ਅੱਜ 11 ਸਤੰਬਰ ਹੈ। ਇਹ ਦਿਨ ਵੱਖ-ਵੱਖ ਯਾਦਾਂ ਨਾਲ ਜੁੜਿਆ ਹੋਇਆ ਹੈ। ਇਕ ਯਾਦ 1893 ਦੀ ਹੈ, ਜਦੋਂ ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਵਿਚ ਵਿਸ਼ਵ ਭਾਈਚਾਰੇ ਦਾ ਸੰਦੇਸ਼ ਦਿੱਤਾ ਸੀ ਅਤੇ ਦੂਜੀ ਯਾਦ 9/11 ਦੇ ਅੱਤਵਾਦੀ ਹਮਲੇ ਦੀ ਹੈ, ਜਦੋਂ ਵਿਸ਼ਵ ਭਾਈਚਾਰੇ ਨੂੰ ਸਭ ਤੋਂ ਵੱਡਾ ਝਟਕਾ ਲੱਗਿਆ ਸੀ।
ਅੱਜ ਦੇ ਦਿਨ ਬਾਰੇ ਇਕ ਹੋਰ ਖਾਸ ਗੱਲ ਹੈ। ਅੱਜ ਇਕ ਅਜਿਹੀ ਸ਼ਖਸੀਅਤ ਦਾ 75ਵਾਂ ਜਨਮਦਿਨ ਹੈ ਜਿਸਨੇ ਵਸੁਧੈਵ ਕੁਟੁੰਬਕਮ ਦੇ ਮੰਤਰ ਦੀ ਪਾਲਣਾ ਕਰਕੇ ਸਮਾਜ ਨੂੰ ਸੰਗਠਿਤ ਕਰਨ, ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ ਹੈ।
ਅੱਜ ਸਤਿਕਾਰਯੋਗ ਮੋਹਨ ਭਾਗਵਤ ਜੀ ਦਾ ਜਨਮਦਿਨ ਹੈ, ਜਿਨ੍ਹਾਂ ਨੂੰ ਸੰਘ ਪਰਿਵਾਰ ਵਿਚ ਸਭ ਤੋਂ ਵੱਧ ਸਤਿਕਾਰਯੋਗ ਸਰਸੰਘਚਾਲਕ ਵਜੋਂ ਸ਼ਰਧਾ ਨਾਲ ਸੰਬੋਧਤ ਕੀਤਾ ਜਾਂਦਾ ਹੈ। ਇਹ ਇਕ ਖੁਸ਼ਨੁਮਾ ਸੰਜੋਗ ਹੈ ਕਿ ਇਸ ਸਾਲ ਸੰਘ ਵੀ ਆਪਣਾ ਸ਼ਤਾਬਦੀ ਸਾਲ ਮਨਾ ਰਿਹਾ ਹੈ। ਮੈਂ ਭਾਗਵਤ ਜੀ ਨੂੰ ਆਪਣੀਆਂ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਮਾਤਮਾ ਉਨ੍ਹਾਂ ਨੂੰ ਲੰਬੀ ਉਮਰ ਅਤੇ ਚੰਗੀ ਸਿਹਤ ਪ੍ਰਦਾਨ ਕਰੇ।
ਮੇਰਾ ਮੋਹਨ ਭਾਗਵਤ ਜੀ ਦੇ ਪਰਿਵਾਰ ਨਾਲ ਬਹੁਤ ਡੂੰਘਾ ਸਬੰਧ ਰਿਹਾ ਹੈ। ਮੈਨੂੰ ਉਨ੍ਹਾਂ ਦੇ ਪਿਤਾ ਸਵਰਗੀ ਮਧੂਕਰ ਰਾਓ ਭਾਗਵਤ ਜੀ ਨਾਲ ਨੇੜਿਓਂ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਆਪਣੀ ਕਿਤਾਬ ‘ਜਯੋਤੀਪੁੰਜ’ ਵਿਚ ਮਧੂਕਰ ਰਾਓ ਜੀ ਬਾਰੇ ਵਿਸਥਾਰ ਵਿਚ ਲਿਖਿਆ ਵੀ ਹੈ। ਆਪਣੀ ਕਾਨੂੰਨੀ ਪ੍ਰੈਕਟਿਸ ਦੇ ਨਾਲ-ਨਾਲ, ਮਧੂਕਰ ਰਾਓ ਜੀ ਆਪਣੀ ਸਾਰੀ ਜ਼ਿੰਦਗੀ ਰਾਸ਼ਟਰ ਨਿਰਮਾਣ ਦੇ ਕੰਮ ਲਈ ਸਮਰਪਿਤ ਰਹੇ। ਆਪਣੀ ਜਵਾਨੀ ਵਿਚ ਉਨ੍ਹਾਂ ਨੇ ਗੁਜਰਾਤ ਵਿਚ ਲੰਮਾ ਸਮਾਂ ਬਿਤਾਇਆ ਅਤੇ ਸੰਘ ਦੇ ਕੰਮ ਦੀ ਇਕ ਮਜ਼ਬੂਤ ਨੀਂਹ ਰੱਖੀ।
ਮਧੂਕਰ ਰਾਓ ਜੀ ਦਾ ਰਾਸ਼ਟਰ ਨਿਰਮਾਣ ਪ੍ਰਤੀ ਝੁਕਾਅ ਇੰਨਾ ਮਜ਼ਬੂਤ ਸੀ ਕਿ ਉਹ ਆਪਣੇ ਪੁੱਤਰ ਮੋਹਨ ਰਾਓ ਨੂੰ ਵੀ ਇਸ ਮਹਾਨ ਕੰਮ ਲਈ ਲਗਾਤਾਰ ਪ੍ਰੇਰਿਤ ਕਰਦੇ ਰਹੇ। ਇਕ ਪਾਰਸਮਨੀ ਮਧੂਕਰ ਰਾਓ ਨੇ ਮੋਹਨ ਰਾਓ ਦੇ ਰੂਪ ਵਿਚ ਇਕ ਹੋਰ ਪਾਰਸਮਨੀ ਦੀ ਸਿਰਜਣਾ ਕੀਤੀ।
ਭਾਗਵਤ ਜੀ ਦਾ ਪੂਰਾ ਜੀਵਨ ਇਕ ਨਿਰੰਤਰ ਪ੍ਰੇਰਣਾ ਦੇਣ ਵਾਲਾ ਰਿਹਾ ਹੈ। ਉਹ 1970 ਦੇ ਦਹਾਕੇ ਦੇ ਮੱਧ ਵਿਚ ਇਕ ਪ੍ਰਚਾਰਕ ਬਣ ਗਏ। ਆਮ ਜੀਵਨ ਵਿਚ ਪ੍ਰਚਾਰਕ ਸ਼ਬਦ ਸੁਣ ਕੇ ਕਿਸੇ ਨੂੰ ਇਹ ਗਲਤਫਹਿਮੀ ਹੋ ਜਾਂਦੀ ਹੈ ਕਿ ਉਹ ਇਕ ਅਜਿਹਾ ਵਿਅਕਤੀ ਹੋਵੇਗਾ ਜੋ ਕਿ ਪ੍ਰਚਾਰ ਕਰਦਾ ਹੈ ਪਰ ਜੋ ਲੋਕ ਸੰਘ ਨੂੰ ਜਾਣਦੇ ਹਨ ਉਹ ਜਾਣਦੇ ਹਨ ਕਿ ਪ੍ਰਚਾਰਕ ਪ੍ਰੰਪਰਾ ਸੰਘ ਦੇ ਕੰਮ ਦੀ ਵਿਸ਼ੇਸ਼ਤਾ ਹੈ। ਪਿਛਲੇ 100 ਸਾਲਾਂ ਵਿਚ ਦੇਸ਼ ਭਗਤੀ ਤੋਂ ਪ੍ਰੇਰਿਤ ਹਜ਼ਾਰਾਂ ਨੌਜਵਾਨ ਮਰਦਾਂ ਅਤੇ ਔਰਤਾਂ ਨੇ ਸੰਘ ਪਰਿਵਾਰ ਰਾਹੀਂ ਆਪਣੇ ਘਰਾਂ ਅਤੇ ਪਰਿਵਾਰਾਂ ਨੂੰ ਤਿਅਾਗਿਅਾ ਹੈ ਅਤੇ ਆਪਣਾ ਪੂਰਾ ਜੀਵਨ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ। ਭਾਗਵਤ ਜੀ ਵੀ ਉਸ ਮਹਾਨ ਪ੍ਰੰਪਰਾ ਦੀ ਇਕ ਮਜ਼ਬੂਤ ਧੁਰੀ ਹਨ।
