ਗੱਲ ਉਸ ਸਮੇਂ ਦੀ ਹੈ ਜਦੋਂ ਦੇਸ਼ 'ਚ ਐਮਰਜੈਂਸੀ ਲੱਗੀ ਹੋਈ ਸੀ। ਸਰਕਾਰ ਵਲੋਂ ਹਰ ਤਰ੍ਹਾਂ ਦੀ ਸਖਤੀ ਕੀਤੀ ਜਾ ਰਹੀ ਸੀ ਤੇ ਨਿਗਰਾਨੀ ਰੱਖੀ ਜਾ ਰਹੀ ਸੀ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਜੇਲਾਂ 'ਚ ਠੋਸ ਦਿੱਤਾ ਗਿਆ ਸੀ। ਪ੍ਰੈਸ ਦੀ ਆਜਾਦੀ ਵੀ ਖਤਮ ਕਰ ਦਿੱਤੀ ਗਈ ਸੀ। ਰੇਡੀਓ ਟੇਲੀਵਿਜ਼ਨ ਤੇ ਵੀ ਸਿਰਫ ਸਰਕਾਰੀ ਰਾਗ ਅਲਾਪਿਆ ਜਾ ਰਿਹਾ ਸੀ। ਬਹੁਤ ਸਖਤ ਕਾਨੂੰਨ ਬਣਾ ਦਿੱਤੇ ਗਏ ਸਨ। ਸਰਕਾਰੀ ਅਫਸਰਾਂ ਤੇ ਵੀ ਬਹੁਤ ਸਖਤੀ ਕਰ ਦਿੱਤੀ ਗਈ ਸੀ।
ਇਸੇ ਕੜੀ ਅਧੀਨ ਪਿੰਡਾਂ ਵਿਚ ਠੀਕਰੀ ਪਹਿਰਾ ਲਾਗੂ ਕਰ ਦਿੱਤਾ ਗਿਆ। ਠੀਕਰੀ ਪਹਿਰੇ ਦਾ ਮਤਲਬ ਹੁੰਦਾ ਹੈ ਕਿ ਹਰ ਰੋਜ ਉਸੇ ਪਿੰਡ ਦੇ ਅੱਠ ਦੱਸ ਬਸਿੰਦੇ ਵਾਰ ਨਾਲ ਪਹਿਰਾ ਦਿੰਦੇ ਹਨ ਤੇ ਪਹਿਰਾ ਦੇਣ ਵਾਲੇ ਆਦਮੀਆਂ ਦੀ ਸੂਚੀ ਪਿੰਡ ਦੇ ਚੌਕੀਦਾਰ ਕੋਲ ਹੁੰਦੀ ਸੀ ਤੇ ਚੌਕੀਦਾਰ ਹੀ ਹਰ ਰੋਜ ਬਦਲਵੇ ਬੰਦਿਆ ਦੀ ਡਿਊਟੀ ਲਾਕੇ ਉਨ੍ਹਾਂ ਦੀ ਸਹਿਮਤੀ ਲੈ ਲੈਦਾ ਸੀ। ਸੁਣਿਆ ਸੀ ਪੁਲਸ ਵਿਭਾਗ ਦੀ ਗਸ਼ਤੀ ਟੀਮ ਪਹਿਰੇ ਦੀ ਚੈਕਿੰਗ ਵੀ ਕਰਦੀ ਹੁੰਦੀ ਸੀ।
ਸਰਦੀ ਦੇ ਦਿਨ ਸਨ ਤੇ ਚੌਕੀਦਾਰ ਨੇ ਉਸ ਦਿਨ ਦੇ ਪਹਿਰੇ ਵਾਲਿਆਂ ਵਿੱਚ ਸਾਡੀ ਡਿਊਟੀ ਲਾ ਦਿੱਤੀ। ਕਿਉਂਕਿ ਮੇਰੇ ਪਿਤਾ ਜੀ ਬਾਹਰ ਨੌਕਰੀ ਕਰਦੇ ਸਨ ਤੇ ਘਰ ਵਿੱਚ ਵੱਡਾ ਹੋਣ ਕਰਕੇ ਪਹਿਰੇ ਤੇ ਮੈਨੂੰ ਹੀ ਜਾਣਾ ਪੈਣਾ ਸੀ ਤੇ ਮੈ ਅਜੇ 9ਵੀਂ ਜਮਾਤ 'ਚ ਪੜ੍ਹਦਾ ਜੁਆਕ ਹੀ ਸੀ।
ਅੱਠ ਕੁ ਵਜੇ ਮੈ ਆਪਣੇ ਨਾਲ ਦੇ ਸੱਤ ਹੋਰ ਸਾਥੀਆਂ ਨਾਲ ਪਹਿਰੇ ਤੇ ਚਲਾ ਗਿਆ । ਅਸੀਂ ਚਾਰ-ਚਾਰ ਜਣਿਆ ਦੇ ਦੋ ਗਰੁੱਪ ਬਣਾ ਲਏ। ਅਸੀਂ ਪਿੰਡ ਬੱਸ ਅੱਡੇ ਦੇ ਨੇੜੇ ਹੀ ਸਕੂਲ ਦੀ ਗਰਾਉਂਡ ਵਿੱਚ ਬੈਠ ਗਏ ਤਾਂ ਕਿ ਬਾਹਰੋ ਆਉਂਦੇ ਗਸ਼ਤੀ ਦਲ ਬਾਰੇ ਸਾਨੂੰ ਸਮੇਂ ਸਿਰ ਪਤਾ ਲੱਗ ਸਕੇ। ਦੂਜੇ ਗਰੁੱਪ ਨੇ ਪਿੰਡ ਦੇ ਦੂਜੇ ਪਾਸੇ ਗੁਰੂਦਵਾਰਾ ਸਾਹਿਬ ਕੋਲ ਬੈਠਣਾ ਸੀ ਤਾਂਕਿ ਦੂਜੇ ਪਾਸੇ ਦੀ ਵੀ ਖਬਰਸਾਰ ਰਹੇ। ਤਕਰੀਬਨ ਸਾਰੀ ਰਾਤ ਹਾਸੇ ਮਖੌਲ ਕਰਦਿਆਂ ਹੀ ਲੰਘ ਗਈ। ਅਸੀਂ ਸੁਣਿਆ ਸੀ ਉਸ ਸਮੇਂ ਲੰਬੀ ਥਾਣੇ 'ਚ ਜੋ ਥਾਣੇਦਾਰ ਤੈਨਾਤ ਸੀ ਉਹ ਬਹੁਤ ਸਖਤ ਸੁਭਾਅ ਦਾ ਸੀ। ਮੁਲਜਿਮ ਨੂੰ ਕੀੜਿਆਂ ਦੇ ਭੌਣ ਤੇ ਬਿਠਾ ਕੇ ਜਾ ਸੁੱਕੇ ਭੱਖੜੇ ਤੇ ਲਿਟਾਕੇ ਸਜਾ ਦਿੰਦਾ ਸੀ। ਉਸ ਦਾ ਖੌਫ ਸਾਡੇ ਮਨਾਂ ਵਿੱਚ ਸੀ। ਕੋਈ ਤਿੰਨ ਅਤੇ ਚਾਰ ਵਜੇ ਦੇ ਦਰਮਿਆਨ ਅਸੀ ਇੱਕ ਜੀਪ ਪਿੰਡ ਵਿੱਚ ਵੜਦੀ ਦੇਖੀ ਤੇ ਅਸੀ ਉਸ ਦਾ ਪਿੱਛਾ ਕਰਦੇ ਕਰਦੇ ਗੁਰੂਦਵਾਰੇ ਵਾਲੇ ਪਾਸੇ ਚਲੇ ਗਏ। ਹੁਣ ਅਸੀ ਸਾਰੇ ਇਕੱਠੇ ਹੋ ਗਏ। ਪੰਜ ਕੁ ਮਿੰਟਾ ਬਾਆਦ ਜੀਪ ਸਾਡੇ ਸਾਹਮਣੇ ਸੀ ਤੇ ਓਹੀ ਥਾਣੇਦਾਰ ਆਪਣੇ ਸਟਾਫ ਨਾਲ ਥੱਲੇ ਉੱਤਰਿਆ। ਉਸ ਨੇ ਸਾਡੇ ਅੱਠਵੇ ਬੰਦੇ ਨੂੰ ਨਾ ਵੇਖ ਕੇ ਚੌਕੀਦਾਰ ਤੋਂ ਉਸ ਬਾਰੇ ਪੁਛਿਆ ਅਤੇ ਚੌਕੀਦਾਰ ਨੂੰ ਉਸ ਨੂੰ ਲੈਣ ਉਸ ਦੇ ਘਰ ਭੇਜ ਦਿੱਤਾ। । ਥਾਣੇਦਾਰ ਨੇ ਸਾਨੂੰ ਇੱਕ ਲਾਈਨ 'ਚ ਖੜੇ ਹੋਣ ਦਾ ਹੁਕਮ ਦਿੱਤਾ। ਫਿਰ ਮੇਰੇ ਹੱਥ ਬੈਟਰੀ ਫੜੀ ਦੇਖ ਕੇ ਕਿਹਾ ਹਾਂ ਬਈ ਬੈਟਰੀ ਵਾਲਿਆ ਤੂੰ ਦੱਸ ਤੁਸੀਂ ਕਿੱਥੇ ਸੁੱਤੇ ਪਏ ਸੀ। ਕਿਉਂਕਿ ਉਨ੍ਹਾਂ 'ਚ ਮੈਂ ਹੀ ਸਭ ਤੋ ਛੋਟੀ ਉਮਰ ਦਾ ਸੀ। ਮੇਰੇ ਨਾਲ ਵਾਲੇ ਡਰ ਗਏ ਕਿ ਕਿਤੇ ਇਹ ਗਲਤ ਬਿਆਨ ਨਾ ਦੇ ਦੇਵੇ ਤੇ ਪੁਲਿਸ ਕੁੱਟ-ਕੁੱਟ ਕੇ ਉਨ੍ਹਾਂ ਦਾ ਪੀਚੜਾ ਕੱਢ ਦੇਵੇਂ। ਅਸੀਂ ਸੌਣਾ ਕਿਉਂ ਹੈ ਜੀ ਅਸੀਂ ਤਾਂ ਪਹਿਰੇ ਤੇ ਹਾਂ ਤੇ ਸਕੂਲ ਵਾਲੇ ਪਾਸਿਓਂ ਇਸ ਜੀਪ ਦਾ ਪਤਾ ਕਰਨ ਲਈ ਹੀ ਇੱਧਰ ਆਏ ਹਾਂ। ਮੇਰੇ ਜਵਾਬ ਤੇ ਉਸ ਨੂੰ ਤਸੱਲੀ ਜਿਹੀ ਹੋ ਗਈ ਤੇ ਸਭ ਨੇ ਸੁੱਖ ਦਾ ਸਾਹ ਲਿਆ।
ਫਿਰ ਇੰਨੀ ਦੇਰ ਨੂੰ ਸਾਡਾ 8ਵਾਂ ਸਾਥੀ ਵੀ ਆ ਗਿਆ। ਉਹ 70 ਸਾਲਾਂ ਦਾ ਬਜੁਰਗ ਸੀ, ਜਿਸ ਨੂੰ ਬਾਬਾ ਈਸ਼ਰ ਕਹਿੰਦੇ ਸਨ। ਉਸ ਨੇ ਦੱਸਿਆ ਕਿ ਉਹ ਤਾਂ ਚੰਨ ਤੋਂ ਟਾਇਮ ਦਾ ਅੰਦਾਜਾ ਲਾਕੇ ਘਰ ਚਲਾ ਗਿਆ ਸੀ। ਜਦੋਂ ਅਸੀਂ ਥਾਣੇਦਾਰ ਸਾਹਿਬ ਨੂੰ ਦੱਸਿਆ ਕਿ ਇਸ ਦੇ ਕੋਈ ਲੜਕਾ ਨਹੀ ਹੈ ਇਕੱਲੀਆਂ ਲੜਕੀਆਂ ਹੀ ਹਨ ਜੋ ਵਿਆਹੀਆਂ ਹੋਈਆਂ ਹਨ। ਤਾਂ ਥਾਣੇਦਾਰ ਸਾਹਿਬ ਨੇ ਚੌਕੀਦਾਰ ਨੂੰ ਅਜੇਹੇ ਮਜਬੂਰ ਬਜੁਰਗ ਦੀ ਡਿਊਟੀ ਲਾਉਣ ਤੇ ਝਿੱੜਕਿਆ ਤੇ ਅੱਗੇ ਤੋ ਉਸ ਦੀ ਡਿਊਟੀ ਨਾ ਲਾਉਣ ਦੀ ਹਦਾਇਤ ਵੀ ਦਿੱਤੀ। ਪੁਲਿਸ ਦੀ ਗਸ਼ਤੀ ਪਾਰਟੀ ਤੋਂ ਚਾਹੇ ਅਸੀਂ ਸਾਢੇ ਕੁ ਚਾਰ ਵਜੇ ਫਰੀ ਹੋ ਗਏ ਪਰ ਫਿਰ ਵੀ ਅਸੀ ਛੇ ਵਜੇ ਤੱਕ ਪਹਿਰੇ ਤੇ ਹੀ ਰਹੇ ।ਸਾਨੂੰ ਡਰ ਸੀ ਕਿ ਇਹ ਥਾਣੇਦਾਰ ਦੋਬਾਰਾ ਵੀ ਚੈਕਿੰਗ ਤੇ ਆ ਸਕਦਾ ਹੈ। ਉਸ ਦਿਨ ਪੁਲਿਸ ਤੋਂ ਬੱਚ ਕੇ ਅਸੀਂ ਬਹੁਤ ਖੁਸ਼ ਹੋਏ। ਅੱਜ ਵੀ ਉਸ ਥਾਣੇਦਾਰ ਦੀ ਦਹਿਸ਼ਤ ਯਾਦ ਕਰਕੇ ਲੂੰ ਕੰਡੇ ਖੜੇ ਹੋ ਜਾਂਦੇ ਹਨ ਪਰ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਹੈ ਕਿ ਸੁਭਾਅ ਦੇ ਸਖਤ ਅਫਸਰ ਦਿਲ ਦੇ ਨਰਮ ਤੇ ਇਨਸਾਫ ਪਸੰਦ ਹੁੰਦੇ ਹਨ ਉਹ ਅਨਿਆਂ ਨਹੀ ਕਰਦੇ ਸਗੋਂ ਸੱਚਾਈ ਦਾ ਸਾਥ ਦਿੰਦੇ ਹਨ।
ਰਮੇਸ਼ ਸੇਠੀ ਬਾਦਲ
''ਵਿਰਕਾਂ ਦਾ ਦੋਹਤਰਾ ਹੋਵੇ ਤੇ....
NEXT STORY