ਭਾਸ਼ਾ ਨਾਲ ਖਿਲਵਾੜ੍ਹ ਦਾ ਵਰਤਾਰਾ ਇਕ ਗੰਭੀਰ ਵਿਸ਼ਾ ਹੋਣਾ ਚਾਹੀਦਾ ਹੈ ਜਦ ਕਿ ਨਹੀਂ ਹੈ ।ਕਾਰਨ ਸਾਫ ਹੈ ਨਾ ਤਾਂ ਆਮ ਲੋਕ ਇਸ ਵਿਸ਼ੇ ਤੇ ਜਾਗਰੂਕ ਹਨ ਅਤੇ ਨਾ ਹੀ ਭਾਸ਼ਾ ਵਰਗੇ ਮੁੱਦੇ ਨੂੰ ਮਹੱਤਵਪੂਰਨ ਮੰਨਦੇ ਹਨ । ਇਹ ਖਿਲਵਾੜ੍ਹ ਜਿੱਥੇ ਮਾਂ ਬੋਲੀ ਦੇ ਨਿੱਘ ਨੂੰ ਘਟਾ ਰਿਹਾ ਹੈ ਉੱਥੇ ਹੀ ਮਾਂ ਬੋਲੀ ਦੀ ਸ਼ਾਨ, ਉਸ ਤੇ ਇਕਬਾਲ ਨੂੰ ਢਾਹ ਲਾ ਰਿਹਾ ਹੈ । ਉਦਾਹਰਣ ਵਜੋਂ ਬਹੁਤ ਹੀ ਪ੍ਰਚਲਿਤ ਸ਼ਬਦ 'ਭਾਜੀ ਇਸ ਸੰਬੰਧੀ ਇਕ ਉਦਾਹਰਣ ਵਜੋਂ ਦੇਖਿਆ ਜਾ ਸਕਦਾ ਹੈ। ਮਾਲਵੇ 'ਚ ਆਦਰ ਅਤੇ ਅਪਣਤ ਦਿਖਾਉਣ ਲਈ ,ਬਾਈ 'ਸ਼ਬਦ ਦਾ ਪ੍ਰਚਲਣ ਹੈ ਤਾਂ ਦੁਆਬੇ 'ਚ 'ਭਾਜੀ 'ਸ਼ਬਦ ਆਪਣੀ ਹੋਂਦ ਰਖਦਾ ਹੈ । 'ਭਾਜੀ' ਸ਼ਬਦ ਦਾ ਸੁਆਦ ਅਤੇ ਮਿਠਾਸ ਹੀ ਸੀ ਕਿ ਫਨਕਾਰਾਂ ਅਤੇ ਸਾਹਿਤਕਾਰਾਂ ਨੇ ਇਸ ਨੂੰ ਪਹਿਲ ਦਿੱਤੀ । ਇਥੋਂ ਤਕ ਕੇ ਮੁੰਬਈ ਦੀ ਫਿਲਮ ਨਗਰੀ 'ਚ ਵੀ ਭਾਜੀ ਸ਼ਬਦ ਆਮ ਸੁਣਿਆ ਸੁਣਾਇਆ ਜਾਣ ਲੱਗਿਆ ਹੈ ਅਤੇ ਫਿਰ ਹੋਲੀ-ਹੋਲੀ ਛੋਟਾ ਹੁੰਦਾ ਇਹ ਸ਼ਬਦ 'ਪਾ, ਜੀ' ਤਕ ਵੀ ਪਹੁੰਚ ਗਿਆ। ਗੈਰ ਪੰਜਾਬੀਆਂ ਦੇ ਉਚਾਰਣ 'ਚ ਪਾ ਜੀ ਆਉਣਾ ਕੋਈ ਵੱਡੀ ਗੱਲ ਨਹੀਂ ਸੀ ਪਰ ਹੈਰਾਨੀ ਤੇ ਸੋਚਣ ਦਾ ਵਿਸ਼ਾ ਇਹ ਹੈ ਕਿ ਪਾ ਜੀ ਸ਼ਬਦ ਸਥਾਪਤੀ ਵੱਲ ਵਧ ਰਿਹਾ ਹੈ ਅਤੇ ਮੂਲ ਸ਼ਬਦ ਭਾਜੀ ਆਪਣੀ ਨਿੱਘ ਤੇ ਚਮਕ ਤੋਂ ਮਹਿਰੂਮ ਹੁੰਦਾ ਜਾ ਰਿਹਾ ਹੈ। ਅਜੋਕੀ ਪੰਜਾਬੀ ਪੀੜ੍ਹੀ ਦੇ ਨੌਜਵਾਨ ਬੱਚੇ ਵੀ ਭਾਜੀ ਨੂੰ ਪਾ, ਜੀ ਲਿਖਦੇ ਹਨ । ਸ਼ਬਦਾਂ ਦੀ ਇਹ ਧੀਮੀ ਮੌਤ ਹਰਗਿਜ਼ ਵੀ ਸਹਿਣਯੋਗ ਵਰਤਾਰਾ ਨਹੀਂ ਹੈ ।
ਇਸੇ ਤਰ੍ਹਾਂ ਇਕ ਹੋਰ ਸ਼ਬਦ ਕਾਬਲੇ ਜ਼ਿਕਰ ਹੈ। ਉਹ ਵੀ ਪੰਜਾਬੀ ਵਿਰਸੇ ਦੀ ਕੁੱਖ 'ਚ ਪਲਿਆ ਸੈਂਕੜੇ ਸਾਲਾਂ ਤੋਂ ਰਿਸ਼ਤਿਆਂ ਦੇ ਨਿੱਘ ਦਾ ਪ੍ਰਤੀਕ ਬਣਿਆ ਰਿਹਾ ਹੈ । ਉਹ ਹੈ ਭੂਆ ।ਜਿਸ ਨੂੰ ਹੁਣ 'ਬੂਆ' ਕਰਕੇ ਬੋਲਿਆ ਜਾਂਦਾ ਹੈ ਤੇ ਹੈਰਾਨੀ ਦਾ ਵਿਸ਼ਾ ਹੈ ਕਿ ਕਈ ਸਾਹਿਤਕਾਰ ਵੀ ਬੂਆ ਲਿਖ ਕੇ ਆਪਣੀਆਂ ਲਿਖਤਾਂ 'ਚ ਇਸ ਸ਼ਬਦ ਤੇ ਜ਼ੁਲਮ ਕਰਨੋ ਨਹੀਂ ਟਲੇ। ਹੋ ਸਕਦਾ ਹੈ ਕਿ ਪੰਜਾਬੀ ਦੀ ਕਿਸੇ ਹੋਰ ਉਪ ਭਾਸ਼ਾ ਜਾਂ ਕਿਸੇ ਸੀਮਤ ਖੇਤਰੀ ਭਾਸ਼ਾ 'ਚ ਬੂਆ ਸ਼ਬਦ ਦਾ ਪ੍ਰਚਲਣ ਹੋਵੇ ਪਰ ਬਿਨਾਂ ਸ਼ੱਕ ਮੌਲਿਕ ਸੰਬੋਧਨ ਭੂਆ ਹੈ ਜੋ ਹੋਲੀ-ਹੋਲੀ ਦਰਕਿਨਾਰ ਕੀਤਾ ਜਾ ਰਿਹਾ ਹੈ । ਭਾਜੀ ਜਾਂ ਭੂਆ ਸ਼ਬਦਾਂ ਦੀ ਤਰਾਸਦੀ ਦਾ ਜ਼ਿਕਰ ਕਰਦਿਆਂ ਮੈਂ ਅਨੇਕਾਂ ਹੋਰ ਸੈਂਕੜੇ ਸਾਲਾਂ ਤੋਂ ਸਥਾਪਿਤ ਸ਼ਬਦਾਂ ਨੂੰ ਵੀ ਨਹੀਂ ਭੁੱਲ ਸਕਦਾ ਜੋ ਅਧੁਨਿਕਤਾ ਦੀ ਦੌੜ 'ਚ ਆਪਣੀ ਸ਼ਾਨ ਤੋਂ ਮਹਿਰੂਮ ਹੋ ਰਹੇ ਹਨ ਤੇ ਅਨੇਕਾਂ ਹੋਰ ਸ਼ਬਦ ਵੀ ਇਸ ਵਰਤਾਰੇ ਦੀ ਭੇਂਟ ਚੜ੍ਹਣ ਵਾਲੇ ਹੋਣ ਤੇ ਭੁੱਲਿਆ ਇਹ ਵੀ ਨਹੀਂ ਜਾਣਾ ਚਾਹੀਦਾ ਕਿ ਪੰਜਾਬੀਆਂ ਦੀ ਸ਼ਾਨ ਕਹੀ ਜਾਣ ਵਾਲੀ ਪੰਜਾਬੀ ਬੋਲੀ ਦੇ ਅਨੇਕਾਂ ਹੋਰ ਮੌਲਿਕ ਸ਼ਬਦ ਸਦਾ ਲਈ ਸਮੇਂ ਦੀ ਗਰਤ 'ਚ ਸਮਾ ਚੁੱਕੇ ਹੋਣ।
ਕੁਝ ਸਾਲਾਂ ਤੋਂ ਯੂਐਨਓ ਦੇ ਅਧਿਐਨ ਦੀ ਇਸ ਰਿਪੋਰਟ ਦਾ ਬੜਾ ਚਰਚਾ ਰਿਹਾ ਹੈ ਕਿ ਅਗਲੇ ਕੁਝ ਦਹਾਕਿਆਂ ਤਕ ਪੰਜਾਬੀ ਭਾਸ਼ਾ ਦੀ ਹੋਂਦ ਖਤਰੇ 'ਚ ਆ ਜਾਵੇਗੀ ।