ਭਾਗਵਤ ਜੀ ਨੇ ਉਸ ਸਮੇਂ ਪ੍ਰਚਾਰਕ ਦੀ ਜ਼ਿੰਮੇਵਾਰੀ ਸੰਭਾਲੀ ਸੀ ਜਦੋਂ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਦੇਸ਼ ’ਤੇ ਐਮਰਜੈਂਸੀ ਲਗਾ ਦਿੱਤੀ ਸੀ। ਉਸ ਸਮੇਂ ਦੌਰਾਨ ਇਕ ਪ੍ਰਚਾਰਕ ਵਜੋਂ ਭਾਗਵਤ ਜੀ ਨੇ ਐਮਰਜੈਂਸੀ ਵਿਰੋਧੀ ਅੰਦੋਲਨ ਨੂੰ ਲਗਾਤਾਰ ਮਜ਼ਬੂਤ ਕੀਤਾ। ਉਨ੍ਹਾਂ ਨੇ ਮਹਾਰਾਸ਼ਟਰ ਦੇ ਪੇਂਡੂ ਅਤੇ ਪੱਛੜੇ ਖੇਤਰਾਂ ਖਾਸ ਕਰਕੇ ਵਿਦਰਭ ਵਿਚ ਕਈ ਸਾਲਾਂ ਤੱਕ ਕੰਮ ਕੀਤਾ।
ਬਹੁਤ ਸਾਰੇ ਵਲੰਟੀਅਰ ਅਜੇ ਵੀ 1990 ਦੇ ਦਹਾਕੇ ਵਿਚ ਮੋਹਨ ਭਾਗਵਤ ਜੀ ਦੇ ਅਖਿਲ ਭਾਰਤੀ ਸੰਸਥਾ ਪ੍ਰਮੁੱਖ ਵਜੋਂ ਕੰਮ ਨੂੰ ਪਿਆਰ ਨਾਲ ਯਾਦ ਕਰਦੇ ਹਨ। ਇਸ ਸਮੇਂ ਦੌਰਾਨ ਮੋਹਨ ਭਾਗਵਤ ਜੀ ਨੇ ਬਿਹਾਰ ਦੇ ਪਿੰਡਾਂ ਵਿਚ ਆਪਣੇ ਜੀਵਨ ਦੇ ਅਨਮੋਲ ਸਾਲ ਬਿਤਾਏ ਅਤੇ ਸਮਾਜ ਨੂੰ ਸਸ਼ਕਤ ਬਣਾਉਣ ਦੇ ਕੰਮ ਲਈ ਸਮਰਪਿਤ ਰਹੇ।
20ਵੀਂ ਸਦੀ ਦੇ ਆਖਰੀ ਪੜਾਅ ’ਤੇ ਉਹ ਅਖਿਲ ਭਾਰਤੀ ਪ੍ਰਚਾਰ ਪ੍ਰਮੁੱਖ ਬਣੇ। ਸਾਲ 2000 ਵਿਚ ਉਹ ਸਰਕਾਰਜ਼ਵਾਹ ਬਣੇ ਅਤੇ ਇੱਥੇ ਵੀ ਭਾਗਵਤ ਜੀ ਨੇ ਆਪਣੀ ਵਿਲੱਖਣ ਕਾਰਜਸ਼ੈਲੀ ਨਾਲ ਹਰ ਮੁਸ਼ਕਲ ਸਥਿਤੀ ਨੂੰ ਸਹਿਜਤਾ ਅਤੇ ਸਟੀਕਤਾ ਨਾਲ ਸੰਭਾਲਿਆ।
ਉਹ 2009 ਵਿਚ ਸਰਸੰਘਚਾਲਕ ਬਣੇ ਅਤੇ ਅਜੇ ਵੀ ਬਹੁਤ ਊਰਜਾ ਨਾਲ ਕੰਮ ਕਰ ਰਹੇ ਹਨ। ਭਾਗਵਤ ਜੀ ਨੇ ਹਮੇਸ਼ਾ ਰਾਸ਼ਟਰ ਦੀ ਮੂਲ ਵਿਚਾਰਧਾਰਾ ਨੂੰ ਸਭ ਤੋਂ ਉੱਪਰ ਰੱਖਿਆ।
