ਸੁਖਵਿੰਦਰ ਸਿੰਘ ਲੋਟੇ ਜੀ ਬੋਤਲਾਂ ਦੇ ਅੰਦਰ ਕਵਿਤਾਵਾਂ ਲਿਖਣ ਵਾਲੇ ਪਹਿਲੇ ਕਵੀ ਹਨ। ਉਨ੍ਹਾਂ ਨੇ ਆਪਣੀ ਇਸ ਅਨੋਖੀ ਕਲਾ ਰਾਹੀਂ ਬੋਤਲਾਂ ਨੂੰ ਬੋਲਣ ਲਾ ਦਿੱਤਾ। ਲੋਟੇ ਜੀ ਦਾ ਨਾਂ 'ਇੰਡੀਆ ਬੁੱਕ ਆਫ਼ ਰਿਕਾਰਡਜ਼' 'ਚ ਵੀ ਦਰਜ ਹੈ। ਲੋਟੇ ਜ਼ਿਆਦਾ ਤਰ ਨਸ਼ੇ ਦੇ ਖਿਲਾਫ ਕਵਿਤਾਵਾਂ ਲਿਖਦੇ ਹਨ। ਲੋਟੇ ਦਾ ਜਨਮ ਸੰਗਰੂਰ ਜਿਲੇ ਦੀ ਸਬ ਡਵੀਜ਼ਨ-ਧੂਰੀ ਵਿਖੇ ਪਿਤਾ ਜਤਿੰਦਰ ਪਾਲ ਸਿੰਘ ਅਤੇ ਮਾਤਾ ਦੀਪ ਕੌਰ ਦੀ ਕੁੱਖੋਂ 1964 'ਚ ਹੋਇਆ।
ਮੁੱਢਲੀ ਪੜ੍ਹਾਈ ਦਸਵੀਂ ਤੱਕ ਦੀ ਐੱਸ. ਡੀ. ਸੀਨੀਅਰ ਸਕੂਲ ਧੂਰੀ 'ਚ ਪਾਸ ਕੀਤੀ ਉਸ ਤੋਂ ਬਾਅਦ ਰਣਬੀਰ ਕਾਲਜ-ਸੰਗਰੂਰ 'ਚ ਦਾਖਲ ਹੋ ਗਏ, ਜਿੱਥੇ ਉਨ੍ਹਾਂ ਨੇ ਕਵਿਤਾਵਾਂ ਲਿੱਖਣੀਆਂ ਸ਼ੁਰੂ ਕੀਤੀਆਂ ਤੇ ਉਸੇ ਦੀ ਪ੍ਰੇਰਨਾ ਨਾਲ ਲੋਟੇ ਦੀ ਕਲਮ ਆਪਣਾ ਮੁਕਾਮ ਹਾਸਲ ਕਰਨ ਲਈ ਲਗਾਤਾਰ ਅੱਗੇ ਵੱਲ ਕਦਮ ਵਧਾਈ ਜਾ ਰਹੀ ਹੈ। ਘਰੇਲੂ ਹਾਲਾਤਾਂ ਕਰਕੇ ਬੀਏ ਦੀ ਪੜ੍ਹਾਈ ਵਿਚਕਾਰ ਛੱਡ ਦਿੱਤੀ। ਉਸ ਤੋਂ ਬਾਅਦ ਬੈਟਰੀਆਂ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਤੇ ਅੱਜ ਆਪਣੀਆਂ ਬੈਟਰੀਆਂ ਦੀ ਦੁਕਾਨ ਦੇ ਨਾਲ ਗੁਜ਼ਾਰਾ ਕਰ ਰਹੇ ਹਨ। ਸਮੇਂ ਦੇ ਚਲਦੇ ਜਨਾਲ ਵਾਸੀ ਮਨਜੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ। ਲੋਟੇ ਦੱਸਦੇ ਨੇ ਜੀਵਨ ਸਾਥਣ ਦਾ ਸਾਥ ਅਤੇ ਪਰਿਵਾਰ 'ਚ ਬੇਟਾ ਮਨਿੰਦਰ ਸਿੰਘ, ਨੂੰਹ ਜੈਸਮੀਨ ਕੌਰ, ਬੇਟਾ ਵਰਿੰਦਰ ਸਿੰਘ ਵਲੋਂ ਦੇ ਸਾਥ ਸਦਕਾ ਇਥੋਂ ਤੱਕ ਪਹੁੰਚਣ 'ਚ ਕਾਮਯਾਬ ਹੋਏ ਹਨ ਅਤੇ ਹੁਣ ਛੋਟੀ ਜਹੀ ਪਰੀ ਗੁਰਲੀਨ ਕੌਰ (ਪੋਤਰੀ) ਵੀ ਘਰ 'ਚ ਖੁਸ਼ੀਆਂ ਲੈ ਕੇ ਆਈ ਹੈ। ਸੁੱਖਵਿੰਦਰ ਨੇ ਆਪਣੀ ਪਹਿਲੀ ਕਵਿਤਾ ਸ਼ਰਾਬ ਦੇ ਖਿਲਾਫ ਲਿਖੀ ਅਤੇ ਬੈਠੇ-ਬੈਠੇ ਮਨ 'ਚ ਖਿਆਲ ਆਇਆ ਕਿ ਜੇ ਮੈਂ ਸ਼ਰਾਬ ਦੇ ਖਿਲਾਫ ਲਿਖੀ ਕਵਿਤਾ ਨੂੰ ਸ਼ਰਾਬ ਦੀ ਖਾਲੀ ਬੋਤਲ ਦੇ ਅੰਦਰ ਲਿੱਖ ਕੇ ਪੇਸ਼ ਕਰਾਂ ਤਾਂ ਮੇਰਾ ਨਾਂ ਕਾਫੀ ਚਰਚਿਤ ਹੋ ਜਾਵੇਗਾ। ਕਈ ਮਹੀਨਿਆਂ ਦੀ ਮਿਹਨਤ ਸਦਕਾ ਉਹ ਕਾਮਯਾਬ ਹੋ ਗਏ ਤੇ ਇਹ ਕਵਿਤਾ ਐਨੀ ਮਕਬੂਲ ਹੋਈ ਕਿ ਲੋਟੇ ਨੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਐਨੀ ਪ੍ਰਸਿੱਧੀ ਮਿਲੇਗੀ। ਇਹ ਕਵਿਤਾ ਸੀ,'ਮੈਂ
ਸ਼ਰਾਬ ਹਾਂ, ਮੈ ਬੜੀ ਖਰਾਬ ਹਾਂ, ਮੈਨੂੰ ਨਾ ਪੀ, ਸੁੱਖੀ ਜੀਵਨ ਜੀ।' ਇਸ ਨਾਲ ਉਨ੍ਹਾਂ ਨੇ ਕਾਫੀ ਨਾਂ ਖੱਟਿਆ।ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਹੀ ਕਵਿਤਾਵਾਂ ਨੂੰ ਦੁਨੀਆਂ ਦੀਆਂ 11ਭਾਸ਼ਾਵਾਂ 'ਚ ਜਿਵੇਂ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਡੱਚ, ਰਸ਼ੀਅਨ, ਇਟਾਲੀਅਨ, ਹੰਗਰੀ, ਮਾਲਯ, ਇੰਡੋਨੇਸ਼ੀਅਨ ਅਤੇ ਅਫਰੀਕਨ 'ਚ ਟਰਾਂਸਲੇਟ ਕਰਕੇ ਬੋਤਲਾਂ ਦੇ ਅੰਦਰ ਲਿਖਿਆ। ਕਈ ਚਾਹਵਾਨ ਲੋਕ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਵੀ ਉਨ੍ਹਾਂ ਤੋਂ ਆਪਣੀਆਂ ਰਚਨਾਵਾਂ ਬੋਤਲਾਂ ਅੰਦਰ ਲਿਖਵਾ ਕੇ ਲੈ ਗਏ ਹਨ। ਸਿਕੰਦਰ ਸਿੰਘ ਮਲੂਕਾ ਜੀ ਦੀ ਪੋਤਰੀ ਨੇ ਵੀ ਆਪਣਾ ਨਾਂ ਲੋਟੇ ਜੀ ਤੋਂ ਬੋਤਲ ਦੇ ਅੰਦਰ ਲਿੱਖਵਾਇਆ ਹੈ।
