾਨ ਨੂੰ ਇੱਕ ਰਸ਼ਮ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ ਤੇ ਵੱਡਿਆਂ ਦੁਆਰਾ ਬਕਾਇਦਾ ਉਸ ਨੂੰ ਸ਼ਗਨ ਦਿੱਤਾ ਜਾਂਦਾ ਸੀ। ਉਹ ਆਪਣੀ ਕਿਸੇ ਨਿੱਜੀ ਜ਼ਰੂਰਤ ਤੇ ਸਮੱਸਿਆ ਤਕਲੀਫ ਬਾਰੇ ਵੀ ਖੁੱਲਕੇ ਕਿਸੇ ਨੂੰ ਨਹੀ ਸੀ ਦੱਸਦੀ। ਚਿੱਠੀਆਂ ਦਾ ਜਮਾਨਾ ਸੀ ਤੇ ਆਹ ਮੋਬਾਇਲ ਫੋਨ ਦਾ ਯੁੱਗ ਨਹੀ ਸੀ ਆਇਆ। ਇਹ ਸਰਮਾਕਲ ਸੁਭਾਅ ਹੀ ਸਾਡਾ ਵਿਰਸਾ ਤੇ ਸੱਭਿਆਚਾਰ ਸੀ । ਇਹੀ ਸਾਡੀ ਮਰਿਆਦਾ ਪ੍ਰੰਪਰਾ ਸੀ। ਰੀਤੀ ਰਿਵਾਜਾਂ ਦੇ ਇਸੇ ਤਾਣੇ ਬਾਣੇ ਵਿੱਚ ਉਸ ਸਮੇਂ ਦੇ ਗੀਤਕਾਰਾਂ ਵਲੋ ਮੋਕੇ ਦੇ ਹਾਲਾਤ ਮੁਤਾਬਿਕ ਹੀ ਗੀਤ ਰਚੇ ਗਏ ਸਨ । ਤੇ ਇਹੀ ਗੀਤ ਹੀ ਉਸ ਸਮੇ ਦੇ ਹਾਲਾਤਾਂ ਦੀ ਤਰਜਮਾਨੀ ਕਰਦੇ ਹਨ।
ਨਵੀਂ ਬਹੂ ਨਵੇਂ ਘਰ ਦੇ ਵਾਤਾਵਰਣ ਅਨੁਸਾਰ ਹੌਲੀ ਹੌਲੀ ਆਪਣੇ ਆਪ ਨੂੰ ਢਾਲਦੀ ਤੇ ਨਵੇ ਘਰ ਦੇ ਰਿਵਾਜਾਂ ਨੂੰ
ਅਪਨਾਉਣ ਦੀ ਕੋਸਿਸ ਕਰਦੀ ਸੀ । ਪਰਦੇ ਜਾਂ ਘੁੰਡ ਦੇ ਰਿਵਾਜ ਨੇ ਵੀ ਉਸ ਤੇ ਕਈ ਤਰਾਂ ਦੇ ਬੰਧਣ ਲਾਏ ਹੋਏ ਸਨ। ਸਹੁਰੇ ਅਤੇ ਜੇਠ ਤੋਂ ਇਲਾਵਾ ਕਈ ਵਾਰੀ ਉਸ ਨੂੰ ਸੱਸ ਅਤੇ ਪਤੀ ਤੋ ਵੀ ਘੁੰਡ ਕੱਢਣਾ ਪੈੱਦਾ ਸੀ। ਵੱਡਿਆਂ ਨਾਲ ਸਿੱਧੀ ਗੱਲ ਵੀ ਨਹੀ ਕੀਤੀ ਜਾ ਸਕਦੀ ਸੀ। ਉਸ ਨੂੰ ਆਪਣੀ ਗੱਲ ਨੂੰ ਜੇਠ ਜਾ ਸਹੁਰੇ ਤੱਕ ਪਹੁੰਚਾਉਣ ਲਈ ਉਸ ਨੂੰ ਬੱਚਿਆਂ ਦੇ ਜ਼ਰੀਏ ਗੱਲ ਕਰਨੀ ਪੈਂਦੀ ਸੀ ਤੇ ਵੱਡਿਆਂ ਲਈ ਵੀ ਘਰੇ ਵੜਣ ਤੋ ਪਹਿਲਾ ਖੰਘੂਰਾ ਮਾਰਨਾ ਜ਼ਰੂਰੀ ਹੁੰਦਾ ਸੀ। ਤਾਂ ਕਿ ਨਵੀ ਬਹੂ ਨੁੰ ਘੁੰਡ ਕੱਢਣ ਦਾ ਸਮਾਂ ਮਿਲ ਸਕੇ। ਇਸ ਤਰਾਂ ਨਵੀ ਬਹੂ ਨਵੇ ਘਰ ਦੇ ਤੌਰ ਤਰੀਕਿਆਂ ਨਾਲ ਹੌਲੀ ਹੌਲੀ ਵਾਕਫ ਹੁੰਦੀ।