ਸਰਸੰਘਚਾਲਕ ਹੋਣਾ ਸਿਰਫ਼ ਇਕ ਸੰਗਠਨਾਤਮਕ ਜ਼ਿੰਮੇਵਾਰੀ ਨਹੀਂ ਹੈ। ਇਹ ਇਕ ਪਵਿੱਤਰ ਟਰੱਸਟ ਹੈ, ਜਿਸਨੂੰ ਪੀੜ੍ਹੀ ਦਰ ਪੀੜ੍ਹੀ ਦੂਰਦਰਸ਼ੀ ਸ਼ਖਸੀਅਤਾਂ ਦੁਆਰਾ ਅੱਗੇ ਵਧਾਇਆ ਗਿਆ ਹੈ ਅਤੇ ਇਸ ਰਾਸ਼ਟਰ ਦੇ ਨੈਤਿਕ ਅਤੇ ਸੱਭਿਆਚਾਰਕ ਮਾਰਗ ਨੂੰ ਦਿਸ਼ਾ ਦਿੱਤੀ ਹੈ। ਅਸਾਧਾਰਨ ਵਿਅਕਤੀਆਂ ਨੇ ਨਿੱਜੀ ਤਿਅਾਗ, ਉਦੇਸ਼ ਦੀ ਸਪੱਸ਼ਟਤਾ ਅਤੇ ਮਾਂ ਭਾਰਤੀ ਪ੍ਰਤੀ ਅਟੁੱਟ ਸਮਰਪਣ ਨਾਲ ਇਹ ਭੂਮਿਕਾ ਨਿਭਾਈ ਹੈ। ਇਹ ਮਾਣ ਦੀ ਗੱਲ ਹੈ ਕਿ ਮੋਹਨ ਭਾਗਵਤ ਜੀ ਨੇ ਨਾ ਸਿਰਫ਼ ਇਸ ਵੱਡੀ ਜ਼ਿੰਮੇਵਾਰੀ ਨਾਲ ਪੂਰਾ ਇਨਸਾਫ ਕੀਤਾ ਹੈ, ਸਗੋਂ ਇਸ ਵਿਚ ਆਪਣੀਆਂ ਨਿੱਜੀ ਸ਼ਕਤੀਆਂ, ਬੌਧਿਕ ਡੂੰਘਾਈ ਅਤੇ ਹਮਦਰਦੀ ਭਰੀ ਅਗਵਾਈ ਵੀ ਸ਼ਾਮਲ ਕੀਤੀ ਹੈ।
ਭਾਗਵਤ ਜੀ ਦਾ ਨੌਜਵਾਨਾਂ ਨਾਲ ਕੁਦਰਤੀ ਸਬੰਧ ਹੈ ਅਤੇ ਇਸ ਲਈ ਉਨ੍ਹਾਂ ਨੇ ਸੰਘ ਦੇ ਕੰਮ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹੈ। ਉਹ ਲੋਕਾਂ ਨਾਲ ਸਿੱਧੇ ਸੰਪਰਕ ਵਿਚ ਰਹਿੰਦੇ ਹਨ ਅਤੇ ਸੰਵਾਦ ਕਰਦੇ ਰਹਿੰਦੇ ਹਨ। ਸਭ ਤੋਂ ਵਧੀਆ ਕੰਮ ਕਰਨ ਦੇ ਤਰੀਕਿਆਂ ਨੂੰ ਅਪਣਾਉਣ ਦੀ ਇੱਛਾ ਅਤੇ ਬਦਲਦੇ ਸਮੇਂ ਪ੍ਰਤੀ ਖੁੱਲ੍ਹਾ ਮਨ ਰੱਖਣਾ ਮੋਹਨ ਜੀ ਦਾ ਇਕ ਵੱਡਾ ਗੁਣ ਰਿਹਾ ਹੈ। ਜੇਕਰ ਅਸੀਂ ਇਸਨੂੰ ਵਿਆਪਕ ਸੰਦਰਭ ਵਿਚ ਵੇਖੀਏ ਤਾਂ ਭਾਗਵਤ ਜੀ ਦੇ ਕਾਰਜਕਾਲ ਨੂੰ ਸੰਘ ਦੇ 100 ਸਾਲਾਂ ਦੇ ਸਫ਼ਰ ਵਿਚ ਸਭ ਤੋਂ ਵੱਧ ਬਦਲਾਅ ਦਾ ਸਮਾਂ ਮੰਨਿਆ ਜਾਵੇਗਾ। ਵਰਦੀ ਵਿਚ ਤਬਦੀਲੀ ਹੋਵੇ ਜਾਂ ਸੰਘ ਸਿੱਖਿਆ ਵਰਗ ਵਿਚ ਤਬਦੀਲੀ, ਉਨ੍ਹਾਂ ਦੇ ਮਾਰਗਦਰਸ਼ਨ ਵਿਚ ਕਈ ਅਜਿਹੇ ਮਹੱਤਵਪੂਰਨ ਬਦਲਾਅ ਕੀਤੇ ਗਏ।
ਮੋਹਨ ਭਾਗਵਤ ਜੀ ਦੇ ਕੋਰੋਨਾ ਕਾਲ ਦੌਰਾਨ ਕੀਤੇ ਗਏ ਯਤਨਾਂ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਜਾਂਦਾ ਹੈ। ਉਸ ਮੁਸ਼ਕਲ ਸਮੇਂ ਵਿਚ, ਉਨ੍ਹਾਂ ਨੇ ਸਵੈ-ਸੇਵਕਾਂ ਦਾ ਸੁਰੱਖਿਅਤ ਰਹਿੰਦੇ ਹੋਏ ਸਮਾਜ ਸੇਵਾ ਕਰਨ ਲਈ ਮਾਰਗਦਰਸ਼ਨ ਕੀਤਾ ਅਤੇ ਤਕਨਾਲੋਜੀ ਦੀ ਵਰਤੋਂ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਮਾਰਗਦਰਸ਼ਨ ਵਿਚ ਸਵੈ-ਸੇਵਕਾਂ ਨੇ ਲੋੜਵੰਦਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਅਤੇ ਵੱਖ-ਵੱਖ ਥਾਵਾਂ ’ਤੇ ਮੈਡੀਕਲ ਕੈਂਪ ਲਗਾਏ।
ਸਾਨੂੰ ਵੀ ਬਹੁਤ ਸਾਰੇ ਸਵੈ-ਸੇਵਕਾਂ ਨੂੰ ਗੁਆਉਣਾ ਪਿਆ ਪਰ ਭਾਗਵਤ ਜੀ ਦੀ ਪ੍ਰੇਰਣਾ ਅਜਿਹੀ ਸੀ ਕਿ ਦੂਜੇ ਸਵੈ-ਸੇਵਕਾਂ ਦੀ ਮਜ਼ਬੂਤ ਇੱਛਾ ਸ਼ਕਤੀ ਕਮਜ਼ੋਰ ਨਹੀਂ ਪਈ।
ਇਸ ਸਾਲ ਦੇ ਸ਼ੁਰੂ ਵਿਚ ਨਾਗਪੁਰ ਵਿਚ ਉਨ੍ਹਾਂ ਨਾਲ ਮਾਧਵ ਅੱਖਾਂ ਦੇ ਹਸਪਤਾਲ ਦੇ ਉਦਘਾਟਨ ਦੌਰਾਨ ਮੈਂ ਕਿਹਾ ਸੀ ਕਿ ਸੰਘ ‘ਅਕਸ਼ੈਵਟ ’ ਵਾਂਗ ਹੈ ਜੋ ਰਾਸ਼ਟਰੀ ਸੱਭਿਆਚਾਰ ਅਤੇ ਚੇਤਨਾ ਨੂੰ ਊਰਜਾ ਦਿੰਦਾ ਹੈ। ਇਸ ‘ਅਕਸ਼ੈਵਟ’ ਦੇ ਰੁੱਖ ਦੀਆਂ ਜੜ੍ਹਾਂ ਆਪਣੇ ਮੁੱਲਾਂ ਕਾਰਨ ਬਹੁਤ ਡੂੰਘੀਆਂ ਅਤੇ ਮਜ਼ਬੂਤ ਹਨ। ਮੋਹਨ ਭਾਗਵਤ ਜੀ ਜਿਸ ਸਮਰਪਣ ਭਾਵਨਾ ਨਾਲ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਵਿਚ ਲੱਗੇ ਹੋਏ ਹਨ ਜੋ ਸਾਰਿਆਂ ਨੂੰ ਪ੍ਰੇਰਿਤ ਕਰਦੀਆਂ ਹਨ।
