ਕਿਸੇ ਪਿੰਡ ਵਿਚ ਇਕ ਬਜ਼ੁਰਗ ਵਿਅਕਤੀ ਆਪਣੇ ਬੇਟੇ ਤੇ ਨੂੰਹ ਨਾਲ ਰਹਿੰਦਾ ਸੀ। ਪਰਿਵਾਰ ਖੁਸ਼ਹਾਲ ਸੀ, ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਸੀ। ਬਜ਼ੁਰਗ ਪਿਓ ਜੋ ਕਿਸੇ ਵੇਲੇ ਉੱਚਾ-ਲੰਮਾ ਨੌਜਵਾਨ ਸੀ, ਅੱਜ ਬੁਢਾਪੇ ਤੋਂ ਹਾਰ ਗਿਆ ਸੀ। ਉਹ ਤੁਰਨ ਵੇਲੇ ਲੜਖੜਾਉਂਦਾ ਸੀ। ਖੂੰਡੀ ਦੀ ਲੋੜ ਪੈਣ ਲੱਗੀ ਸੀ, ਚਿਹਰਾ ਝੁਰੜੀਆਂ ਨਾਲ ਭਰ ਚੁੱਕਾ ਸੀ, ਬਸ ਆਪਣੀ ਜ਼ਿੰਦਗੀ ਕਿਸੇ ਤਰ੍ਹਾਂ ਬਿਤਾ ਰਿਹਾ ਸੀ।
ਘਰ ਵਿਚ ਇਕ ਚੰਗੀ ਚੀਜ਼ ਸੀ ਕਿ ਸ਼ਾਮ ਨੂੰ ਪੂਰਾ ਪਰਿਵਾਰ ਇਕੱਠਾ ਟੇਬਲ 'ਤੇ ਬੈਠ ਕੇ ਖਾਣਾ ਖਾਂਦਾ ਸੀ। ਇਕ ਦਿਨ ਇਸੇ ਤਰ੍ਹਾਂ ਸ਼ਾਮ ਨੂੰ ਜਦੋਂ ਸਾਰੇ ਮੈਂਬਰ ਖਾਣਾ ਖਾਣ ਬੈਠ ਗਏ ਅਤੇ ਨਾਲ ਬੇਟਾ ਤੇ ਨੂੰਹ ਵੀ ਖਾਣ ਲੱਗੇ। ਬੁੱਢੇ ਹੱਥ ਜਿਉਂ ਹੀ ਥਾਲੀ ਚੁੱਕਣ ਲੱਗੇ, ਥਾਲੀ ਹੱਥ ਵਿਚੋਂ ਨਿਕਲ ਗਈ ਅਤੇ ਥੋੜ੍ਹੀ ਜਿਹਾ ਦਾਲ ਟੇਬਲ 'ਤੇ ਡਿਗ ਪਈ।
ਬੇਟੇ ਤੇ ਨੂੰਹ ਨੇ ਪਿਤਾ ਵੱਲ ਗੁੱਸੇ ਨਾਲ ਦੇਖਿਆ ਅਤੇ ਫਿਰ ਖਾਣਾ ਖਾਣ ਲੱਗ ਪਏ। ਬਜ਼ੁਰਗ ਪਿਤਾ ਨੇ ਜਿਉਂ ਹੀ ਆਪਣੇ ਹਿਲਦੇ ਹੱਥਾਂ ਨਾਲ ਖਾਣਾ ਖਾਣਾ ਸ਼ੁਰੂ ਕੀਤਾ ਤਾਂ ਖਾਣਾ ਕਦੇ ਕੱਪੜਿਆਂ 'ਤੇ ਡਿਗਦਾ ਤਾਂ ਕਦੇ ਜ਼ਮੀਨ 'ਤੇ। ਨੂੰਹ ਨੇ ਖਿੱਝ ਕੇ ਕਿਹਾ,''ਹਾਏ ਰੱਬਾ! ਕਿੰਨੀ ਗੰਦੀ ਤਰ੍ਹਾਂ ਖਾਂਦੇ ਹਨ। ਦਿਲ ਕਰਦਾ ਹੈ ਕਿ ਇਨ੍ਹਾਂ ਦੀ ਥਾਲੀ ਕਿਸੇ ਵੱਖਰੇ ਕੋਨੇ ਵਿਚ ਲਗਵਾ ਦੇਈਏ।''
