1969-72 ਦੌਰਾਨ ਮੈਂ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਬੀਐੱਸਸੀ (ਨਾਨ-ਮੈਡੀਕਲ) ਕਰਦਾ ਸੀ। ਰੋਜ਼ਾਨਾ ਕੋਟ ਕਪੂਰੇ ਤੋਂ ਗੱਡੀ ਤੇ ਆਉਣ-ਜਾਣ ਕਰਦਾ ਸੀ ਕਿਉਂਕਿ ਇਹੋ ਸਸਤਾ ਸੀ। ਤਿੰਨ ਮਹੀਨਿਆਂ ਦਾ ਪਾਸ ਨੌਂ ਰੁਪਏ ਦਾ ਬਣ ਜਾਂਦਾ ਸੀ। ਸਵੇਰ ਦੀ ਗੱਡੀ ਦਿੱਲੀ ਤੋਂ ਆਉਣ ਕਰਕੇ ਆਮਤੌਰ ਤੇ ਲੇਟ ਹੀ ਆਉਂਦੀ ਸੀ। ਦਿਮਾਗ ਤੇ ਫਿਲਮਾਂ ਦਾ ਜਨੂੰਨ ਸਵਾਰ ਸੀ। ਸਟੇਸ਼ਨ 'ਤੇ ਅਤੇ ਗੱਡੀ 'ਚ ਬਜ਼ੁਰਗਾਂ ਕੋਲ ਆਮ ਤੌਰ ਤੇ ਉਰਦੂ ਦਾ ਅਖਬਾਰ 'ਹਿੰਦ ਸਮਾਚਾਰ' ਹੁੰਦਾ ਸੀ। ਇਸ 'ਚ ਇਕ ਸਫੇ ਤੇ ਫਿਲਮਾਂ ਦੇ ਇਸ਼ਤਿਹਾਰ ਹੁੰਦੇ ਸਨ, ਜਿਸ ਦੇ ਨਾਲ ਹੀਰੋ-ਹੀਰੋਇਨ ਦੀ ਤਸਵੀਰ ਵੀ ਹੁੰਦੀ ਸੀ। ਫਿਲਮੀ ਤਸਵੀਰਾਂ ਵੇਖਣ ਲਈ ਮੈਂ ਕਿਸੇ ਤੋਂ ਅਖਬਾਰ ਫੜ੍ਹ ਲੈਂਦਾ ਅਤੇ ਐਕਟਰ ਵੇਖ ਕੇ ਫਿਲਮ ਵੀ ਪਛਾਣ ਲੈਂਦਾ। ਹੋਲੇ-ਹੋਲੇ ਉਰਦੂ ਅੱਖਰਾਂ ਦਾ ਅਤੇ ਨਾਂ ਦਾ ਤਾਲਮੇਲ ਬਿਠਾਉਂਦਾ, ਨਾਂ ਪਤਾ ਲਗਦਾ ਤਾਂ ਬਜ਼ੁਰਗ ਨੂੰ ਪੁੱਛ ਲੈਂਦਾ। ਛੇ ਅੱਖਰਾਂ ਬਾਰੇ ਇਕ ਦੋਸਤ ਨੇ ਦੱਸ ਦਿੱਤਾ ਕਿ ਜੇਕਰ ਉੱਪਰ ਇਕ ਨੁਕਤਾ ਹੋਵੇ ਤਾਂ ਇਹ 'ਨ' ਹੁੰਦਾ ਐ, ਦੋ ਨੁਕਤੇ ਹੋਣ ਤਾਂ 'ਤ', ਤਿੰਨ ਨੁਕਤੇ ਹੋਣ ਤਾਂ 'ਸ'; ਹੇਠਾਂ ਇਕ ਨੁਕਤਾ ਹੋਵੇ ਤਾਂ 'ਬ' ਹੁੰਦਾ ਐ, ਦੋ ਹੋਣ ਤਾਂ 'ਯ', ਤਿੰਨ ਹੋਣ ਤਾਂ 'ਪ'। ਇੰਜ ਹੀ ਹੋਲੇ-ਹੋਲੇ ਬਾਕੀ ਅੱਖਰਾਂ ਦਾ ਵੀ ਪਤਾ ਲੱਗ ਗਿਆ।
ਸ਼ਾਇਰੀ ਸੁਣਨ ਦਾ ਸ਼ੌਕ ਹੋਣ ਕਾਰਨ ਅਨੇਕਾਂ ਅਰਬੀ-ਫਾਰਸੀ ਦੇ ਸ਼ਬਦਾਂ ਦਾ ਪਤਾ ਹੀ ਸੀ। ਉਦੋਂ ਖੇਡ-ਖੇਡ 'ਚ ਸਿੱਖੀ ਉਰਦੂ ਬਾਕੀ ਜ਼ਿੰਦਗੀ 'ਚ ਬਹੁਤ ਕੰਮ ਆਈ। ਇਤਫਾਕ ਨਾਲ ਮੇਰੀ ਸਾਰੀ ਖੋਜ ਦਾ ਖੇਤਰ ਹੀ ਮੁਸਲਿਮ ਇਤਿਹਾਸ ਹੋ ਗਿਆ ਤਾਂ ਕੁਝ ਕੰਮ ਚਲਾਉਣ ਜੋਗੀ ਫਾਰਸੀ ਸਿੱਖਣੀ ਵੀ ਜ਼ਰੂਰੀ ਸੀ। ਉਰਦੂ ਆਉਂਦੀ ਹੋਣ ਕਰਕੇ ਫਾਰਸੀ ਦੀ ਸਮਝ ਛੇਤੀ ਆ ਗਈ ਕਿਉਂਕਿ ਇਸ ਦੇ ਬਹੁਤੇ ਸ਼ਬਦ ਮੈਂ ਉਰਦੂ 'ਚ ਪਹਿਲੇ ਹੀ ਪੜ੍ਹ ਚੁੱਕਾ ਸੀ। ਮੇਰਾ ਜਾਤੀ ਤਜ਼ਰਬਾ ਇਹੋ ਕਹਿੰਦਾ ਹੈ ਕਿ ਜ਼ਿੰਦਗੀ 'ਚ ਕੁਝ ਵੀ ਸਿੱਖਿਆ ਕਦੇ ਜਾਇਆ ਨਹੀਂ ਜਾਂਦਾ। ਹਰੇਕ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਭਾਸ਼ਾਵਾਂ ਨਾ ਮੁਸਲਮਾਨ ਹੁੰਦੀਆਂ ਹਨ, ਨਾ ਹਿੰਦੂ ਅਤੇ ਨਾ ਹੀ ਸਿੱਖ। ਦੁਨੀਆ ਦੀ ਹਰ ਭਾਸ਼ਾ, ਹਰ ਤਰਾਂ ਦਾ ਗਿਆਨ ਤੁਹਾਡੇ ਲਈ ਹੀ ਹੈ।
- ਪ੍ਰੋ. ਸੁਭਾਸ਼ ਪਰਿਹਾਰ
ਜਦੋਂ ਪੁਲਸ ਨੇ ਮੈਨੂੰ ਰਾਜਪੁਰਾ ਦੇ ਬੱਸ ਅੱਡੇ 'ਤੇ ਦਬੋਚ ਲਿਆ...
NEXT STORY