ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮਦਿਨ 17 ਸਤੰਬਰ, 2025 ਨੂੰ ਮਨਾਇਆ ਗਿਆ। ਇਕ ਸਾਧਾਰਨ ਆਰ. ਐੱਸ. ਐੱਸ. ਪ੍ਰਚਾਰਕ ਤੋਂ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਲੋਕਪ੍ਰਿਯ ਪ੍ਰਧਾਨ ਮੰਤਰੀ ਤੱਕ ਦਾ ਉਨ੍ਹਾਂ ਦਾ ਸਫ਼ਰ ਸਿਧਾਂਤਾਂ, ਸੇਵਾ, ਸਮਰਪਣ, ਸੰਗਠਨ, ਸੰਘਰਸ਼ ਅਤੇ ਚੰਗੇ ਸ਼ਾਸਨ ਪ੍ਰਤੀ ਸਮਰਪਿਤ ਜੀਵਨ ਬਾਰੇ ਡੂੰਘੀ ਸਮਝ ਪ੍ਰਦਾਨ ਕਰਦਾ ਹੈ।
ਮੋਦੀ ਜੀ ਦਾ ਜਨਮ ਗੁਜਰਾਤ ਦੇ ਵਡਨਗਰ ਵਿਚ ਇਕ ਸਾਧਾਰਨ ਹੇਠਲੇ-ਦਰਮਿਆਨੇ ਵਰਗ ਦੇ ਪਰਿਵਾਰ ਵਿਚ ਹੋਇਆ ਸੀ। ਆਰ. ਐੱਸ. ਐੱਸ. ਪ੍ਰਚਾਰਕ ਵਜੋਂ ਉਨ੍ਹਾਂ ਦੇ ਸ਼ੁਰੂਆਤੀ ਸਾਲਾਂ ਨੇ ਉਨ੍ਹਾਂ ਦੇ ਵਿਸ਼ਵ ਦ੍ਰਿਸ਼ਟੀਕੋਣ ਨੂੰ ਆਕਾਰ ਦਿੱਤਾ, ਜਿਸ ਵਿਚ ਅਨੁਸ਼ਾਸਨ, ਰਾਸ਼ਟਰਵਾਦ ਅਤੇ ਨਿਰਸਵਾਰਥ ਸੇਵਾ ਦੀ ਭਾਵਨਾ ਸ਼ਾਮਲ ਹੋਈ। ਇਕ ਪ੍ਰਚਾਰਕ ਵਜੋਂ ਉਨ੍ਹਾਂ ਨੇ ਭਾਰਤ ਭਰ ਵਿਚ ਯਾਤਰਾ ਕੀਤੀ, ਪ੍ਰੋਗਰਾਮਾਂ ਅਤੇ ਵਲੰਟੀਅਰਾਂ ਨੂੰ ਸੰਗਠਿਤ ਕੀਤਾ, ਇਕ ਸਾਦਾ ਜੀਵਨ ਬਤੀਤ ਕੀਤਾ ਅਤੇ ਵੱਖ-ਵੱਖ ਅੰਦੋਲਨਾਂ ਵਿਚ ਹਿੱਸਾ ਵੀ ਲਿਆ। ਐਮਰਜੈਂਸੀ ਵਿਰੋਧੀ ਅੰਦੋਲਨ ਤੋਂ ਲੈ ਕੇ ਧਾਰਾ 370 ਅਤੇ 35ਏ ਨੂੰ ਰੱਦ ਕਰਨ ਅਤੇ ਰਾਮ ਜਨਮਭੂਮੀ ਯਾਤਰਾ ਤੱਕ ਮੋਦੀ ਦਾ ਜੀਵਨ ਅਤੇ ਜਵਾਨੀ ਅੰਦੋਲਨਾਂ ਨੂੰ ਸਾਰਥਕ ਬਣਾਉਣ ਵਿਚ ਬਤੀਤ ਹੋਈ।
