ਬਟਾਲਾ/ਅਲੀਵਾਲ, (ਬੇਰੀ/ਸ਼ਰਮਾ)- ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਵੱਲੋਂ ਘਰ ਵਿਚ ਦਾਖਲ ਹੋ ਕੇ ਨਕਦੀ ਅਤੇ ਗਹਿਣੇ ਚੋਰੀ ਕਰਨ ਵਾਲੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।
ਐੱਸ. ਐੱਚ. ਓ. ਪਰਮਜੀਤ ਸਿੰਘ ਅਤੇ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਸੂਬੇਦਾਰ ਤਰਲੋਕ ਸਿੰਘ ਪੁੱਤਰ ਸਵਿੰਦਰ ਸਿੰਘ ਦੀ ਪਤਨੀ ਪ੍ਰਕਾਸ਼ ਕੌਰ ਨੇ ਦੱਸਿਆ ਸੀ ਕਿ ਪਿਛਲੇ ਦਿਨੀਂ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਜਲੰਧਰ ਵਿਖੇ ਆਪਣੀ ਭਤੀਜੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਗਏ ਹੋਏ ਸਨ ਅਤੇ ਜਦੋਂ ਦੁਪਹਿਰ 1 ਵਜੇ ਦੇ ਕਰੀਬ ਵਾਪਸ ਆਏ ਤਾਂ ਦੇਖਿਆ ਕਿ ਰਸੋਈ ਦੀ ਖਿੜਕੀ ਟੁੱਟੀ ਹੋਈ ਸੀ ਅਤੇ ਅੰਦਰ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਅਲਮਾਰੀ ਤੇ ਸੰਦੂਕਾਂ ਦੇ ਤਾਲੇ ਟੁੱਟੇ ਹੋਏ ਸਨ, ਜਦੋਂ ਸਾਮਾਨ ਦੀ ਜਾਂਚ ਕੀਤੀ ਤਾਂ ਲੱਖਾਂ ਦੀ ਕੀਮਤ ਦੇ 4 ਕੜੇ, ਵੱਡੀ ਚੂੜੀ, 2 ਸੈੱਟ, 8 ਸ਼ਾਪਾਂ ਅਤੇ 15 ਹਜ਼ਾਰ ਨਕਦੀ ਚੋਰਾਂ ਵਲੋਂ ਚੋਰੀ ਕਰ ਲਈ ਗਈ ਸੀ। ਐੱਸ. ਐੱਚ. ਓ. ਪਰਮਜੀਤ ਸਿੰਘ ਤੇ ਏ. ਐੱਸ. ਆਈ. ਕੁਲਵਿੰਦਰ ਨੇ ਅੱਗੇ ਦੱਸਿਆ ਕਿ ਪ੍ਰਕਾਸ਼ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਘਣੀਏ ਕੇ ਬਾਂਗਰ ਵਿਖੇ ਕੇਸ ਦਰਜ ਕਰਨ ਤੋਂ ਬਾਅਦ ਚੋਰਾਂ ਦੀ ਤਲਾਸ਼ ਕਰਨੀ ਆਰੰਭ ਕਰ ਦਿੱਤੀ ਸੀ, ਜਿਨ੍ਹਾਂ ਨੂੰ ਟੀ-ਪੁਆਇੰਟ ਬਾਈਪਾਸ ਬਟਾਲਾ ਰੋਡ ਤੋਂ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਕੀਤਾ ਗਿਆ ਸਾਢੇ 5 ਗ੍ਰਾਮ ਤੇ ਸਾਢੇ 6 ਮਿਲੀਗ੍ਰਾਮ ਸੋਨਾ ਅਤੇ ਨਕਦੀ ਬਰਾਮਦ ਕਰ ਲਈ ਗਈ ਹੈ।
ਐੱਸ. ਐੱਚ. ਓ. ਨੇ ਅੱਗੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਪਛਾਣ ਤਰਸੇਮ ਮਸੀਹ ਪੁੱਤਰ ਬਲਜੀਤ ਸਿੰਘ ਅਤੇ ਨਰਿੰਦਰ ਪਾਲ ਉਰਫ ਬੱਗਾ ਪੁੱਤਰ ਦਰਸ਼ਨ ਲਾਲ ਦੋਵੇਂ ਵਾਸੀ ਕਾਸ਼ਤੀਵਾਲ ਵਜੋਂ ਹੋਈ ਹੈ ਅਤੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜਨ 'ਤੇ ਸਰਕਾਰ ਇੰਝ ਰੱਖੇਗੀ ਨਜ਼ਰ
NEXT STORY