ਕੁਝ ਚਿਰ ਪਹਿਲਾਂ ਜਦੋਂ ਮੈਨੂੰ ਪਾਕਿਸਤਾਨ ਵਿਚ ਗੁਰਦਵਾਰਿਆਂ ਦੀ ਯਾਤਰਾ ਦਾ ਵੀਜਾ ਮਿਲਿਆ ਤਾਂ ਇਸ ਵਿਚ ਕਰਤਾਰਪੁਰ ਸਾਹਿਬ, ਲਹੌਰ ਅਤੇ ਸੱਚਾ ਸੌਦਾ ਦਾ ਵੀਜਾ ਵੀ ਸੀ ।ਇਸ ਤੋਂ ਸਾਲ ਪਹਿਲਾਂ ਜਦੋਂ ਮੈਨੂੰ ਪਾਕਿਸਤਾਨ ਆਉਣ ਦਾ ਮੌਕਾ ਮਿਲਿਆ ਸੀ ਤਾਂ ਮੈਂ ਆਪਣੇ ਜਨਮ ਸਥਾਨ ਵਾਲੇ ਪਿੰਡ ਚੱਕ ਨੰਬਰ 96 ਜਿਲਾ ਸਰਗੋਧਾ ਵੀ ਗਿਆ ਸੀ, ਉਥੇ ਜਿਸ ਪਿਆਰ ਨਾਲ ਪਿੰਡ ਵਾਲਿਆਂ ਨੇ ਮੇਰਾ ਸੁਆਗਤ ਕੀਤਾ ਸੀ, ਉਹ ਮੈਂ ਸਾਰੀ ਉਮਰ ਨਹੀਂ ਭੁੱਲ ਸਕਦਾ । ਪਿੰਡ ਪਹੁੰਚ ਕੇ ਜਦੋਂ ਮੈਂ ਦੱਸਿਆ ਕਿ ਮੈਂ ਨੰਬਰਦਾਰ ਲਛਮਣ ਸਿੰਘ ਦਾ ਪੋਤਰਾ ਹਾਂ, ਤਦ ਕੁਝ ਹੀ ਮਿੰਟਾਂ ਵਿਚ ਤਕਰੀਬਨ ਸਾਰੇ ਹੀ ਪਿੰਡ ਦੇ ਮਰਦ ਇਕ ਚੌਂਕ ਵਿਚ ਮੇਰੇ ਇਰਦ-ਗਿਰਦ ਆ ਕੇ ਬੈਠ ਗਏ ਅਤੇ ਹੈਰਾਨੀ ਵਾਲੀ ਗਲ ਸੀ ਕਿ ਕੁਝ ਹੀ ਮਿੰਟਾਂ ਵਿਚ ਚਾਹ, ਪਕੌੜੇ ਅਤੇ ਜਲੇਬੀਆਂ ਵਗੈਰਾ ਕਿਧਰੋਂ ਉਥੇ ਆ ਗਈਆਂ ਅਤੇ ਉਥੇ ਏਦਾਂ ਲੱਗ ਰਿਹਾ ਸੀ, ਜਿਵੇਂ ਕੋਈ ਸਮਾਗਮ ਜਾਂ ਜਸ਼ਨ ਮਨਾਇਆ ਜਾ ਰਿਹਾ ਹੈ । ਉਥੇ ਬੈਠੇ ਸਭ ਜਣੇ ਸਾਡੇ ਪਰਿਵਾਰ ਬਾਰੇ ਏਦਾਂ ਪੁੱਛ ਰਹੇ ਸਨ, ਜਿਵੇਂ ਉਨ੍ਹਾਂ ਨੂੰ ਵਿਛੜਨ ਦਾ ਬੜਾ ਉਦਰੇਵਾਂ ਹੋਵੇ ।
ਸੱਚਾ ਸੌਦਾ ਦੇ ਕੋਲ ਪਿੰਡ ਮੇਰੇ ਨਾਨਕਿਆਂ ਦਾ ਪਿੰਡ ਫੁੱਲਰਵਾਨ ਸੀ ਅਤੇ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਮੈਂ ਅਤੇ ਮੇਰਾ ਛੋਟਾ ਭਰਾ ਆਪਣੀ ਬੀਬੀ ਜੀ (ਮਾਤਾ ਜੀ) ਨਾਲ ਆਪਣੇ ਨਾਨਕੇ ਆਏ ਹੋਏ ਸੀ ਅਤੇ ਇਥੋਂ ਹੀ ਅਸੀਂ ਇਕ ਕਾਫਲੇ ਵਿਚ ਚਲ ਕੇ ਪੂਰਬੀ ਪੰਜਾਬ ਆਏ ਸੀ ।