ਇਕ ਪ੍ਰਚਾਰਕ ਤੋਂ ਸਿਆਸਤਦਾਨ ਬਣੇ ਵਰਕਰ ਮੋਦੀ ਦੇ ਸੰਗਠਨਾਤਮਕ ਹੁਨਰ ਕਮਾਲ ਦੇ ਸਨ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਹੋਣ ਦੇ ਨਾਤੇ ਉਨ੍ਹਾਂ ਨੇ ਅਜਿਹੀਆਂ ਰਣਨੀਤੀਆਂ ਤਿਆਰ ਕੀਤੀਆਂ ਜਿਨ੍ਹਾਂ ਨੇ ਪਾਰਟੀ ਦੀ ਰਾਸ਼ਟਰੀ ਮੌਜੂਦਗੀ ਨੂੰ ਵਧਾਇਆ। ਗੁਜਰਾਤ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ 2001 ਦੇ ਭੂਚਾਲ ਤੋਂ ਬਾਅਦ ਰਾਜ ’ਚ ਤਤਕਾਲੀ ਬਦਲਾਅ ਕੀਤੇ, ਜਿਸ ਨਾਲ ਭਾਜਪਾ ਰਾਜ ਵਿਚ ਇਕ ਅਜੇਤੂ ਸ਼ਕਤੀ ਬਣ ਗਈ। ਅੱਜ ਤੱਕ ਮੋਦੀ ਤੋਂ ਬਾਅਦ ਦੇ ਯੁੱਗ ਵਿਚ ਵੀ ਭਾਜਪਾ ਗੁਜਰਾਤ ਵਿਚ ਇਕ ਵੀ ਚੋਣ ਨਹੀਂ ਹਾਰੀ ਹੈ। ਇਹ ਉਨ੍ਹਾਂ ਦੇ ਪ੍ਰਭਾਵ ਦਾ ਪ੍ਰਮਾਣ ਹੈ।
ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਨੇ ਉਨ੍ਹਾਂ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਆਕਾਰ ਦਿੱਤਾ, ਜਿਸ ਵਿਚ ਇਮਾਨਦਾਰੀ ਅਤੇ ਸਖ਼ਤ ਮਿਹਨਤ ਸ਼ਾਮਲ ਹੈ। ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ, ‘‘ਨਰਿੰਦਰ, ਕਦੇ ਰਿਸ਼ਵਤ ਨਾ ਲੈਣਾ, ਇਮਾਨਦਾਰੀ ਨਾਲ ਕਦੇ ਸਮਝੌਤਾ ਨਾ ਕਰਨਾ।’’
ਅੱਜ ਤੱਕ ਉਨ੍ਹਾਂ ਦੇ ਸਭ ਤੋਂ ਸਖ਼ਤ ਆਲੋਚਕ ਵੀ ਦੋ ਗੱਲਾਂ ’ਤੇ ਉਸਦੀ ਆਲੋਚਨਾ ਨਹੀਂ ਕਰ ਸਕਦੇ-ਜਨਤਕ ਸੇਵਾ ਵਿਚ ਉਨ੍ਹਾਂ ਦਾ ਬੇਦਾਗ ਕਰੀਅਰ, ਜਿੱਥੇ ਉਨ੍ਹਾਂ ’ਤੇ ਕਦੇ ਵੀ ਭ੍ਰਿਸ਼ਟਾਚਾਰ ਦਾ ਨਿੱਜੀ ਤੌਰ ’ਤੇ ਦੋਸ਼ ਨਹੀਂ ਲੱਗਾ ਅਤੇ ਉਨ੍ਹਾਂ ਦੀ ਬੇਮਿਸਾਲ ਕਾਰਜ ਨੈਤਿਕਤਾ ਅਤੇ ਸਖ਼ਤ ਮਿਹਨਤ ਪ੍ਰਤੀ ਸਮਰਪਣ। ਉਨ੍ਹਾਂ ਨੇ ਲਗਭਗ 8,740 ਦਿਨਾਂ ਲਈ ਸੰਵਿਧਾਨਕ-ਜਨਤਕ ਅਹੁਦੇ ’ਤੇ ਸੇਵਾ ਕੀਤੀ ਹੈ, ਫਿਰ ਵੀ ਇਕ ਵੀ ਦਿਨ ਦੀ ਛੁੱਟੀ ਨਹੀਂ। 