ਰਾਜਸੀ ਆਗੂਆਂ ,ਵਿਦਵਾਨਾਂ ਨੇ ਜਿੱਥੇ ਇਸ 'ਤੇ ਚਿੰਤਾਂ ਜਤਾਈ ਉੱਥੇ ਹੀ ਪੱਕਾ ਇਰਾਦਾ ਵੀ ਜਤਾਇਆ ਕਿ ਅਜਿਹੀ ਅਣਹੋਣੀ ਨਹੀਂ ਹੋਣ ਦਿੱਤੀ ਜਾਵੇਗੀ, ਸੰਸਾਰ ਦੀ ਇਹ ਮਹਾਨ ਵਿਰਾਸਤੀ ਭਾਸ਼ਾ ਇਸ ਤਰ੍ਹਾਂ ਹੀ ਖਤਮ ਨਹੀਂ ਹੋ ਸਕਦੀ ਅਤੇ ਗੱਲ ਆਈ ਗਈ ਹੋ ਗਈ । ਉਪਰੋਕਤ ਅਨੁਸਾਰ ਸ਼ਬਦਾਂ ਦੇ ਖਾਤਮੇ ਦੀ ਚੱਲ ਰਹੀ ਇਹ ਅਦਿੱਖ ਪਰ ਪ੍ਰਤੱਖ ਪ੍ਰਕਿਰਿਆ ਮੰਗ ਕਰਦੀ ਹੈ ਕਿ ਜੇ ਪੰਜਾਬੀ ਬੋਲੀ ਦੀ ਹੋਂਦ ਨੂੰ ਬਚਾਉਣਾ ਹੈ, ਸ਼ਾਨ ਬਰਕਰਾਰ ਰੱਖਣੀ ਹੈ ਤਾਂ ਇਸ ਵਿਸ਼ੇ ਨੂੰ ਵੀ ਆਮ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ । ਨੌਜਵਾਨ ਪੀੜ੍ਹੀ ਨੂੰ ਮਾਤ ਭਾਸ਼ਾ ਦੀ ਮਹਾਨਤਾ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਤੇ ਲੋੜ ਹੈ ਸਿਰਫ ਰਾਜਸੀ ਆਗੂ ,ਲੇਖਕ ਜਾਂ ਕਲਾਕਾਰ ਹੀ ਨਹੀਂ ਸਗੋਂ ਆਮ ਲੋਕ ਵੀ ਭਾਸaਾ ਦੇ ਮੁੱਦੇ ਤੇ ਇਸ ਨਾਲ ਜੁੜਣ ,ਸੁਹਿਰਦਤਾ ਨਾਲ ਸੋਚਣ । ਦਰਅਸਲ ਅੱਜ ਲੋੜ ਹੈ ਦਵਿੰਦਰ ਸਤਿਆਰਥੀ ,ਸ਼ਿਵ ਬਟਾਲਵੀ ਅਤੇ ਗਾਰਗੀ ਵਰਗੇ ਹਜ਼ਾਰਾਂ ਲੋਕਾਂ ਦੀ ,ਜਿੰਨਾਂ ਨੇ ਸਮੇਂ ਦੀਆਂ ਗਰਤਾਂ 'ਚ ਮੁਰਛਿਤ ਪਏ ਸ਼ਬਦਾਂ ਨੂੰ ਹਲੂਣਿਆ, ਝੰਜੋੜ੍ਹਿਆ ਤੇ ਉਂਗਲ ਲਾ ਕੇ ਨਾਲ ਤੋਰਿਆ।
ਪੰਜਾਬੀਆਂ ਦੀ ਸ਼ਾਨ ਉੱਚੀ ਹੈ ਤਾਂ ਇਨ੍ਹਾਂ ਦੇ ਪੰਜਾਬੀ ਡੀਐਨਏ ਕਰਕੇ ,ਇਸ ਮਿੱਟੀ ਕਰਕੇ ,ਇਨ੍ਹਾਂ ਦੇ ਪੰਜ ਦਰਿਆਵਾਂ ਦੇ ਪਾਣੀ ਕਾਰਨ , ਆਪਣੀ ਵਿਰਾਸਤ ਅਤੇ ਬੋਲੀ ਕਾਰਨ ਤੇ ਉੱਚੀ ਸ਼ਾਨ ਵਾਲੇ ਪੰਜਾਬੀਆਂ ਨੂੰ ਨਹੀਂ ਸੋਚਣਾ ਚਾਹੀਦਾ ਕਿ ਸ਼ਾਨ ਬਖਸ਼ਣ ਵਾਲੀ ਪੰਜਾਬੀ ਮਾਂ ਬੋਲੀ ਦੇ ਸ਼ਬਦ ਵੀ ਜਿੰਦਾ ਰਹਿਣ ਉਹ ਵੀ ਸ਼ਾਨ ਨਾਲ, ਸਤਿਕਾਰ ਨਾਲ ।
ਤਰਸੇਮ ਬਸ਼ਰ
ਮੈਂ ਉਰਦੂ ਕਿਵੇਂ ਸਿੱਖੀ ਸੀ?
NEXT STORY