ਲਿਖਣ ਵਾਲੇ ਬੁਰਸ਼ ਲੋਟੇ ਖੁਦ ਤਿਆਰ ਕਰਦੇ ਹਨ। ਲੋਟੇ ਜੀ ਪੀਏਯੂ ਮੇਲਾ- ਲੁਧਿਆਣਾ, ਪ੍ਰੋ: ਮੋਹਨ ਸਿੰਘ ਮੇਲਾ-ਨਾਭਾ, ਵਿਰਾਸਤ ਮੇਲਾ-ਬਠਿੰਡਾ, ਪੰਜਾਬੀ ਭਵਨ-ਲੁਧਿਆਣਾ, ਪੰਜਾਬ ਭਾਸ਼ਾ ਵਿਭਾਗ-ਪਟਿਆਲਾ, ਇੰਦਰਾ ਗਾਂਧੀ ਕਲਾ ਕੇਂਦਰ-ਨੋਇਡਾ, ਧੂਰੀ, ਸੰਗਰੂਰ ਅਤੇ ਅਹਿਮਦਗੜ•ਵਿਖੇ ਆਪਣੀ ਕਲਾ ਦੀਆਂ ਪ੍ਰਦਰਸ਼ਨੀਆਂ ਲਾ ਚੁੱਕੇ ਹਨ।
ਆਪ ਸ਼ਰਾਬ ਨਾਂ ਪੀਣ ਵਾਲੇ ਲੋਟੇ ਮਿਹਨਤ ਅਤੇ ਕਲਾ ਦੇ ਸਦਕਾ ਸ਼ਰਾਬ ਦੀਆਂ ਬੋਤਲਾਂ ਨੂੰ ਬੋਲਣ ਲਈ ਮਜਬੂਰ ਕਰ ਦਿੰਦੇ ਹਨ। ਲੋਟੇ ਆਪਣੀ ਇਸ ਅਨੌਖੀ ਕਲਾ ਰਾਹੀਂ ਦੁਨੀਆਂ ਨੂੰ ਜਾਗਰੂਕ ਕਰਨਾ ਚਾਹੁੰਦੇ ਨੇ ਕੀ ਸ਼ਰਾਬ ਨਾ ਪੀਓ, ਧੀਆਂ ਨੂੰ ਨਾਂ ਮਾਰੋ, ਕਰਪਸ਼ਨ, ਮਹਿੰਗਾਈ ਅਤੇ ਪਾਣੀ ਨੂੰ ਬਚਾਓ ਆਦਿ ਵਿਸ਼ਿਆਂ ਤੇ ਬੋਤਲਾਂ ਦੇ ਅੰਦਰ ਲਿਖਦੇ ਹਨ।
ਲੋਟੇ ਅਖਬਾਰਾਂ ਲਈ ਵੀ ਲਿਖਦੇ ਹਨ। 50 ਦੇ ਕਰੀਬ ਗਜ਼ਲਾਂ, ਲੇਖ ਅਤੇ ਕਹਾਣੀਆਂ ਅਖਬਾਰਾਂ 'ਚ ਛੱਪਵਾ ਚੁੱਕੇ ਹਨ। ਅਸੀਂ ਲੋਟੇ ਜੀ ਦੀ ਕਿਤਾਬ ਦੀ ਬੜੀ ਬੇ ਸਬਰੀ ਨਾਲ ਉਡੀਕ ਕਰ ਰਹੇ ਹਾਂ। ਰੱਬ ਕਰੇ ਉਨ੍ਹਾਂ ਦੀਆਂ ਰਚਨਾਵਾਂ ਦੀ ਕਿਤਾਬ ਵੀ ਛੇਤੀ ਮਾਰਕਿਟ 'ਚ ਆਵੇ। ਲੋਟੇ ਨੇ ਇਸ ਅਨੋਖੀ ਕਲਾ ਰਾਹੀਂ 'ਇੰਡੀਆ ਬੁੱਕ ਆਫ਼ ਰਿਕਾਰਡਜ਼' 'ਚ ਦਸੰਬਰ 2012 ਨੂੰ ਆਪਣਾ ਨਾਂ ਦਰਜ ਕਰਵਾਇਆ ਅਤੇ ਫਰਵਰੀ 2013 ਨੂੰ ਆਪਣਾ ਹੀ ਰਿਕਾਰਡ ਤੋੜ ਕੇ ਨਵਾਂ ਰਿਕਾਰਡ 'ਇੰਡੀਆ ਬੁੱਕ ਆਫ਼ ਰਿਕਾਰਡਜ਼' 'ਚ ਦਰਜ ਕਰਵਾਇਆ। ਉਨ੍ਹਾਂ ਦਾ ਅਗਲਾ ਨਿਸ਼ਾਨਾ 'ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ' 'ਚ ਨਾਂ ਦਰਜ ਕਰਵਾਉਣ ਦਾ ਹੈ।
ਸੁੱਖਵਿੰਦਰ ਸਿੰਘ ਲੋਟੇ ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ਼, ਸਾਹਿਤ ਸਭਾ ਧੂਰੀ, ਸਾਂਈ ਦਿੱਤਾ ਵੈਲਫੇਅਰ ਮੰਚ-ਜੁੜਾਹਾਂ, ਗਰੀਨ ਬੁੱਡ ਪਬਲਿਕ ਸਕੂਲ-ਧੂਰੀ, ਸਬ ਡਵੀਜ਼ਨ-ਧੂਰੀ, ਡੀਸੀ-ਸੰਗਰੂਰ, ਵਲੋਂ ਸਨਮਾਨ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬੀ ਭਵਨ-ਲੁਧਿਆਨਾ ਵਿਖੇ ਵੀ ਲੋਟੇ ਦਾ ਦੋ ਦਫ਼ਾ ਸਨਮਾਨ ਹੋ ਚੁੱਕਾ ਹੈ। ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਇਸ ਖੋਜ ਕਰਨ ਵਾਲੇ ਇਨਸਾਨ ਨੂੰ ਕੋਈ ਵੱਡਾ ਸਨਮਾਨ ਦੇ ਕੇ ਹੌਂਸਲਾ ਵਧਾਇਆ ਜਾਵੇ। ਵਿਦੇਸ਼ੀ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਵਿਸ਼ਵ ਪੱਧਰ ਦੇ ਕਲਾਕਾਰ ਨੂੰ ਬੁਲਾ ਕੇ ਸਨਮਾਨਤ ਕੀਤਾ ਜਾਵੇ, ਜਿਸ ਨਾਲ ਉਹ ਆਪਣੀ ਕਲਾ ਨੂੰ ਹੋਰ ਵਧਾਉਣ 'ਚ ਕਾਮਯਾਬ ਹੋਵੇ। ਲੋਟੇ ਦੀ ਇੱਛਾ ਹੈ ਕਿ ਉਹ ਇਸ ਹੁਨਰ ਦੀ ਸਕੂਲਾਂ ਅਤੇ ਕਾਲਜਾਂ 'ਚ ਜਾ ਕੇ ਵੀ ਸਿਖਲਾਈ ਦੇਵੇ। ਇਸ ਕਾਰਜ ਲਈ ਸਾਡੀਆਂ ਸੰਸਥਾਵਾਂ ਅਤੇ ਸਰਕਾਰਾਂ ਨੂੰ ਉਨ੍ਹਾਂ ਦਾ ਸਾਥ ਦੇਣਾ ਪਵੇਗਾ। ਰੱਬ ਕਰੇ ਸੁੱਖਵਿੰਦਰ ਸਿੰਘ ਲੋਟੇ ਦੀ ਇਹ ਇੱਛਾ ਵੀ ਪੂਰੀ ਹੋਵੇ।
ਰਣਜੀਤ ਕੌਰ ਸਵੀ
ਪੰਜਾਬ ਦੀ ਰਾਜਨੀਤੀ ਭੰਬਲ ਭੂਸੇ 'ਚ!
NEXT STORY