75 ਸਾਲ ਦੀ ਉਮਰ ਵਿਚ ਵੀ ਜਦੋਂ ਕਿ ਉਨ੍ਹਾਂ ਤੋਂ ਘੱਟ ਉਮਰ ਦੇ ਉਨ੍ਹਾਂ ਦੇ ਵਿਰੋਧੀ ਅਕਸਰ ਛੁੱਟੀਆਂ ਦਾ ਆਨੰਦ ਲੈਂਦੇ ਹਨ, ਵੇਕੇਸ਼ਨ ਮੂਡ ’ਚ ਰਹਿੰਦੇ ਹਨ, ਉਹ ਲਗਾਤਾਰ ਵਰਕ ਮੋਡ ’ਚ ਰਹਿੰਦੇ ਹਨ।
ਮੋਦੀ ਵਿਚ ਜੋ ਆਰ. ਐੱਸ. ਐੱਸ. ਪ੍ਰਚਾਰਕ ਵਾਲਾ ਮੋਡ ਹੈ, ਉਨ੍ਹਾਂ ਦੀ ਅਗਵਾਈ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਭਾਵੇਂ ਉਹ ਮੁੱਖ ਮੰਤਰੀ ਵਜੋਂ ਹੋਣ ਜਾਂ ਹੁਣ ਪ੍ਰਧਾਨ ਮੰਤਰੀ ਵਜੋਂ। ਸੰਘ ਦਾ ਅਨੁਸ਼ਾਸਨ, ਸੰਗਠਨ ਅਤੇ ਰਾਸ਼ਟਰਵਾਦ ਉਨ੍ਹਾਂ ਦੇ ਨਿੱਜੀ ਅਕਸ, ਨੀਤੀਆਂ ਅਤੇ ਸ਼ਾਸਨ ਤੋਂ ਸਪੱਸ਼ਟ ਝਲਕਦਾ ਹੈ। 1990 ਦੇ ਦਹਾਕੇ ਵਿਚ ਏਕਤਾ ਯਾਤਰਾ ਦੌਰਾਨ ਹਜ਼ਾਰਾਂ ਵਰਕਰਾਂ ਨੂੰ ਲਾਮਬੰਦ ਕੀਤਾ, ਅੱਤਵਾਦ ਦੇ ਸਿਖਰ ’ਤੇ ਲਾਲ ਚੌਕ ’ਤੇ ਤਿਰੰਗਾ ਲਹਿਰਾਉਣ ਦਾ ਪ੍ਰਣ ਕੀਤਾ ਅਤੇ ਅੰਤ ਵਿਚ ਧਾਰਾ 370 ਨੂੰ ਰੱਦ ਕਰ ਕੇ ਉਨ੍ਹਾਂ ਨੇ ‘ਇਕ ਨਿਸ਼ਾਨ-ਇਕ ਸੰਵਿਧਾਨ’ ਦੇ ਸੁਪਨੇ ਨੂੰ ਸਾਕਾਰ ਕੀਤਾ।
ਵਰਕਰ ਮੋਦੀ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਲੈਪਟਾਪ ਅਤੇ ਡਿਜੀਟਲ ਉਪਕਰਣਾਂ ਦੀ ਵਰਤੋਂ ਸ਼ੁਰੂ ਕੀਤੀ ਸੀ ਅਤੇ ਅੱਜ ਤਕਨਾਲੋਜੀ ਨੇ ਉਨ੍ਹਾਂ ਦੇ ਸ਼ਾਸਨ ਨੂੰ ਮੁੜ ਆਕਾਰ ਦਿੱਤਾ ਹੈ। 2000 ਦੇ ਦਹਾਕੇ ਵਿਚ ਮੁੱਖ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ ਪ੍ਰਾਜੈਕਟਾਂ ਦੀ ਅਸਲ-ਸਮੇਂ ਦੀ ਨਿਗਰਾਨੀ ਲਈ ਲੈਪਟਾਪ ਅਪਣਾਏ, ਜੋ ਉਸ ਸਮੇਂ ਇਕ ਨਵੀਨਤਾ ਸੀ। ਅੱਜ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਉਹ ਡਰੋਨਾਂ ਨਾਲ ਪ੍ਰਾਜੈਕਟਾਂ ਦੀ ਨਿਗਰਾਨੀ ਕਰਨ, ਸੋਸ਼ਲ ਮੀਡੀਆ ਰਾਹੀਂ ਨਾਗਰਿਕਾਂ ਨਾਲ ਸਿੱਧੇ ਜੁੜਨ ਅਤੇ ਇਮਾਨਦਾਰ, ਪਾਰਦਰਸ਼ੀ ਸ਼ਾਸਨ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਤਕਨਾਲੋਜੀ ਦੀ ਵਰਤੋਂ ਕਰਦੇ ਹਨ।
ਅੱਜ ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਹੈ, ਜੋ 11ਵੇਂ ਸਥਾਨ ਤੋਂ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਜੀ. ਐੱਸ. ਟੀ. ਅਤੇ ਜੀ. ਐੱਸ. ਟੀ. ਨੈਕਸਟ ਜਨਰੇਸ਼ਨ ਦੇ ਸੁਧਾਰ ਲਾਗੂ ਕੀਤੇ ਗਏ ਅਤੇ ਵਕਫ਼ (ਸੋਧ) ਬਿੱਲ ਪਾਸ ਹੋਏ ਅਤੇ 2025 ’ਚ ਬੁਨਿਆਦੀ ਢਾਂਚੇ ’ਤੇ 11 ਲੱਖ ਕਰੋੜ ਰੁਪਏ ਖਰਚ ਕੀਤੇ ਗਏ। ਭਾਰਤ ਬੇਮਿਸਾਲ ਗਤੀ ਨਾਲ ਸੜਕਾਂ, ਹਾਈਵੇਅ, ਹਵਾਈ ਅੱਡੇ, ਮੈਟਰੋ ਕੁਨੈਕਟੀਵਿਟੀ ਅਤੇ ਉਦਯੋਗਿਕ ਕੰਪਲੈਕਸ ਬਣਾ ਰਿਹਾ ਹੈ, ਜਦੋਂ ਕਿ ਲੱਖਾਂ ਗਰੀਬ ਲੋਕਾਂ ਨੂੰ ਪੱਕੇ ਘਰ, ਟੂਟੀ ਦਾ ਪਾਣੀ, ਪਖਾਨੇ, ਗੈਸ ਸਿਲੰਡਰ, ਆਯੁਸ਼ਮਾਨ ਭਾਰਤ ਸਿਹਤ ਕਵਰੇਜ, ਕਿਫਾਇਤੀ ਮੁਦਰਾ ਕਰਜ਼ੇ ਅਤੇ ਬੈਂਕ ਖਾਤੇ ਪ੍ਰਦਾਨ ਕਰ ਕੇ ਸਮਾਜਿਕ ਬੁਨਿਆਦੀ ਢਾਂਚਾ ਵੀ ਬਣਾ ਰਿਹਾ ਹੈ। ਸਮਾਜਿਕ ਨਿਆਂ ਉਨ੍ਹਾਂ ਦੇ ਸ਼ਾਸਨ ਦਾ ਅਾਧਾਰ ਰਿਹਾ ਹੈ ਅਤੇ ਇਸਦਾ ਸਭ ਤੋਂ ਵੱਡਾ ਸਬੂਤ ਪਿਛਲੇ 11 ਸਾਲਾਂ ਵਿਚ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣਾ ਹੈ।