ਇਸ ਕਾਫਲੇ ਨੂੰ ਕੁਝ ਦਿਨ ਸੱਚਾ ਸੌਦਾ ਗੁਰਦਵਾਰੇ ਰਹਿਣਾ ਪਿਆ ਸੀ, ਇਸ ਲਈ 60 ਸਾਲ ਮਗਰੋਂ ਮੇਰੇ ਮਨ ਵਿਚ ਉਸ ਗੁਰਦਵਾਰੇ ਨੂੰ ਵੇਖਣ ਦੀ ਇੱਛਾ ਜਾਗ ਰਹੀ ਸੀ ਅਤੇ ਇਸ ਨਾਲ ਹੀ ਮੈਂ ਆਪਣੇ ਨਾਨਕੇ ਪਿੰਡ ਫੁੱਲਰਵਾਨ ਵੀ ਜਾਣਾ ਚਾਹੁੰਦਾ ਸੀ । ਮੈਂ ਇਕ ਦਿਨ ਲਹੌਰ ਰਿਹਾ ਤੇ ਅਗਲੇ ਦਿਨ ਮੈਂ ਇਕ ਕਾਰ ਤੇ ਕਰਤਾਰਪੁਰ ਵੱਲ ਚਾਲੇ ਪਾ ਦਿੱਤੇ, ਮੇਰੇ ਨਾਲ ਇਕ ਡਰਾਈਵਰ ਅਤੇ ਲਹੌਰ ਤੋਂ ਇਕ ਹੋਰ ਆਦਮੀ ਸੀ ।ਕਰਤਾਰਪੁਰ ਵੱਲ ਜਾਂਦਿਆਂ ਰਾਹ ਵਿਚ ਇਕ ਵੱਡਾ ਸ਼ਹਿਰ ਨਾਰੋਵਾਲ ਆਇਆ । ਉਥੇ ਕਈ ਥਾਵਾਂ ਤੇ, ''ਬਾਜਵਾਂ ਗੈਸ ਸਟੇਸ਼ਨ'' ''ਬਾਜਵਾ ਰੈਸਟੋਰੈਂਟ'' ਆਦਿ ਲਿਖਿਆ ਹੋਇਆ ਵੇਖਿਆ ।ਨਾਰੋਵਾਲ ਬਾਰੇ ਮੈਂ ਬਹੁਤ ਕੁਝ ਸੁਣਦਾ ਰਿਹਾ ਸਾਂ, ਕਿਉਂ ਜੋ ਤਾਇਆ ਜੀ ਦੇ ਸਹੁਰੇ, ਨਾਰੋਵਾਲ ਦੇ ਨੇੜੇ ਦੇ ਕਿਸੇ ਪਿੰਡ ਵਿਚ ਸਨ ਅਤੇ ਉਹ ਵੀ ਬਾਜਵੇ ਸਨ । ਜਦੋਂ ਅਸੀ ਨਾਰੋਵਾਲ ਇਕ ਚਾਹ ਦੀ ਦੁਕਾਨ ਤੇ ਰੁਕੇ ਤਾਂ ਕੁਝ ਲੋਕ ਮੇਰੇ ਕੋਲ ਆ ਗਏ, ਉਨ੍ਹਾਂ ਦੀ ਗਲਬਾਤ ਦਾ ਅੰਦਾਜ਼ ਉਸੇ ਤਰਾਂ ਦਾ ਸੀ, ਜਿਵੇਂ ਇਧਰੋਂ ਗਏ ਸਾਡੇ ਰਿਸ਼ਤੇਦਾਰਾਂ ਦਾ ਸੀ। ਉਂਝ ਅਜਕਲ ਨਾਰੋਵਾਲ ਇਕ ਜਿਲ੍ਹਾ ਹੈ। ਨਾਰੋਵਾਲ ਤੋਂ ਸ਼ਕਰਗੜ ਵਾਲੀ ਸੜਕ ਤੇ ਜਾਂਦਿਆਂ, ਦੋਹਾਂ ਪਾਸਿਆਂ ਦੇ ਖੇਤਾਂ ਵਿਚ ਝੋਨਾ, ਬਾਸਮਤੀ ਦੇ ਪਰਾਲੀ ਦੇ ਢੇਰ, ਪੈਲੀਆਂ ਵਿਚ ਲੱਗੇ ਹੋਏ ਸਨ ਅਤੇ ਰਾਵੀ ਦਰਿਆ ਦੇ ਸੱਜੇ ਪਾਸੇ ਦਾ ਇਹ ਇਲਾਕਾ, ਬਿਲਕੁਲ ਹੀ ਰਾਵੀ ਦੇ ਖੱਬੇ ਪਾਸੇ ਵਾਲੇ ਇਲਾਕੇ ਵਰਗਾ ਜਾਪਦਾ ਸੀ ਅਤੇ ਇਥੋਂ ਦੇ ਲੋਕਾਂ ਦਾ ਪਹਿਰਾਵਾ ਅਤੇ ਗੱਲਬਾਤ ਬਿਲਕੁਲ ਉਸ ਤਰ੍ਹਾਂ ਹੀ ਲੱਗਦਾ ਸੀ, ਜਿਸ ਤਰ੍ਹਾਂ ਡੇਹਰਾ ਬਾਬਾ ਨਾਨਕ ਦੇ ਨੇੜੇ ਦੇ ਪਿੰਡਾਂ ਦਾ ਹੈ ।
ਅਸੀ ਜਦ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਆਏ ਤਾਂ ਗ੍ਰੰਥੀ ਜੀ ਨੂੰ ਮੈਂ ਪੁੱਛਿਆ ਕਿ ਇਥੋਂ ਡੇਰਾ ਬਾਬਾ ਨਾਨਕ ਤਾਂ ਬਹੁਤ ਨਜ਼ਦੀਕ ਹੈ, ਤਾਂ ਉਸ ਨੇ ਦੱਸਿਆ ਕਿ ਉਹ ਸਾਹਮਣੇ ਉਚੇ ਸਫੈਦੇ ਦੇ ਦਰਖਤ ਡੇਰਾਬਾਬਾ ਨਾਨਕ ਦੇ ਬਾਹਰ ਹਨ । ਮੈਂ ਇਹ ਗਲ ਵੇਖ ਰਿਹਾ ਸੀ ਕਿ ਬੋਲੀ, ਚਿਹਰੇ, ਕੱਦ-ਕਾਠ, ਸਿਹਤ ਆਦਿ ਤੇ ਇਸ ਇਲਾਕੇ ਦੀ ਜ਼ਮੀਨ ਅਤੇ ਜਲਵਾਯੂ ਦਾ ਕਿੰਨਾ ਪ੍ਰਭਾਵ ਸੀ, ਜਿਸ ਨੂੰ ਸਰਹੱਦ ਦੀ ਲਕੀਰ ਵੰਡ ਨਹੀਂ ਸਕੀ ।
ਇਸ ਤੋਂ ਬਾਅਦ ਅਸੀਂ ਸੱਚਾ ਸੌਦਾ ਵੱਲ ਚਲ ਪਏ, ਸ਼ੇਖੂਪੁਰੇ ਵਿਚੋਂ ਦੀ ਲੰਘਦਿਆਂ ਜਦੋਂ ਅਸੀਂ ਕਚਿਹਰੀਆਂ ਦੇ ਕੋਲੋਂ ਲੰਘ ਰਹੇ ਸੀ ਤਾਂ ਮੈਨੂੰ ਮਾਮਾ ਜੀ ਵੱਲੋਂ ਇਸ ਕਚਿਹਰੀ ਨਾਲ ਸਬੰਧਿਤ ਕਈ ਕਹਾਣੀਆਂ ਯਾਦ ਆ ਗਈਆਂ ਅਤੇ ਮੈਂ ਉਸ ਸਮੇਂ ਦੀ ਕਲਪਨਾ ਕਰਨ ਲੱਗ ਪਿਆ, ਜਦੋਂ ਇਨ੍ਹਾਂ ਕਚਿਹਰੀਆਂ ਵਿਚ ਪੱਗਾਂ ਵਾਲੇ ਸਿੱਖ ਸਰਦਾਰਾਂ ਦੀ ਰੌਣਕ ਹੁੰਦੀ ਹੋਵੇਗੀ ਅਤੇ ਹੁਣ ਸਾਡੀ ਕਾਰ ਸੱਚਾ ਸੌਦਾ ਗੁਰਦਵਾਰੇ ਵੱਲ ਜਾ ਰਹੀ ਸੀ, ਸੜਕ ਤੇ ਤੁਰੇ ਜਾਂਦੇ ਲੋਕਾਂ ਦਾ ਪਹਿਰਾਵਾ ਬਿਲਕੁਲ ਉਸ ਤਰ੍ਹਾਂ ਦਾ ਹੀ ਸੀ, ਜਿਸ ਤਰਾਂ ਮੈਂ ਮਾਮਾ ਜੀ ਦਾ ਵੇਖਦਾ ਰਿਹਾ ਸਾਂ ਅਤੇ ਉਨ੍ਹਾਂ ਦੇ ਚਿਹਰੇ ਅਤੇ ਕੱਦ ਕਾਠ ਸਭ ਕੁਝ ਉਸ ਤਰਾ ਦਾ ਹੀ ਸੀ, ਜਿੰਨਾਂ ਵਿਚ ਕਈਆਂ ਨੇ ਤਹਿਮਤਾਂ ਬਨ੍ਹੀਆਂ ਹੋਈਆਂ ਸਨ ਅਤੇ ਕਈਆਂ ਨੇ ਪਜਾਮੇ ਪਾਏ ਹੋਏ ਸਨ ਪਰ ਇੰਨ੍ਹਾਂ 'ਚੋਂ ਜ਼ਿਆਦਾਤਰ ਨੇ ਪਗੜੀਆਂ ਬੰਨ੍ਹੀਆਂ ਹੋਈਆਂ ਸਨ। ਸੈਂਕੜੇ ਵਾਰ ਮੈਂ ਮੰਡੀ ਚੂਹੜਕਾਣੇ ਦਾ ਜਿਕਰ ਸੁਣਦਾ ਰਿਹਾ ਸੀ ਪਰ ਅਜਕਲ ਇਸ ਦਾ ਨਾਂ ਬਦਲ ਕੇ ਫਰੂਕਾਬਾਦ ਰੱਖਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਗੁਰਦਵਾਰਾ ਸੱਚਾ ਸੌਦਾ ਹੈ ।
ਗੁਰਦਵਾਰੇ ਵੱਲ ਜਾਂਦਿਆਂ ਮੈਂ ਆਪਣੇ ਨਾਲ ਗਏ ਵਿਅਕਤੀ ਨੂੰ ਦੱਸਿਆ ਕਿ ਗੁਰਦਵਾਰਾ ਪੌੜੀਆਂ ਚੜ੍ਹ ਕੇ ਜਾਈਦਾ ਹੈ ਤਾਂ ਉਹ ਪੁੱਛਣ ਲੱਗਾ ਕਿ ਕੀ ਮੈਂ ਪਹਿਲਾਂ ਵੀ ਇਥੇ ਆਇਆ ਹਾਂ, ਤਾਂ ਫਿਰ ਮੈਂ ਉਸ ਨੂੰ ਉਹ ਸਮਾਂ ਦੱਸਿਆ ਜਦੋਂ ਮੈਂ ਬਚਪਨ ਵਿਚ ਆਪਣੇ ਨਾਨਕਿਆਂ ਦੇ ਪਿੰਡ ਦੇ ਲੋਕਾਂ ਨਾਲ ਇਸ ਗੁਰਦਵਾਰੇ ਵਿਚ ਕਈ ਦਿਨ ਰਿਹਾ ਸੀ ।ਗੁਰਦਵਾਰੇ ਮੱਥਾ ਟੇਕਣ ਤੋਂ ਬਾਅਦ ਗ੍ਰੰਥੀ ਜੀ ਨੇ ਸਾਨੂੰ ਚਾਹ ਪਿਆਈ ।ਉਸ ਕੋਂਲੋਂ ਮੈਂ ਫੁੱਲਰਵਾਨ ਪਿੰਡ ਬਾਰੇ ਪੁੱਛ ਰਿਹਾ ਸੀ, ਤਾਂ ਉਹ ਦੱਸਣ ਲੱਗਾ ਕਿ ਇਸ ਤੋਂ ਬਾਅਦ ''ਯਾਤਰੀ'' ਸਟੇਸ਼ਨ ਆਉਂਦਾ ਹੈ ਅਤੇ ਉਸ ਤੋਂ ਬਾਦ ''ਬਹਾਲੀਕੇ'' ਅਤੇ ਉਸ ਦੇ ਨਾਲ ਹੀ ਫੁੱਲਰਵਾਨ ਹੈ ਅਤੇ ਇਹ ਕੋਈ 8, 9 ਕਿਲੋਮੀਟਰ ਤੋਂ ਵੱਧ ਨਹੀਂ ।