ਮੋਹਨ ਜੀ ਦੇ ਸੁਭਾਅ ਦੀ ਇਕ ਹੋਰ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਹ ਮਿੱਠ ਬੋਲੜੇ ਹਨ। ਉਨ੍ਹਾਂ ਕੋਲ ਸੁਣਨ ਦੀ ਸ਼ਾਨਦਾਰ ਸਮਰੱਥਾ ਵੀ ਹੈ। ਇਹ ਵਿਸ਼ੇਸ਼ਤਾ ਨਾ ਸਿਰਫ਼ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਡੂੰਘਾਈ ਦਿੰਦੀ ਹੈ ਸਗੋਂ ਉਨ੍ਹਾਂ ਦੀ ਸ਼ਖਸੀਅਤ ਅਤੇ ਲੀਡਰਸ਼ਿਪ ਵਿਚ ਸੰਵੇਦਨਸ਼ੀਲਤਾ ਅਤੇ ਮਾਣ ਵੀ ਲਿਆਉਂਦੀ ਹੈ।
ਮੋਹਨ ਜੀ ਹਮੇਸ਼ਾ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੇ ਪੱਕੇ ਸਮਰਥਕ ਰਹੇ ਹਨ। ਹਾਲ ਹੀ ਵਿਚ ਦੇਸ਼ ਵਿਚ ਜੋ ਵੀ ਸਫਲ ਜਨ ਅੰਦੋਲਨ ਹੋਏ ਹਨ, ਭਾਵੇਂ ਉਹ ਸਵੱਛ ਭਾਰਤ ਮਿਸ਼ਨ ਹੋਵੇ ਜਾਂ ‘ਬੇਟੀ ਬਚਾਓ ਬੇਟੀ ਪੜ੍ਹਾਓ’, ਮੋਹਨ ਭਾਗਵਤ ਜੀ ਨੇ ਪੂਰੇ ਸੰਘ ਪਰਿਵਾਰ ਨੂੰ ਇਨ੍ਹਾਂ ਅੰਦੋਲਨਾਂ ’ਚ ਊਰਜਾ ਭਰਨ ਲਈ ਪ੍ਰੇਰਿਤ ਕੀਤਾ। ਕੁਝ ਹੀ ਦਿਨਾਂ ’ਚ ਦੁਸਹਿਰੇ ’ਤੇ ਰਾਸ਼ਟਰੀ ਸਵੈਮ ਸੇਵਕ ਸੰਘ 100 ਸਾਲਾਂ ਦਾ ਹੋ ਜਾਵੇਗਾ। ਇਹ ਵੀ ਇਕ ਸੁਖਦਾਈ ਸੰਜੋਗ ਹੈ ਕਿ ਦੁਸਹਿਰੇ ਦਾ ਤਿਓਹਾਰ, ਗਾਂਧੀ ਜਯੰਤੀ, ਲਾਲਾ ਬਹਾਦੁਰ ਸ਼ਾਸਤਰੀ ਦੀ ਜਯੰਤੀ ਅਤੇ ਸੰਘ ਦਾ ਸ਼ਤਾਵਦੀ ਸਾਲ ਇਕ ਹੀ ਦਿਨ ਆ ਰਹੇ ਹਨ।
ਮੈਂ ਮਾਂ ਭਾਰਤੀ ਦੀ ਸੇਵਾ ’ਚ ਸਮਰਪਿਤ ਮੋਹਨ ਭਾਗਵਤ ਜੀ ਦੇ ਲੰਬੇ ਅਤੇ ਸਿਹਤਮੰਦ ਜੀਵਨ ਦੀ ਮੁੜ ਕਾਮਨਾ ਕਰਦਾ ਹਾਂ। ਉਨ੍ਹਾਂ ਨੂੰ ਜਨਮ ਦਿਨ ’ਤੇ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ।
ਨਰਿੰਦਰ ਮੋਦੀ (ਭਾਰਤ ਦੇ ਪ੍ਰਧਾਨ ਮੰਤਰੀ)
ਸਾਨੂੰ ਆਪਣੇ ਗੁਆਂਢੀਆਂ ਤੋਂ ਸਿੱਖਣਾ ਚਾਹੀਦਾ ਹੈ
NEXT STORY