ਮੇਰਾ ਅਤੇ ਗੋਇਲ ਸਾਹਿਬ ਦੇ ਘਰ ਆਹਮੋ-ਸਾਹਮਣੇ ਸਨ। ਵਿਚਕਾਰੇ ਹਾਈਵੇ ਸੜਕ ਲੰਘਦੀ ਸੀ। ਸਾਡੀ ਬਦ-ਕਿਸਮਤੀ ਸਾਡੇ ਘਰਾਂ ਦੇ ਆਲੇ-ਦੁਆਲੇ ਫੈਕਟਰੀਆਂ ਹੀ ਸਨ। ਰਿਹਾਇਸ਼ੀ ਘਰ ਹੋਰ ਕੋਈ ਨਹੀਂ ਸੀ। ਇਸ ਲਈ ਸਾਡਾ ਦੋਵੇਂ ਘਰਾਂ ਦਾ ਆਪਸ 'ਚ ਬੜਾ ਪਿਆਰ ਸੀ। ਸ਼ਾਮ ਨੂੰ ਇਕੱਠੇ ਸੈਰ ਕਰਨ ਜਾਂਦੇ ਤੇ ਬੈਠ ਕੇ ਦੁਨੀਆਂ ਦਾਰੀ ਦੀਆਂ ਗੱਲਾਂ ਕਰਦੇ। ਇੱਕ ਦਿਨ ਤਕਰੀਬਨ ਰਾਤ ਦੇ 9 ਵਜੇ ਗੋਇਲ ਸਾਹਿਬ ਅਤੇ ਉਨ੍ਹਾਂ ਦਾ ਪਰਿਵਾਰ ਸਾਡੇ ਘਰ ਆਏ ਹੋਏ ਸਨ। ਅਚਾਨਕ ਲਾਈਟ ਚਲੀ ਗਈ। ਮੈ ਅਤੇ ਗੋਇਲ ਨੇ ਕੁਰਸੀਆਂ ਚੁੱਕੀਆਂ ਅਸੀਂ ਸੜਕ ਦੇ ਕੰਢੇ 'ਤੇ ਆ ਕੇ ਬੈਠ ਗਏ ਅਤੇ ਗੱਪਾਂ ਮਾਰਨ ਲੱਗੇ।
ਅਚਾਨਕ ਇਕ ਟਰੱਕ ਸੜਕ ਦੇ ਦੂਜੇ ਕੰਢੇ ਕੋਲ ਹੌਲੀ ਹੋਇਆ ਅਤੇ ਕੁੱਝ ਡਿੱਗਣ ਦੀ ਆਵਾਜ਼ ਆਈ। ਟਰੱਕ ਦੇ ਉੱਪਰ ਵੀ ਕਈ ਬੰਦੇ ਬੈਠੇ ਉੱਚ-ਉੱਚੀ ਬੋਲ ਰਹੇ ਸਨ ਜਿਵੇਂ ਉਨ੍ਹਾਂ ਨੇ ਦਾਰੂ ਪੀਤੀ ਹੋਵੇ। ਟਰੱਕ ਲੰਘ ਗਿਆ। ਸਾਨੂੰ ਸੜਕ ਦੇ ਕੰਢੇ 'ਤੇ ਇਕ ਡੱਬਾ ਪਿਆ ਨਜ਼ਰ ਆਇਆ ਅਸੀਂ ਦੋਵੇਂ ਗਏ ਅਤੇ ਉਸ ਡੱਬੇ ਨੂੰ ਚੁੱਕ ਕੇ ਲੈ ਆਏ। ਗੱਤੇ ਦਾ ਕਾਰਟੂਨ ਤਕਰੀਬਨ ਦਸ ਕਿਲੋ ਵਜ਼ਨੀ ਹੋਵੇਗਾ। ਅਸੀਂ ਬੰਨ੍ਹਿਆ ਹੋਇਆ ਸੇਬਾ ਖੋਲ੍ਹਿਆ ਅਤੇ ਡੱਬੇ 'ਚ ਹੱਥ ਮਾਰ ਕੇ ਵੇਖਿਆ। ਇੰਝ ਮਹਿਸੂਸ ਹੋਇਆ ਜਿਵੇਂ ਕੋਈ ਚਿੱਟਾ ਕੈਮੀਕਲ ਹੋਵੇ। ਗੋਇਲ ਸਾਹਿਬ ਨੇ ਜਦੋਂ ਡੱਬੇ 'ਚ ਡੂੰਘਾ ਹੱਥ ਮਾਰਿਆ ਤਾਂ ਹੱਥ 'ਚ ਦੋ ਹੱਡੀਆਂ ਆ ਗਈਆਂ। ਉਹ ਇਕ ਦਮ ਬੋਲੇ, ''ਮੁਰਦੇ ਦੀ ਰਾਖ।'' ਮੈਂ ਵੀ ਘਬਰਾ ਗਿਆ। ਸਾਡੇ ਦੋਹਾਂ ਦੇ ਮੱਥੇ 'ਤੇ ਪਸੀਨਾ ਆ ਗਿਆ। ਦਿਲ ਦੀਆਂ ਧੜਕਨਾਂ ਤੇਜ਼ ਹੋ ਗਈਆਂ। ਮੈਂ ਕਿਹਾ ਗੋਇਲ ਸਾਹਿਬ, “ਸਾਨੂੰ ਲਾਲਚ 'ਚ ਮੁਰਦੇ ਦੀ ਰਾਖ ਮਿਲੀ ਹੈ, ਇਸ ਤੋਂ ਮਾੜੀ ਕਿਸਮਤ ਕੀ ਹੋ ਸਕਦੀ ਹੈ, ਅੱਜ ਤੋਂ ਬਾਅਦ ਮੈਂ ਕੋਈ ਡਿੱਗੀ ਹੋਈ ਚੀਜ਼ ਨਹੀਂ ਚੁੱਕਾਂਗਾ।'' ਗੋਇਲ ਸਾਹਿਬ ਨੇ ਕਿਹਾ, “ਲੋਟੇ, ਇਹ ਰਾਖ ਉਨ੍ਹਾਂ ਨੇ ਸੂਏ 'ਚ ਸੁੱਟਣੀ ਸੀ, ਜਿਹੜਾ ਆਪਣੇ ਘਰਾਂ ਦੇ ਨਾਲ ਹੀ ਜਾਂਦਾ ਹੈ ਪਰ ਇਹ ਉਹ ਭੁੱਲ ਕੇ ਅੱਗੇ ਲੰਘ ਗਏ ਅਤੇ ਰਸਤੇ 'ਚ ਸੁੱਟ ਗਏ। ਹੁਣ ਆਪਾਂ ਇਸ ਨੂੰ ਸੂਏ 'ਚ ਸੁੱਟ ਆਉਂਦੇ ਹਾਂ। ਇਹ ਪੁੰਨ ਤਾਂ ਖੱਟ ਲਈਏ।''
ਅਸੀਂ ਉਸੇ ਤਰੀਕੇ ਨਾਲ ਡੱਬੇ ਨੂੰ ਸੇਬੇ ਨਾਲ ਬੰਨ ਲਿਆ। ਸਾਡੇ ਪਰਿਵਾਰਕ ਮੈਂਬਰ ਵੀ ਬਾਹਰ ਆ ਗਏ। ਉਨ੍ਹਾਂ ਨੂੰ ਵੀ ਪਤਾ ਲੱਗ ਗਿਆ। ਸਭ ਦੇ ਮਨਾਂ 'ਚ ਡਰ ਪੈਦਾ ਹੋ ਗਿਆ। ਮੈਂ ਆਪਣੇ ਸਾਈਕਲ ਦੇ ਪਿਛਲੇ ਪਾਸੇ ਡੱਬਾ ਰੱਖ ਲਿਆ। ਗੋਇਲ ਸਾਹਿਬ ਮੇਰੇ ਨਾਲ ਤੁਰ ਪਏ ਘਰ ਤੋਂ ਸੂਆ ਸਿਰਫ 300 ਮੀਟਰ ਦੀ ਦੂਰੀ ਤੇ ਸੀ ਅਸੀਂ ਰੱਬ ਦਾ ਨਾਂ ਲੈ ਕੇ ਸੂਏ 'ਚ ਡੱਬਾ ਸੁੱਟ ਦਿੱਤਾ, ਵਾਪਸ ਆਪੋਂ-ਆਪਣੇ ਘਰਾਂ ਨੂੰ ਆ ਗਏ। ਮੈਂ ਪਹਿਲਾਂ ਬਾਹਰ ਸਾਈਕਲ ਧੋਤਾ ਅਤੇ ਨਹਾਤਾ। ਸਾਰੀ ਰਾਤ ਬੁਰੇ ਖਿਆਲ ਆਉਂਦੇ ਰਹੇ। ਅਗਲੀ ਸਵੇਰ ਗੋਇਲ ਸਾਹਿਬ ਸ਼ਿਵਲਿੰਗ ਤੇ ਜਲ ਚੜਾਉਣ ਚਲੇ ਗਏ ਅਤੇ ਮੈਂ ਗੁਰੂਦੁਆਰਾ ਸਾਹਿਬ ਮੱਥਾ ਟੇਕਣ ਚਲਾ ਗਿਆ।
ਸੁਖਵਿੰਦਰ ਸਿੰਘ ਲੋਟੇ
ਹੋਂਦ ਮੇਰੀ ਦੀ ਖਾਮੌਸ਼ੀ.....
NEXT STORY