ਮੈਂ ਡਰਾਈਵਰ ਨੂੰ ਕਿਹਾ ਕਿ ਮੈਂ ਆਪਣਾ ਨਾਨਕਾ ਪਿੰਡ ਜਰੂਰ ਵੇਖਣਾ ਚਾਹੁੰਦਾ ਹਾਂ, ਤਾਂ ਉਹ ਕਹਿਣ ਲੱਗਾ ਕਿ ਕੀ ਤੁਹਾਨੂੰ ਉਸ ਪਿੰਡ ਵਿਚ ਕੋਈ ਜਾਣਦਾ ਹੈ ਅਸਲ ਵਿਚ ਉਹ ਉਥੇ ਨਹੀਂ ਸੀ ਜਾਣਾ ਚਾਹੁੰਦਾ ਅਤੇ ਮਹਿਸੂਸ ਕਰਦਾ ਸੀ ਕਿ ਉਥੇ ਕਾਫੀ ਸਮਾਂ ਲੱਗ ਜਾਵੇਗਾ ਪਰ ਭਾਵੇਂ ਮੈਨੂੰ ਉਸ ਪਿੰਡ ਵਿਚ ਕੋਈ ਵੀ ਨਹੀਂ ਸੀ ਜਾਣਦਾ ਪਰ ਇਹ ਮੇਰੀ ਜਜ਼ਬਾਤੀ ਜਿਹੀ ਇੱਛਾ ਸੀ ਕਿ ਉਸ ਪਿੰਡ ਨੂੰ ਜ਼ਰੂਰ ਵੇਖ ਕੇ ਆਵਾਂ, ਜਿਥੋਂ ਉੱਠ ਕੇ ਅਸੀਂ ਭਾਰਤ ਗਏ ਸੀ ਅਤੇ ਮੈਂ ਵੇਖਣਾ ਚਾਹੁੰਦਾ ਸੀ ਕਿ ਹੁਣ ਉਹ ਪਿੰਡ ਕਿਸ ਤਰਾਂ ਦਾ ਲੱਗਦਾ ਹੈ ।
ਸਾਡੇ ਨਾਲ ਗਏ ਵਿਅਕਤੀ ਨੇ ਦੱਸਿਆ ਕਿ ਇਥੇ ਇਕ ਆੜ੍ਹਤੀ ਉਸ ਦਾ ਵਾਕਫ ਹੈ, ਉਸ ਨੂੰ ਉਹ ਮਿਲਣਾ ਚਾਹੁੰਦਾ ਸੀ ਅਤੇ ਉਸ ਤੋਂ ਬਾਅਦ ਫੁੱਲਰਵਾਨ ਹੋ ਕੇ ਨਨਕਾਣਾ ਸਾਹਿਬ ਚੱਲਾਂਗੇ ਜਦੋਂ ਅਸੀਂ ਆੜ੍ਹਤੀ ਕੋਲ ਗਏ ਤਾਂ ਉਹ ਆਪਣੀ ਦੁਕਾਨ ਵਿਚ ਹੀ ਸੀ ਅਤੇ ਉਸ ਤਰ੍ਹਾਂ ਹੀ ਲੱਕੜ ਦੀ ਸੰਦੂਕੜੀ ਅਤੇ ਲਾਲ-ਲਾਲ ਵਹੀਆਂ ਉਸ ਦੇ ਅੱਗੇ ਪਈਆਂ ਸਨ ਜਿਸ ਤਰਾਂ ਸਾਡੀਆਂ ਅਨਾਜ ਮੰਡੀਆਂ ਵਿਚ ਹੁੰਦੀਆਂ ਹਨ ਅਤੇ ਕੰਡਾ, ਵੱਟੇ ਅਤੇ ਬੋਰੀਆਂ ਦਾ ਬਾਰਦਾਨਾ ਸਭ ਕੁਝ ਉਸ ਤਰ੍ਹਾਂ ਦਾ ਹੀ ਮਹੌਲ ਸੀ, ਜੋ ਅਸੀਂ ਬਚਪਨ ਤੋਂ ਇਧਰ ਆਪਣੇ ਸ਼ਹਿਰ ਦੇ ਆੜ੍ਹਤੀਆਂ ਕੋਲ ਵੇਖਦੇ ਰਹੇ ਹਾਂ । ਮੈਨੂੰ ਵੇਖ ਕੇ ਉਹ ਬਹੁਤ ਖੁਸ਼ ਹੋਇਆ ਅਤੇ ਉਹ ਕਾਫੀ ਕੁਝ ਪੁੱਛਣ ਲਈ ਉਤਸੁਕ ਸੀ ਅਤੇ ਭਾਵੇਂ ਰੋਜਿਆਂ ਦੇ ਦਿਨ ਸਨ ਪਰ ਉਸ ਨੇ ਇਕ ਲੜਕੇ ਨੂੰ ਭੇਜ ਕੇ ਇਕ ਡੂੰਨਾ ਜਲੇਬੀਆਂ, ਇਕ ਸਮੋਸਿਆਂ ਦਾ ਅਤੇ ਇਕ ਚਾਹ ਦਾ ਗਲਾਸ ਮੰਗਵਾ ਲਿਆ । ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਫੁੱਲਰਵਾਨ ਪਿੰਡ ਵੇਖਣਾ ਚਾਹੁੰਦਾ ਹਾਂ ਤਾਂ ਉਸ ਨੇ ਫਿਰ ਉਹ ਸਵਾਲ ਕੀਤਾ ਕੀ ਕੋਈ ਤੁਹਾਨੂੰ ਉਥੇ ਜਾਣਦਾ ਹੈ? ਅਤੇ ਨਾਲ ਹੀ ਕਹਿਣ ਲੱਗਾ ਕਿ ਹੁਣੇ ਹੀ ਫੁੱਲਰਵਾਨ ਦਾ ਇਕ ਜੱਟ ਉਸ ਕੋਲ ਆਇਆ ਸੀ ਅਤੇ ਉਹ ਡਾਕਟਰ ਕੋਲ ਗਿਆ ਹੈ ਅਤੇ ਉਸ ਨੇ ਉਸ ਲੜਕੇ ਨੂੰ ਉਸ ਨੂੰ ਬੁਲਾਉਣ ਭੇਜਿਆ ਅਤੇ ਦੱਸਣ ਲੱਗਾ ਕਿ ਫੁੱਲਰਵਾਨ ਦੇ ਜ਼ਿਆਦਾਤਰ ਲੋਕ ਆਪਣੀ ਫਸਲ ਉਸ ਦੀ ਆੜ੍ਹਤ ਤੇ ਹੀ ਲਿਆਉਂਦੇ ਹਨ, ਮੈਂ ਫਿਰ ਉਸ ਸਮੇਂ ਦੀ ਕਲਪਨਾ ਕਰਣ ਲੱਗਾ ਜਦੋਂ ਮੇਰੇ ਮਾਮਾ ਜੀ ਅਤੇ ਹੋਰ ਸਿੱਖ ਸਰਦਾਰ ਇੰਨਾ ਆੜ੍ਹਤਾਂ ਤੇ ਆਉਂਦੇ ਹੋਣਗੇ ਤਾਂ ਉਹ ਵਿਅਕਤੀ ਮੁਹੰਮਦ ਸ਼ਫੀ ਉਸ ਲੜਕੇ ਦੇ ਨਾਲ ਤੁਰਿਆ ਆ ਰਿਹਾ ਸੀ ਅਤੇ ਉਸ ਦਾ ਪਹਿਰਾਵਾ ਅਤੇ ਨੈਨ ਨਕਸ਼, ਕੱਦ ਕਾਠ, ਚੇਹਰਾ ਬਿਲਕੁਲ ਮਾਮਾ ਜੀ ਵਰਗਾ ਲੱਗਦਾ ਸੀ, ਉਸ ਨੇ ਪਗੜੀ ਵੀ ਬੰਨ੍ਹੀ ਹੋਈ ਸੀ ।
ਮੈਂ ਉਠ ਕੇ ਖੜਾ ਹੋ ਗਿਆ ਤਾਂ ਉਸ ਨੇ ਮੇਰੇ ਨਾਲ ਹੱਥ ਮਿਲਾਇਆ ਅਤੇ ਬੈਠਣ ਲਈ ਕਿਹਾ । ਆੜ੍ਹਤੀ ਨੇ ਉਸ ਨੂੰ ਦੱਸਿਆ ਕਿ ਇੰਨਾਂ ਸਰਦਾਰ ਹੁਰਾਂ ਦਾ ਨਾਨਕਾ ਪਿੰਡ ''ਫੁੱਲਰਵਾਨ'' ਹੈ। ਮੈਂ ਉਸ ਨੂੰ ਦੱਸਿਆ ਕਿ ਮੇਰੇ ਨਾਨਾ ਜੀ ਦਾ ਨਾਮ ਸ: ਬੇਲਾ ਸਿੰਘ ਸੀ, ਅਤੇ ਮਾਮਿਆਂ ਦੇ ਨਾਂ ਸਨ, ਕਰਮ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ ਅਤੇ ਉਹ ਵਿਰਕ ਸਨ ਤਾਂ ਮੁਹੰਮਦ ਸਫੀ ਦੱਸਣ ਲੱਗਾ ਕਿ ਉਹ ਵੀ ਵਿਰਕ ਹੈ ।ਉਹ ਪਿੰਡ ਦੇ ਜਿਆਦਾ ਲੋਕ ਵਿਰਕ ਹਨ, ਅਸਲ ਵਿਚ ਇਸ ਇਲਾਕੇ ਵਿਚ ਜਿਆਦਾ ਅਬਾਦੀ ਵਿਰਕਾਂ ਦੀ ਹੈ, ਇਥੋਂ ਦਾ ਐਮ. ਐਲ. ਏ ਅਤੇ ਸ਼ੇਖੂਪੁਰੇ ਦਾ ਐਮ. ਐਲ. ਏ ਵੀ ਵਿਰਕ ਹੈ, ਉਹ ਕਹਿਣ ਲੱਗਾ ਕਿ ਇਨ੍ਹਾਂ ਤਾਂ ਉਸ ਨੇ ਸੁਣਿਆ ਹੋਇਆ ਸੀ ਪਰ ਉਸ ਨੂੰ ਇੰਨਾਂ ਬਾਰੇ ਜਿਆਦਾ ਪਤਾ ਨਹੀਂ ਕਿਉਂ ਜੋ ਜਦੋਂ ਪਾਕਿਸਤਾਨ ਬਣਿਆ ਸੀ ਤਾਂ ਉਹ 7,8 ਸਾਲ ਦਾ ਹੀ ਸੀ ।ਕੁਝ ਚਿਰ ਬਾਅਦ ਉਹ ਉੱਠਿਆ ਅਤੇ ਬਾਹਰ ਨੂੰ ਚਲਾ ਗਿਆ ਅਤੇ ਕਹਿਣ ਲੱਗਾ ਕਿ ਮੈਂ ਹੁਣੇ ਆਇਆ ਜੇ, ਅਸੀ ਸੋਚਿਆ ਕਿ ਸ਼ਾਇਦ ਉਹ ਕੋਈ ਸੁਨੇਹਾ ਦੇਣ ਗਿਆ ਹੈ ਪਰ ਕੁਝ ਮਿੰਟਾਂ ਬਾਅਦ ਉਸ ਦੇ ਇਕ ਹੱਥ ਜਲੇਬੀਆਂ ਅਤੇ ਸਮੋਸਿਆਂ ਦਾ ਡੂੰਨਾ ਅਤੇ ਇਕ ਹੱਥ ਵਿਚ ਚਾਹ ਦਾ ਗਿਲਾਸ ਸੀ ਪਰ ਮੈਂ ਉਸ ਨੂੰ ਦੱਸਿਆ ਕਿ ਹੁਣ ਤਾਂ ਕੋਈ ਗੁੰਜਾਇਸ਼ ਹੀ ਨਹੀਂ, ਮੈਂ ਤਾਂ ਹੁਣੇ ਚਾਹ ਪੀਤੀ ਹੈ ਤਾਂ ਉਹ ਕਹਿਣ ਲੱਗਾ, ਬੇਸ਼ਕ ਪੀਤੀ ਹੈ ਪਰ ਇਹ ਕਿਸ ਤਰਾਂ ਹੋ ਸਕਦਾ ਹੈ ਕਿ ਵਿਰਕਾਂ ਦਾ ਦੋਹਤਰਾ ਹੋਵੇ ਤੇ ਸੁੱਕੇ ਮੂੰਹ ਚਲਾ ਜਾਵੇ'' ਫਿਰ ਉਹ ਪਿੰਡ ਲਿਜਾਣ ਦੀ ਜਿਦ ਕਰਣ ਲੱਗਾ ਪਰ ਮੇਰੇ ਨਾਲ ਦੇ ਡਰਾਈਵਰ ਅਤੇ ਉਹ ਦੋਵੇਂ ਵਿਅਕਤੀ ਵਾਪਿਸ ਲਹੌਰ ਰਾਤ ਤੋਂ ਪਹਿਲਾਂ ਪਹੁੰਚਣਾ ਚਾਹੁੰਦੇ ਸਨ ।