ਬੇਟੇ ਨੇ ਵੀ ਇੰਝ ਸਿਰ ਹਿਲਾਇਆ ਜਿਵੇਂ ਉਹ ਪਤਨੀ ਦੀ ਗੱਲ ਨਾਲ ਸਹਿਮਤ ਹੋਵੇ। ਬਜ਼ੁਰਗ ਦਾ ਪੋਤਾ ਇਹ ਸਭ ਮਾਸੂਮੀਅਤ ਨਾਲ ਦੇਖ ਰਿਹਾ ਸੀ।
ਅਗਲੇ ਦਿਨ ਪਿਤਾ ਦੀ ਥਾਲੀ ਉਸ ਟੇਬਲ ਤੋਂ ਹਟਾ ਕੇ ਇਕ ਕੋਨੇ ਵਿਚ ਲਗਵਾ ਦਿੱਤੀ ਗਈ। ਪਿਤਾ ਦੀਆਂ ਅੱਖਾਂ ਸਭ ਕੁਝ ਦੇਖਦਿਆਂ ਵੀ ਕੁਝ ਬੋਲ ਨਹੀਂ ਸਕਦੀਆਂ ਸਨ। ਬਜ਼ੁਰਗ ਪਿਤਾ ਰੋਜ਼ ਵਾਂਗ ਖਾਣਾ ਖਾਣ ਲੱਗਾ, ਖਾਣਾ ਕਦੇ ਇੱਧਰ ਡਿਗਦਾ, ਕਦੇ ਉੱਧਰ। ਛੋਟਾ ਬੱਚਾ ਆਪਣਾ ਖਾਣਾ ਛੱਡ ਕੇ ਲਗਾਤਾਰ ਆਪਣੇ ਦਾਦੇ ਵੱਲ ਦੇਖ ਰਿਹਾ ਸੀ।
ਮਾਂ ਨੇ ਪੁੱਛਿਆ,''ਕੀ ਹੋਇਆ ਬੇਟੇ, ਤੂੰ ਦਾਦਾ ਜੀ ਵੱਲ ਕਿਉਂ ਦੇਖ ਰਿਹਾ ਏਂ ਅਤੇ ਖਾਣਾ ਕਿਉਂ ਨਹੀਂ ਖਾ ਰਿਹਾ?''
ਬੱਚਾ ਬੜੀ ਮਾਸੂਮੀਅਤ ਨਾਲ ਬੋਲਿਆ,''ਮਾਂ, ਮੈਂ ਸਿੱਖ ਰਿਹਾ ਹਾਂ ਕਿ ਬਜ਼ੁਰਗਾਂ ਨਾਲ ਕਿਹੋ ਜਿਹਾ ਵਤੀਰਾ ਕਰਨਾ ਚਾਹੀਦਾ ਹੈ। ਜਦੋਂ ਮੈਂ ਵੱਡਾ ਹੋ ਜਾਵਾਂਗਾ ਅਤੇ ਤੁਸੀਂ ਬਜ਼ੁਰਗ ਹੋ ਜਾਓਗੇ ਤਾਂ ਮੈਂ ਵੀ ਤੁਹਾਨੂੰ ਇਸੇ ਤਰ੍ਹਾਂ ਕੋਨੇ ਵਿਚ ਖਾਣਾ ਦਿਆ ਕਰਾਂਗਾ।''
ਬੱਚੇ ਦੇ ਮੂੰਹੋਂ ਅਜਿਹਾ ਸੁਣਦਿਆਂ ਹੀ ਬੇਟਾ ਤੇ ਨੂੰਹ ਦੋਵੇਂ ਕੰਬ ਗਏ। ਸ਼ਾਇਦ ਬੱਚੇ ਦੀ ਗੱਲ ਉਨ੍ਹਾਂ ਦੇ ਮਨ ਵਿਚ ਬੈਠ ਗਈ ਸੀ ਕਿਉਂਕਿ ਬੱਚੇ ਨੇ ਮਾਸੂਮੀਅਤ ਨਾਲ ਇਕ ਵੱਡਾ ਸਬਕ ਦੋਵਾਂ ਨੂੰ ਦਿੱਤਾ ਸੀ। ਬੇਟੇ ਨੇ ਜਲਦੀ ਨਾਲ ਅੱਗੇ ਵਧ ਕੇ ਪਿਤਾ ਨੂੰ ਚੁੱਕਿਆ ਅਤੇ ਵਾਪਸ ਟੇਬਲ 'ਤੇ ਖਾਣੇ ਲਈ ਬਿਠਾਇਆ। ਨੂੰਹ ਵੀ ਭੱਜ ਕੇ ਪਾਣੀ ਦਾ ਗਲਾਸ ਲੈ ਕੇ ਆਈ ਕਿ ਪਿਤਾ ਜੀ ਨੂੰ ਕੋਈ ਤਕਲੀਫ ਨਾ ਹੋਵੇ।
ਦੂਜੇ ਦੀਵੇ ਦੀ ਲੋੜ ਕਿਉਂ
NEXT STORY