ਉਨ੍ਹਾਂ ਨੇ ਹਮੇਸ਼ਾ ਆਪਣੀਆਂ ਨੀਤੀਆਂ ਦੀ ਨੀਂਹ ਰਾਸ਼ਟਰੀ ਹਿੱਤ ’ਤੇ ਰੱਖੀ, ਨਾ ਕਿ ਪਰਿਵਾਰਕ ਜਾਂ ਵੋਟ ਬੈਂਕ ਦੇ ਹਿੱਤ ’ਤੇ। ਇਸ ਲਈ 2016 ਵਿਚ ਸਰਜੀਕਲ ਸਟ੍ਰਾਈਕ, 2019 ਵਿਚ ਬਾਲਾਕੋਟ ਹਵਾਈ ਹਮਲੇ ਅਤੇ ਆਪ੍ਰੇਸ਼ਨ ਸਿੰਧੂਰ ਰਾਹੀਂ ‘ਘਰ ’ਚ ਦਾਖਲ ਹੋ ਕੇ ਮਾਰਨਾ’ ਦਾ ਨਵਾਂ ਆਮ ਵਰਤਾਰਾ ਅੱਤਵਾਦ ਪ੍ਰਤੀ ਉਨ੍ਹਾਂ ਦੀ ਜ਼ੀਰੋ-ਟਾਲਰੈਂਸ ਨੀਤੀ ਨੂੰ ਦਰਸਾਉਂਦਾ ਹੈ। ਉਹ ਦਿਨ ਗਏ ਜਦੋਂ ਪਾਕਿਸਤਾਨ ਤੋਂ ਅੱਤਵਾਦੀ ਹਮਲਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ। ਹੁਣ, ਪਾਕਿਸਤਾਨ ਆਪਣੀ ਕਲਪਨਾ ਤੋਂ ਪਰ੍ਹੇ ਕੀਮਤ ਅਦਾ ਕਰ ਰਿਹਾ ਹੈ।
75 ਸਾਲ ਦੀ ਉਮਰ ਵਿਚ ਮੋਦੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਨ੍ਹਾਂ ਨੇ ਭਾਰਤੀ ਰਾਜਨੀਤੀ ਅਤੇ ਲੋਕਤੰਤਰ ਨੂੰ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ‘ਨਾਮਦਾਰ’ ਵਾਰਿਸਾਂ ਦੇ ਚੁੰਗਲ ਤੋਂ ਬਚਾਇਆ ਅਤੇ ਆਜ਼ਾਦ ਕਰਵਾਇਆ ਹੈ। ਵਿਸ਼ਵਵਿਆਪੀ ਅਸਥਿਰਤਾ ਦੇ ਸਮੇਂ ਦੌਰਾਨ ਉਨ੍ਹਾਂ ਦਾ ਲਗਾਤਾਰ ਤੀਜਾ ਕਾਰਜਕਾਲ ਇਸ ਤੱਥ ਨੂੰ ਉਜਾਗਰ ਕਰਦਾ ਹੈ ਕਿ ਉਨ੍ਹਾਂ ਦੀਆਂ ਨੀਤੀਆਂ ‘ਪ੍ਰੋ ਇਨਕੰਬੈਂਸੀ’’ ਨੂੰ ਦਰਸਾਉਂਦੀਆਂ ਹਨ। ਅੱਜ, ਮਿਹਨਤੀ ਲੋਕ ਵੱਡੇ-ਵੱਡੇ ਲੋਕਾਂ ਦਾ ਸਾਹਮਣਾ ਕਰ ਸਕਦੇ ਹਨ ਅਤੇ ਸ਼ਾਇਦ ਲੋਕਤੰਤਰ ਵਿਚ ਇਹੀ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ।
– ਸ਼ਹਿਜ਼ਾਦ ਪੂਨਾਵਾਲਾ (ਭਾਜਪਾ ਦੇ ਰਾਸ਼ਟਰੀ ਬੁਲਾਰੇ)
ਦੁਨੀਆ ਭਾਰਤ ਨੂੰ ਕਾਨੂੰਨਾਂ, ਅਤੇ ਲੋਕਾਂ ਦੇ ਸਮਾਜਿਕ ਵਿਵਹਾਰ ਦੇ ਚਸ਼ਮੇ ਨਾਲ ਦੇਖੇਗੀ
NEXT STORY