ਮੇਰਾ ਦਿਲ ਕਰਦਾ ਸੀ, ਉਸ ਕੋਲੋਂ ਬਹੁਤ ਕੁਝ ਪੁੱਛ ਲਵਾਂ ਭਾਵੇਂ ਕਿ ਮੈਂ ਕਿਸੇ ਵੀ ਵਿਅਕਤੀ ਨੂੰ ਨਹੀਂ ਸੀ ਜਾਣਦਾ, ਕਾਫੀ ਸਮਾਂ ਹੋ ਚੁੱਕਾ ਸੀ ਅਤੇ ਅਸੀ ਉੱਠ ਕੇ ਕਾਰ ਦੇ ਕੋਲ ਆ ਗਏ, ਜਦੋਂ ਮੈਂ ਕਾਰ ਦੀ ਬਾਰੀ ਖੋਲ ਕੇ ਕਾਰ ਵਿਚ ਬੈਠਣ ਵਾਲਾ ਸੀ ਤਾਂ ਮੁਹੰਮਦ ਸ਼ਫੀ ਨੇ ਕਮੀਜ ਚੁੱਕ ਕੇ ਫਤੂਹੀ ਵਿਚੋਂ ਬਟੂਆ ਕੱਢਿਆ, ਇਸ ਤਰਾਂ ਦੀ ਫਤੂਹੀ ਹੀ ਮਾਮਾ ਜੀ ਪਾਉਂਦੇ ਰਹੇ ਹਨ, ਅਤੇ ਉਸ ਨੇ ਬਟੂਏ ਵਿਚੋਂ 50 ਰੁਪਏ ਦਾ ਨੋਟ ਕੱਢ ਕੇ ਮੇਰੇ ਵੱਲ ਕੀਤਾ। ਇਹ ਕੀ ਇਸ ਤਰਾਂ ਨਹੀਂ ਹੋ ਸਕਦਾ, ਨਹੀਂ ਨਹੀਂ,'' ਮੈਂ ਕਹਿ ਰਿਹਾ ਸਸੀ ਪਰ ਬਦੋਬਦੀ ਉਹ 50 ਦਾ ਨੋਟ ਮੇਰੀ ਜੇਬ ਵਿਚ ਪਾਉਂਦਿਆਂ ਹੋਇਆਂ ਕਹਿਣ ਲੱਗਾ ''ਇਹ ਕਿਸ ਤਰਾਂ ਹੋ ਸਕਦਾ ਹੈ, ਕਿ ਵਿਰਕਾਂ ਦਾ ਦੋਹਤਰਾ ਹੋਵੇ ਅਤੇ ਖਾਲੀ ਹੱਥ ਚਲਾ ਜਾਵੇ ਉਸ ਵੇਲੇ ਮੇਰਾ ਅਤੇ ਉਸ ਦਾ ਗਲਾ ਭਰਿਆ ਹੋਇਆ ਸੀ, ਨਾ ਮੈਂ ਕੁਝ ਕਹਿ ਸਕਿਆ, ਨਾ ਉਹ ਹੀ ਕੁਝ ਬੋਲਿਆ। ਕਾਰ ਵਿਚ ਆਉਂਦਿਆਂ ਬਹੁਤ ਚਿਰ ਮੈਂ ਨਹੀਂ ਬੋਲਿਆ ਅਤੇ ਰਾਤ ਨੂੰ ਜਦ ਲਹੌਰ ਸ਼ਹਿਰ ਵਿਚ ਅਸੀਂ ਸ਼ਹਿਰ ਦੀਆਂ ਜਗਮਗਾਉਂਦੀਆਂ ਸੜਕਾਂ ਤੇ ਦੌੜ ਰਹੇ ਸੀ ਤਾਂ ਮੈਨੂੰ ਮੁਹੰਮਦ ਸ਼ਫੀ ਦੇ ਉਹ ਲਫਜ਼ ਬਾਰ-ਬਾਰ ਯਾਦ ਆ ਰਹੇ ਸਨ, ''ਇਹ ਕਿਸ ਤਰਾਂ ਹੋ ਸਕਦਾ ਹੈ ਕਿ ''ਵਿਰਕਾਂ ਦਾ ਦੋਹਤਰਾ ਹੋਵੇ ਤੇ.....''
ਡਾ: ਐਸ. ਐਸ. ਛੀਨਾ
ਮੈਂ ਉਹ ਮੰਜਿਲ ਹਾਂ....
NEXT STORY