ਇਹ ਤਬਦੀਲੀ ਇੱਕ ਪਾਸੇ ਬਹੁਤ ਚੰਗੀ ਹੈ ਤੇ ਸਮਾਜ ਲਈ ਵਰਦਾਨ ਹੈ। ਪਰ ਇਸ ਦੇ ਵੀ ਆਪਣੇ ਗੁਣ ਦੋਸ਼ ਹਨ। ਨਵੀ ਪੀੜੀ ਵਿੱਚ ਸਹਿਣਸ਼ੀਲਤਾ ਦੀ ਕਮੀ ਤੇ ਪੇਕਿਆਂ ਦੀ ਨਜਾਇਜ ਹੱਲਾਸੇਰੀ ਅਤੇ ਆਪਣੀ ਨਿੱਜੀ ਆਜਾਦੀ ਦੀ ਖੁਹਾਇਸ਼ ਇਹਨਾ ਨਾਜ਼ੁਕ ਰਿਸ਼ਤਿਆਂ ਦੇ ਟੁਟਣ ਦਾ ਆਧਾਰ ਬਣ ਰਹੀ ਹੈ । ਇੰਨੀਆਂ ਸਹੂਲਤਾਂ ਤੇ ਛੂਟਾਂ ਹੋਣ ਦੇ ਬਾਵਜੂਦ ਵੀ ਤਲਾਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਇਹਨਾ ਟੁਟੱਦੇ ਘਰਾਂ ਦੀ ਵਜ੍ਹਾ ਵੀ ਇਹ ਸਮਾਜਿਕ ਬਦਲਾਉ ਹੈ ਜੋ ਨਵੀ ਬਹੂ ਤੇ ਨਵੇ ਰਿਸ਼ਤਿਆਂ ਵਿੱਚ ਪਣਪ ਰਿਹਾ ਹੈ। ਇਸ ਖੁਲ੍ਹਾਪਣ ਦੀ ਬਦੋਲਤ ਨਾਲ ਹੀ ਸਾਡੀ ਮਾਣ ਮਰਿਆਦਾ ਦਾ ਨੁਕਸਾਨ ਹੋ ਰਿਹਾ ਹੈ। ਕਿੰਨਾ ਸੋਹਣਾ ਨਜਾਰਾ ਹੁੰਦਾ ਹੋਵੇਗਾ ਜਦੋ ਕਿਸੇ ਨਵੀ ਵਿਆਹੀ ਦੇ ਮੂੰਹ ਵਿੱਚ ਉਸ ਦੀ ਨਨਾਣ
ਬੁਰਕੀਆਂ ਪਾਉਦੀ ਹੋਵੇਗੀ ਮਤਲਬ ਉਸਨੂੰ ਆਪਣੇ ਹੱਥੀ ਰੋਟੀ ਖਵਾਉਂਦੀ ਹੋਵੇਗੀ। ਬੇਸੱਕ ਧੀ ਧਿਆਣੀਆਂ ਦੀ ਸੇਵਾ ਕਰਨਾ ਸਾਡੇ ਵਿਰਸੇ ਤੇ ਸੱਭਿਆਚਾਰ ਦਾ ਅੰਗ ਹੈ ਪਰ ਆਪਣੀ ਨਵੀ ਭਾਬੀ ਦੇ ਲਈ ਨਨਾਣ ਦੇ ਦਿਲ ਵਿੱਚ ਚਾਅ ਹੁੰਦਾ ਹੈ ਨਵੀ ਬਹੂ ਨੂੰ ਪਿਆਰ ਕਰਨ ਦਾ ਅਤੇ ਉਸਦੀ ਸੇਵਾ ਕਰਨ ਦਾ ਅਰਮਾਨ ਹੁੰਦਾ ਹੈ।ਅੱਜ ਦੇ ਇਸ ਮਾਇਆਵੀ ਯੁੱਗ ਵਿੱਚ ਇਹ ਬੋਲ ਥੋੜੇ ਅਟਪਟੇ ਲੱਗਦੇ ਹਨ। ਹਰੇਕ ਸਖਸ ਦੇ ਮਨ ਨੂੰ ਨਹੀ ਜੱਚਦੇ ਤੇ ਜਲਦੀ ਹਜ਼ਮ ਨਹੀ ਆਉਂਦੇ ਪਰ ਇੱਕ ਸੁਲਝੇ ਸਮਾਜ ਦੀ ਅਟੱਲ ਸਚਾਈ ਹੈ।
ਸਰੋਜ ਸੇਠੀ ਮੰਡੀ ਡੱਬਵਾਲੀ
ਕੋਈ ਬਾਤ ਖੁਸ਼ੀ ਦੀ ਪਾ ਸੱਜਣਾਂ....
NEXT STORY