ਰਿਸ਼ੀ ਅਸ਼ਟਾਵਕਰ ਦਾ ਸਰੀਰ ਕਈ ਥਾਵਾਂ ਤੋਂ ਵਿੰਗਾ-ਟੇਢਾ ਸੀ। ਇਸ ਲਈ ਉਹ ਦੇਖਣ 'ਚ ਚੰਗੇ ਨਹੀਂ ਲਗਦੇ ਸਨ। ਇਕ ਦਿਨ ਜਦੋਂ ਉਹ ਰਾਜਾ ਜਨਕ ਦੀ ਸਭਾ ਵਿਚ ਪਹੁੰਚੇ ਤਾਂ ਉਨ੍ਹਾਂ ਨੂੰ ਦੇਖ ਕੇ ਸਾਰੇ ਮੈਂਬਰ ਹੱਸ ਪਏ। ਰਿਸ਼ੀ ਸਭਾ ਦੇ ਮੈਂਬਰਾਂ ਨੂੰ ਹੱਸਦੇ ਦੇਖ ਕੇ ਵਾਪਸ ਮੁੜਨ ਲੱਗੇ।
ਇਹ ਦੇਖ ਕੇ ਰਾਜਾ ਜਨਕ ਨੇ ਰਿਸ਼ੀ ਨੂੰ ਪੁੱਛਿਆ,''ਤੁਸੀਂ ਵਾਪਸ ਕਿਉਂ ਜਾ ਰਹੇ ਹੋ?''
ਰਿਸ਼ੀ ਅਸ਼ਟਾਵਕਰ ਨੇ ਜਵਾਬ ਦਿੱਤਾ,''ਮੈਂ ਮੂਰਖਾਂ ਦੀ ਸਭਾ ਵਿਚ ਨਹੀਂ ਬੈਠਦਾ।''
ਰਿਸ਼ੀ ਦੀ ਗੱਲ ਸੁਣ ਕੇ ਸਭਾ ਦੇ ਸਾਰੇ ਮੈਂਬਰ ਨਾਰਾਜ਼ ਹੋ ਗਏ ਅਤੇ ਉਨ੍ਹਾਂ ਵਿਚੋਂ ਇਕ ਮੈਂਬਰ ਨੇ ਗੁੱਸੇ ਵਿਚ ਪੁੱਛ ਹੀ ਲਿਆ,''ਅਸੀਂ ਮੂਰਖ ਕਿਵੇਂ ਹੋਏ? ਤੁਹਾਡਾ ਸਰੀਰ ਹੀ ਅਜਿਹਾ ਹੈ ਤਾਂ ਅਸੀਂ ਕੀ ਕਰੀਏ?''
ਇਸ 'ਤੇ ਰਿਸ਼ੀ ਨੇ ਜਵਾਬ ਦਿੱਤਾ,''ਤੁਹਾਨੂੰ ਸਾਰਿਆਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਮੇਰੇ 'ਤੇ ਨਹੀਂ, ਸਰਵਸ਼ਕਤੀਮਾਨ ਰੱਬ 'ਤੇ ਹੱਸ ਰਹੇ ਹੋ। ਮਨੁੱਖ ਦਾ ਸਰੀਰ ਤਾਂ ਘੜੇ ਵਾਂਗ ਹੁੰਦਾ ਹੈ, ਜਿਸ ਨੂੰ ਰੱਬ ਰੂਪੀ ਘੁਮਿਆਰ ਨੇ ਬਣਾਇਆ ਹੈ। ਘੜੇ ਦਾ ਮਜ਼ਾਕ ਉਡਾਉਣਾ ਕੀ ਘੁਮਿਆਰ ਦਾ ਮਜ਼ਾਕ ਉਡਾਉਣਾ ਨਹੀਂ ਹੋਇਆ?''
ਅਸ਼ਟਾਵਕਰ ਦੀ ਦਲੀਲ ਸੁਣ ਕੇ ਸਭਾ ਦੇ ਸਾਰੇ ਮੈਂਬਰ ਸ਼ਰਮਿੰਦੇ ਹੋ ਗਏ ਅਤੇ ਉਨ੍ਹਾਂ ਨੇ ਰਿਸ਼ੀ ਅਸ਼ਟਾਵਕਰ ਤੋਂ ਮੁਆਫੀ ਮੰਗੀ।
ਦੋਸਤੋ, ਸਾਡੇ ਵਿਚੋਂ ਜ਼ਿਆਦਾਤਰ ਲੋਕ ਵੀ ਕਦੇ ਨਾ ਕਦੇ ਕਿਸੇ ਮੋਟੇ, ਪਤਲੇ ਜਾਂ ਕਾਲੇ ਵਿਅਕਤੀ ਨੂੰ ਦੇਖ ਕੇ ਹੱਸਦੇ ਹਨ ਅਤੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ ਕਿ ਉਹ ਕਿਹੋ ਜਿਹੇ ਲੱਗਦੇ ਹਨ। ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਰੱਬ ਦਾ ਮਜ਼ਾਕ ਉਡਾਉਂਦੇ ਹਾਂ, ਨਾ ਕਿ ਉਸ ਵਿਅਕਤੀ ਦਾ।
ਇਨਸਾਨ ਦੀ ਸ਼ਖਸੀਅਤ ਦਾ ਨਿਰਮਾਣ ਉਸ ਦਾ ਰੰਗ, ਸਰੀਰ ਜਾਂ ਕੱਪੜੇ ਨਹੀਂ ਕਰਦੇ ਸਗੋਂ ਉਸ ਦੇ ਵਿਚਾਰ ਤੇ ਉਸ ਦਾ ਵਤੀਰਾ ਕਰਦੇ ਹਨ।
ਮਾਤਾ-ਪਿਤਾ ਨਾਲੋਂ ਵੱਡਾ ਧਨ ਦੁਨੀਆ ਵਿਚ ਕੋਈ ਨਹੀਂ
NEXT STORY