ਸੁਰਜਣ ਸਿੰਘ ਮੰਨਿਆ ਹੋਇਆ ਕੰਜੂਸ ਸ਼ਖਸ ਹੋਇਆ ਹੈ। 6 ਫੁੱਟ ਉੱਚਾ ਕੱਦ, ਗੁੰਦਵਾਂ ਸਰੀਰ ਕੁੜਤਾ ਚਾਦਰਾ ਪਾ, ਮੋਢੇ 'ਤੇ ਦੋਨਾਲੀ, ਦੇਸੀ ਜੁੱਤੀ, ਮੂੱਛਾਂ ਚੜਾ ਕੇ ਜਦੋਂ ਤੁਰਦਾ ਸੀ ਤਾਂ ਕਿਸੇ ਫਿਲਮੀ ਹਸਤੀ ਨਾਲੋਂ ਘੱਟ ਨਹੀਂ ਸੀ ਲੱਗਦਾ। ਜਦੋਂ ਕਿਸੇ ਨਵੇਂ ਬੰਦੇ ਨਾਲ ਉਸ ਦੀ ਮੁਲਾਕਾਤ ਹੁੰਦੀ ਤਾਂ ਇੰਝ ਲਗਦਾ ਸੀ ਕਿ ਇਸ ਵਰਗਾ ਖੁੱਲ੍ਹੇ ਦਿਲ ਵਾਲਾ ਇਨਸਾਨ ਕੋਈ ਨਹੀਂ। ਉਸ ਦੇ ਕੋਲ ਵੀਹ ਕਿੱਲੇ ਜ਼ਮੀਨ, ਸਰਕਾਰੀ ਪੈਂਸ਼ਨ ਅਤੇ ਲੱਖਾਂ ਰੁੱਪਇਆ ਨਗਦ ਜੋੜਿਆ ਹੋਇਆ ਸੀ। ਪੁਲਸ ਦੀ ਨੌਕਰੀ ਕਰਨ ਕਰਕੇ ਉਸ ਦਾ ਘਰ ਅਤੇ ਰਿਸ਼ਤੇਦਾਰਾਂ 'ਚ ਦਬਦਬਾ ਸੀ। ਐਨਾਂ ਕੁਝ ਹੋਣ ਦੇ ਬਾਵਜੂਦ ਉਹ ਬੇਹੱਦ ਕੰਜੂਸ ਸੀ। ਜਦੋਂ ਉਸ ਨੇ ਕੋਈ ਮ•ੈਂਸ ਮੰਡੀ ਤੋਂ ਖ਼ਰੀਦਣੀ ਤਾਂ ਟਰਾਲੀ ਵਾਲੇ ਨੂੰ ਪੈਸੇ ਦੇਣ ਦੀ ਵਜਾਏ 50 ਕਿਲੋ ਮੀਟਰ ਤੱਕ ਵੀ ਪਸ਼ੂ ਨੂੰ ਤੋਰ ਕੇ ਲੈ ਜਾਂਦਾ ਸੀ। ਉਸ ਕੋਲ ਇਕ ਬਹੁਤ ਹੀ ਪੁਰਾਣਾ ਸਾਈਕਲ ਵੀ ਸੀ। ਆਪ ਵੀ ਬੱਸ ਦੀ ਵਜਾਏ ਸਾਈਕਲ ਤੇ ਸਫਰ ਕਰਨ ਦਾ ਆਦੀ ਸੀ। ਜੇ ਕਦੇ ਆਪਣੇ ਸੀਰੀ ਨੂੰ ਸ਼ਹਿਰ ਲਿਜਾ ਕੇ ਹੋਟਲ ਤੇ ਚਾਹ ਵੀ ਪਿਲਾ ਦਿੰਦਾ ਤਾਂ ਸੀਰੀ ਦੇ ਖਾਤੇ 'ਚ ਚਾਹ ਦੇ ਕੱਪ ਦੇ 50 ਪੈਸੇ ਵੀ ਲਿਖ ਦਿੰਦਾ ਸੀ। ਉਸ ਦੀ ਔਲਾਦ ਸਿਰਫ ਇਕੋਂ ਬੇਟਾ, ਬੇਹੱਦ ਸ਼ਰੀਫ਼, ਮਿਲਣਸਾਰ, ਆਗਿਆਕਾਰੀ ਅਤੇ ਇਮਾਨਦਾਰ ਸੀ। ਪਿਤਾ ਨੇ ਉਸ ਨੂੰ ਦਬਾ ਕੇ ਰੱਖਿਆ ਹੋਇਆ ਸੀ। ਐਨਾਂ ਕੁਝ ਹੋਣ ਦੇ ਬਾਵਜੂਦ ਵੀ ਬੇਟੇ ਦੀ ਜੇਬ 'ਚ 2 ਰੁਪਏ ਨਹੀਂ ਸਨ ਹੁੰਦੇ। ਜੇ ਕਦੇ 5 ਰੁਪਏ ਦੇ ਕੇ ਬੇਟੇ ਨੂੰ ਸਬਜ਼ੀ ਲੈਣ ਭੇਜ ਦਿੰਦਾ ਤਾਂ ਪੰਜ-ਪੰਜ ਪੈਸੇ ਦਾ ਹਿਸਾਬ ਲੈਣਾ ਉਸਦੀ ਆਦਤ ਸੀ। ਮਾਂ, ਪੁੱਤ ਦੋਵੇਂ ਉਸ ਦੇ ਕੰਜੂਸ ਵਰਤਾਰੇ ਤੋਂ ਕਾਫ਼ੀ ਦੁਖੀ ਰਹਿੰਦੇ ਸਨ।
ਆਪਣੇ ਮੰਜੇ ਥੱਲੇ 5 ਕਿਲੋ ਦੇਸੀ ਘੀ ਦੀ ਪੀਪੀ ਰੱਖਦਾ ਸੀ। ਮਜ਼ਾਲ ਕਿ ਘਰ ਦਾ ਕੋਈ ਮੈਂਬਰ ਇਕ ਵੀ ਚੱਮਚ ਘੀ ਦਾ ਕੱਢ ਲਵੇ। ਰਾਤ ਨੂੰ ਸ਼ਰਾਬ ਪੀ ਕੇ ਮੰਦਾ ਬੋਲਣਾ ਤਾਂ ਨਿੱਤ ਦਾ ਕੰਮ ਸੀ। ਰਿਸ਼ਤੇਦਾਰਾਂ ਅਤੇ ਯਾਰਾਂ ਦੋਸਤਾਂ 'ਤੇ ਦਬਦਬਾ ਰੱਖਣ ਲਈ ਉਨ੍ਹਾਂ ਨੂੰ ਪਰਨੋਟ 'ਤੇ ਪੈਸੇ ਦੇ ਦਿੰਦਾ ਸੀ। ਸਮਾਂ ਆਇਆ ਉਸ ਨੇ ਆਪਣੇ ਬੇਟੇ ਦਾ ਵਿਆਹ ਕਰ ਦਿੱਤਾ। ਸਾਰੇ ਆਖਣ ਲੱਗੇ ਹੁਣ ਨੂੰਹ ਆ ਗਈ ਹੈ ਅਤੇ ਇਸ ਦੇ ਸੁਭਾਅ ਵਿਚ ਫਰਕ ਪੈ ਜਾਵੇਗਾ। “ਕੁੱਤੇ ਦੀ ਪੂੰਛ ਬਾਰਾਂ ਸਾਲ ਫੂਕਣੀ 'ਚ ਪਾਈ ਰੱਖੀ ਜਦੋਂ ਕੱਢੀ ਭਿੱਜੀ ਦੀ ਭਿੱਜੀ''। ਵਾਂਗ ਉਸ ਦਾ ਸੁਭਾਅ ਵੀ ਨਹੀਂ ਬਦਲਿਆ।
ਹੁਣ ਘਰ ਵਿਚ ਦੋ ਬਾਲ ਵੀ ਖੇਡਣ ਲੱਗ ਗਏ ਸਨ। ਘਰ ਰੱਖੀ ਮੱਝ ਜੋ ਦੁੱਧ ਦਿੰਦੀ ਸੀ ਲੋੜ ਅਨੁਸਾਰ ਦੁੱਧ ਘਰ ਰੱਖ ਕੇ ਬਾਕੀ ਵੇਚ ਦਿੱਤਾ ਜਾਂਦਾ ਸੀ। ਇਕ ਦਫਾ ਉਸ ਨੂੰ 8 ਦਿਨਾਂ ਲਈ ਕਿਤੇ ਬਾਹਰ ਜਾਣਾ ਪੈ ਗਿਆ। ਵਾਪਸ ਆਉਣ 'ਤੇ ਉਸ ਨੇ ਵੇਚੇ ਹੋਏ ਦੁੱਧ ਦਾ ਹਿਸਾਬ ਮੰਗਿਆ। ਉਸ ਨੇ ਕਿਹਾ,“ ਮੈਂ ਰੋਜ਼ ਕਿੱਲੋ ਦੁੱਧ ਪੀਂਦਾ ਸੀ। ਉਸ ਦੁੱਧ ਦੇ ਪੈਸਿਆਂ ਦਾ ਹਿਸਾਬ ਵੀ ਦੇਵੋ। ਮੈਂ ਅੱਠ ਦਿਨ ਪੀਤਾ ਨਹੀਂ ਉਹ ਵੀ ਤੁਸੀਂ ਵੇਚਿਆ ਹੋਵੇਗਾ।'' ਉਸ ਦੇ ਪਰਿਵਾਰ ਨੇ ਤਰਲੇ ਕਰ ਕੇ ਮਸਾਂ ਖਹਿੜਾ ਛੁਡਵਾਇਆ।
ਇੱਕ ਦਿਨ ਉਸ ਦੇ ਬੇਟੇ ਨੇ ਛੇ ਕੇਲੇ ਲਿਆਂਦਿਆਂ ਲਿਫਾਫਾ ਦੇਖ ਕੇ ਪਿਤਾ ਨੇ ਪੁੱਛਿਆ,“ਤੂੰ ਕੀ ਲੈ ਕੇ ਆਇਆ ਹੈਂ? “ਬੇਟਾ ਕਹਿੰਦਾ, “ਬਾਪੂ, ਛੇ ਕੇਲੇ ਲਿਆਂਦੇ ਹਨ।'' ਉਸ ਨੇ ਦੁਖੀ ਮਨ ਨਾਲ ਆਖਿਆ, “ਦੋ ਬਚੇ ਹਨ। ਦੋ ਕੇਲੇ ਲਿਆਉਣੇ ਸਨ। ਛੇ ਕੀ ਕਰਨੇ ਸੀ? ''ਆਖਰ 75 ਸਾਲ ਦੀ ਉਮਰ 'ਚ ਉਹ ਬਿਮਾਰ ਹੋ ਗਿਆ। ਇਕ ਸਾਲ ਤੱਕ ਉਸ ਦੇ ਪਰਿਵਾਰ ਨੇ ਕੰਜੂਸ ਬੁੜੇ ਦੀ ਦਿਲ ਲਗਾ ਕੇ ਸੇਵਾ ਕੀਤੀ। ਆਖਰੀ ਸਮੇਂ ਉਸ ਦਾ ਦਿਲ ਬਦਲ ਚੁੱਕਾ ਸੀ। ਆਖਰ ਉਸ ਦੀ ਮੌਤ ਹੋ ਗਈ। ਕੰਜੂਸ ਬਾਪ ਹੋਣ ਕਰ ਕੇ ਜਿਸ ਪਰਿਵਾਰ ਨੇ 50 ਸਾਲ ਔਖੇ ਦੇ ਕੱਟੇ, ਉਨ੍ਹਾਂ ਕੋਲ ਚਲਾਉਣ ਲਈ ਨਵਾਂ ਸਾਈਕਲ ਵੀ ਨਹੀਂ ਸੀ। ਅੱਜ ਆਲੀਸ਼ਾਨ ਕੋਠੀ, ਲਗਜ਼ਰੀ ਕਾਰ, ਮੋਟਰ ਸਾਈਕਲ ਅਤੇ ਘਰ ਦੀ ਹਰ ਸਹੂਲਤ ਮੌਜ਼ੂਦ ਹੈ।
ਸੁਖਵਿੰਦਰ ਸਿੰਘ ਲੋਟੇ
ਕਮਲਦੀਪ ਕਾਹਮਾ ਨੇ ਦੱਸੀਆਂ ਆਪਣੀਆਂ ਬਾਡੀ ਬਿਲਡਿੰਗ ਦੀਆਂ ਪ੍ਰਾਪਤੀਆਂ
NEXT STORY