ਮੁਹੱਲੇ ਦੇ ਨੇੜੇ ਹੀ ਦਰਖੱਤਾਂ ਦੇ ਝੁੰਡ 'ਚ ਇੱਕ ਚਾਦਰ ਥੱਲੇ ਰਹਿੰਦੇ ਅਮਰਨਾਥ ਨੂੰ ਲੋਕਾਂ ਨੇ ਹਮੇਸ਼ਾ ਕੁੱਤਿਆਂ ਨਾਲ ਖੇਡਦਿਆਂ, ਦਰਖੱਤਾਂ ਨਾਲ ਗੱਲਾਂ ਕਰਦਿਆਂ ਤੇ ਆਪ ਮੁਹਾਰੇ ਹਸਦਿਆਂ ਹੀ ਦੇਖਿਆ ਸੀ । ਉਹ ਬੋਲਦਾ ਤਾਂ ਕਿਸੇ ਨਾਲ ਘੱਟ ਹੀ ਸੀ ਪਰ ਇੰਨਾਂ ਕੁ ਸਮਾਜਿਕ ਜ਼ਰੂਰ ਸੀ ਕਿ ਦੋ ਤਿੰਨ ਘਰ ਸਨ ਜਿੱਥੇ ਉਹ ਸ਼ਾਮ ਸਵੇਰੇ ਚੁੱਪ-ਚਾਪ ਜਾ ਖਲੋਂਦਾ ਤੇ ਖਾਣਾ ਲੈ ਆਂਦਾ । ਕੁੱਝ ਲੋਕਾਂ ਨੇ ਹਮਦਰਦੀ ਵਸ ਉਹਦਾ ਅੱਗਾ ਪਿੱਛਾ ਜਾਣਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ । ਉਹ ਤਾਂ ਜਾਣਨ ਵਿੱਚ ਅਸਫਲ ਰਹੇ ਪਰ ਮੈਂ ਦਸਦਾ ਹਾਂ , ਬਾਬੂ ਅਮਰਨਾਥ ਦੀ ਪਿਛਲੀ ਜਿੰਦਗੀ ਤੇ ਉਹ ਹਾਲਾਤ ਜਿਸ ਨੇ ਅਮਰਨਾਥ ਨੂੰ ਬੇਜੁਬਾਨ ਜਾਨਵਰਾਂ ਤੇ ਦਰਖੱਤਾਂ ਦਾ ਸਾਥੀ ਬਣਾ ਦਿੱਤਾ ।
ਸ਼ਹਿਰ ਵਿੱਚ ਇੱਕ ਵੱਡਾ ਸਾਰਾ ਘਰ ਤੇ ਉਸੇ ਦੇ ਅਗਲੇ ਹਿੱਸੇ ਵਿੱਚ ਬਣੀ ਵੱਡੀ ਸਾਰੀ ਦੁਕਾਨ ਤੇ ਹੀ ਜ਼ਿਆਦਾ ਸਮਾਂ ਬੀਤਦਾ ਸੀ ਬਾਬੂ ਅਮਰਨਾਥ ਦਾ । ਖੁਸ਼ਹਾਲ ਪਰਿਵਾਰ ਸੀ । ਦੋ ਮੁੰਡੇ ਤੇ ਘਰਵਾਲੀ । ਵੱਡੇ ਮੁੰਡੇ ਦਾ ਵਿਆਹ ਵੀ ਬੜੀ ਸ਼ਾਨੋ ਸ਼ੌਕਤ ਨਾਲ ਹੋਇਆ ਸੀ । ਵੱਡੀ ਨੁੰਹ ਨੇ ਆਉਂਦਿਆਂ ਹੀ ਆਪਣੀ ਵਿਵਹਾਰਿਕ ਸੋਚ ਨੂੰ ਅਮਲੀ ਜਾਮਾਂ ਪਹਿਣਾ ਦਿੱਤਾ ਸੀ। ਨਤੀਜਤਣ ਬਾਬੂ ਅਮਰਨਾਥ ਦੁਕਾਨ ਤੋਂ ਬਾਹਰ ਸੀ ਤੇ ਵੱਡਾ ਲੜਕਾ ਦੁਕਾਨ ਦੀ ਗੱਦੀ ਤੇ ਛੋਟੇ ਲੜਕੇ ਦੀ ਸ਼ਾਦੀ ਹੋਈ ਤਾਂ ਹਾਲਾਤ ਹੋਰ ਖਰਾਬ ਹੋ ਗਏ । ਹੁਣ ਵੱਡੀ ਦੁਕਾਨ ਦੀਆਂ ਦੋ ਦੁਕਾਨਾਂ ਬਣ ਗਈਆਂ ਸਨ । ਹੁਣ ਅਮਰਨਾਥ ਨੂੰ ਸਮਾਂ ਕਿਸੇ ਤਰ੍ਹਾਂ ਘਰ ਤੋਂ ਬਾਹਰ ਬਿਤਾਣਾ ਪੈਂਦਾ ਸੀ ਤੇ ਉਸ ਦੀ ਘਰਵਾਲੀ ਨੂੰ ਜਾਂ ਤਾਂ ਨੂੰਹਾਂ ਦੀ ਖਿਦਮਤ ਕਰਨੀ ਪੈਂਦੀ ਜਾਂ ਫਿਰ
ਦੁਤਕਾਰ ਸੁਣਨੀ ਪੈਂਦੀ । ਅਖੀਰ ਉਹ ਬੀਮਾਰ ਹੋ ਗਈ , ਅਮਰਨਾਥ ਬਹੁਤ ਕੂਕਿਆ ਪਰ ਸਭ ਪੈਸੇ ਦੇ ਪੀਰ ਸਨ । ਉਹ ਦੋਵੇਂ ਜੀ ਉਹਨਾਂ ਲਈ ਕਿਸੇ ਕੰਮ ਦੇ ਨਹੀਂ ਸਨ ਸ਼ਾਇਦ.............ਅਮਰਨਾਥ ਚਾਹ ਕੇ ਵੀ ਕੁੱਝ ਨਹੀਂ ਕਰ ਸਕਿਆ ,ਉਹ ਉਸਨੂੰ ਇੱਕਲਿਆਂ ਛੱਡ ਕੇ ਚਲੀ ਗਈ । ਖੂਨ ਸਫੇਦ ਹੋਣ ਦੇ ਵਰਤਾਰੇ ਨੇ ਅਮਰਨਾਥ ਨੂੰ ਉਹ ਸਦਮਾ ਦਿੱਤਾ ਕਿ ਉਹ ਚੁੱਪ ਹੋ ਗਿਆ, ਸ਼ਾਂਤ ਬਿਲਕੁਲ ਸਾਂਤ ਜਿਵੇਂ ਬਰਫ਼ ਦਾ ਬਣਿਆ ਆਦਮੀ ਹੋਵੇ । ਰਸਮਾਂ ਨਿਪਟੀਆਂ ਤੇ ਉਹ ਘਰੋਂ ਚੱਲ ਪਿਆ ਸੀ , ਆ ਟਿਕਿਆ ਸੀ ਇੱਥੇ । ਜਿੱਥੇ ਪਹਿਲੀ ਵਾਰ ਬਰਫ਼ ਦੇ ਇਸ ਆਦਮੀ ਵਿੱਚ ਲਰਜਿਸ਼ ਪੈਦਾ ਹੋਈ , ਜਦੋਂ ਦੋ ਦਿਨਾਂ ਬਾਅਦ ਇੱਕ ਕੁੱਤੇ ਨੇ ਅਪਣਤ ਜਤਾਦਿਆਂ ਉਸਦੇ ਮੋਢੇ ਤੇ ਸਿਰ ਰੱਖ ਦਿੱਤਾ ਸੀ ।
ਤਰਸੇਮ ਬਸ਼ਰ
ਬਠਿੰਡਾ।
ਨਵੀਂ ਲਾੜੀ ਦਾ ਚਾਹ ਅਵੱਲਾ...
NEXT STORY